ਧੁੰਦ ਦਾ ਕਹਿਰ: ਐੱਨ.ਐੱਚ. 7 ’ਤੇ ਵਾਪਰੇ ਤਿੰਨ ਸੜਕ ਹਾਦਸਿਆਂ ’ਚ ਇੱਕ ਦੀ ਮੌਤ

12/31/2020 12:23:27 PM

ਭਵਾਨੀਗੜ੍ਹ (ਵਿਕਾਸ): ਸੰਘਣੀ ਧੁੰਦ ਕਾਰਨ ਵੀਰਵਾਰ ਸਵੇਰੇ ਸ਼ਹਿਰ ਨੇੜੇ ਬਠਿੰਡਾ- ਚੰਡੀਗੜ੍ਹ ਕੌਮੀ ਸ਼ਾਹ ਮਾਰਗ ’ਤੇ ਵਾਪਰੇ ਵੱਖ-ਵੱਖ ਥਾਈਂ ਤਿੰਨ ਭਿਆਨਕ ਸੜਕ ਹਾਦਸਿਆਂ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਇੱਥੇ ਸ਼ਕਤੀਮਾਨ ਹੋਟਲ ਨੇੜੇ ਵਾਪਰੇ ਸੜਕ ਹਾਦਸੇ ਸਬੰਧੀ ਹਾਈਵੇ ਪੈਟਰੋਲਿੰਗ ਦੇ ਅਧਿਕਾਰੀ ਭੋਲਾ ਖਾਨ ਨੇ ਦੱਸਿਆ ਕਿ ਸੰਗਰੂਰ ਵਲੋਂ ਆ ਰਿਹਾ ਸਕਰੈਪ ਦਾ ਭਰਿਆ ਇੱਕ ਟਰੱਕ ਸੰਘਣੀ ਧੁੰਦ ਹੋਣ ਕਾਰਨ ਅੱਗੇ ਜਾ ਰਹੇ ਤੇਲ ਵਾਲੇ ਟੈਂਕਰ ਵਿਚ ਜ਼ੋਰਦਾਰ ਤਰੀਕੇ ਨਾਲ ਜਾ ਲੱਗਿਆ, ਜਿਸ ਦੌਰਾਨ ਟਰੱਕ ਦੀ ਕੰਡਕਟਰ ਸਾਈਡ ਬਿਲਕੁੱਲ ਖ਼ਤਮ ਹੋ ਗਈ ਅਤੇ ਟਰੱਕ ਦਾ ਕੰਡਕਟਰ ਟਰੱਕ ’ਚ ਹੀ ਬੁਰੀ ਤਰ੍ਹਾਂ ਫਸ ਗਿਆ ਜਿਸ ਨੂੰ ਸਖ਼ਤ ਮੁਸ਼ਕਤ ਦੇ ਬਾਅਦ ਬਾਹਰ ਕੱਢਿਆ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।

ਇਸ ਤੋਂ ਇਲਾਵਾ ਨਾਭਾ-ਸਮਾਣਾ ਕੈਂਚੀਆਂ ਵਿਖੇ ਪੁੱਲ ’ਤੇ ਧੁੰਦ ਕਾਰਣ ਟਰੱਕ ਦਾ ਚਾਲਕ ਜਿਸ ’ਚ ਗੱਤਾ ਭਰਿਆ ਹੋਇਆ ਸੀ ਗੱਡੀ ਤੋਂ ਆਪਣਾ ਸੰਤੁਲਨ ਖੋਹ ਬੈਠਾ ਤੇ ਟਰੱਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਕੇ ਸੜਕ ਵਿਚਕਾਰ ਹੀ ਪਲਟ ਗਿਆ ਹਾਲਾਂਕਿ ਹਾਦਸੇ ’ਚ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਹਿ ਗਿਆ। ਇਸੇ ਤਰ੍ਹਾਂ ਵਾਪਰੇ ਤੀਜੇ ਹਾਦਸੇ ’ਚ ਪਟਿਆਲਾ ਤੋਂ ਸੰਗਰੂਰ ਨੂੰ ਜਾਂਦੇ ਹੋਏ ਇਕ ਬਲੈਰੋ ਪਿਕਅੱਪ ਗੱਡੀ ਦੀ ਟਰੱਕ ਦੇ ਨਾਲ ਟੱਕਰ ਹੋ ਗਈ, ਚਾਲਕ ਗੰਭੀਰ ਰੂਪ ’ਚ ਜਖ਼ਮੀ ਹੋ ਗਿਆ। ਪੁਲਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਆਰੰਭ ਕਰ ਦਿੱਤੀ। ਓਧਰ ਐੱਸ.ਐੱਚ.ਓ. ਥਾਣਾ ਭਵਾਨੀਗੜ੍ਹ ਗੁਰਦੀਪ ਸਿੰਘ ਸੰਧੂ ਨੇ ਪੈ ਰਹੀ ਸੰਘਣੀ ਧੁੰਦ ਦੇ ਮੱਦੇਨਜ਼ਰ ਵਾਹਨ ਚਾਲਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਮੌਸਮ ਬਦਲਣ ਕਾਰਨ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ। ਇਸ ਕਰਕੇ ਜ਼ਿਆਦਾ ਜ਼ਰੂਰਤ ਪੈਣ ’ਤੇ ਹੀ ਘਰ ਤੋਂ ਬਾਹਰ ਨਿਕਲਿਆ ਜਾਵੇ ਤਾਂ ਜੋ ਦੁਰਘਟਨਾਵਾਂ ਤੋਂ ਬਚਿਆ ਜਾ ਸਕੇ।

Shyna

This news is Content Editor Shyna