ਨਾ ਬਿਜਲੀ, ਨਾ ਪਾਣੀ, ਨਾ ਸੌਣ ਲਈ ਥਾਂ, ਦੇਖੋ ਕਿੰਝ ਜ਼ਿੰਦਗੀ ਕੱਟ ਰਹੇ ਨੇ ਹੜ੍ਹ ਪੀੜਤ (ਤਸਵੀਰਾਂ)

08/22/2019 7:14:57 PM

ਰੂਪਨਗਰ ( ਸੱਜਣ ਸੈਣੀ)— ਜ਼ਿਲਾ ਰੂਪਨਗਰ ਦੇ ਨਾਲ ਲਗਦੇ ਇਲਾਕਿਆਂ 'ਚ ਆਏ ਹੜ੍ਹਾਂ ਨੇ ਸਭ ਤੋਂ ਵੱਧ ਨੁਕਸਾਨ ਪਿੰਡ ਫੂਲ ਖੁਰਦ, ਰਣਜੀਤ ਪੂਰਾ ਅਤੇ ਪਿੰਡ ਫੰਦੀ ਦੇ ਲੋਕਾਂ ਦਾ ਹੋਇਆ ਹੈ। ਦੱਸਣਯੋਗ ਹੈ ਕਿ ਹੜ੍ਹ 18 ਅਗਸਤ ਨੂੰ ਆਏ ਸੀ ਪਰ ਇਸ ਦੇ ਬਾਅਦ ਦੋ ਦਿਨਾਂ ਤੱਕ ਇਨ੍ਹਾਂ ਪਿੰਡਾਂ 'ਚ 6 ਤੋਂ ਸੱਤ ਫੁੱਟ ਪਾਣੀ ਚੜ੍ਹਿਆ ਰਿਹਾ।

ਜਿਸ ਕਰਕੇ ਲੋਕਾਂ ਦੇ ਘਰਾਂ 'ਚ ਪਿਆ ਸਾਰੇ ਦਾ ਸਾਰਾ ਸਾਮਾਨ, ਦਾਣਾ ਪਾਣੀ ਪੂਰੀ ਤਰ੍ਹਾਂ ਤਬਾਹ ਹੋ ਗਿਆ। ਇਸੇ ਤਰ੍ਹਾਂ ਆਈ. ਆਈ. ਟੀ. ਰੂਪਨਗਰ ਰੋਡ 'ਤੇ ਸਥਿਤ 285 ਝੁਗੀਆਂ 'ਚ ਰਹਿੰਦੇ ਪਰਿਵਾਰਾਂ ਦੇ ਸਿਰ 'ਤੇ ਨਾ ਛੱਤ ਰਹੀ, ਨਾ ਰੋਟੀ ਅਤੇ ਨਾ ਕਪੜਾ। ਹੜ੍ਹ ਪੀੜਤ ਲੋਕਾਂ ਅਤੇ ਗੁਰੂ ਘਰਾਂ ਵੱਲੇਂ ਭੇਜੀ ਜਾ ਰਹੀ ਰਾਹਤ ਸਮੱਗਰੀ ਨਾਲ ਆਪਣਾ ਪੇਟ ਭਰਨ ਲਈ ਮਜਬੂਰ ਹਨ।

 

285 ਪਰਿਵਾਰ ਇਸ ਵੇਲੇ ਦਿਨ ਅਤੇ ਰਾਤਾਂ ਸੜਕ ਕੰਢੇ 'ਤੇ ਕੱਟਣ ਲਈ ਮਜਬੂਰ ਹੋਏ ਪਏ ਹਨ ਅਤੇ ਤਿੰਨ ਪਿੰਡਾਂ ਦੇ ਘਰਾਂ 'ਚ ਹੜ੍ਹਾਂ ਦੇ ਭਰੇ ਗਾਰੇ ਕਰਕੇ ਇਥੇ ਦੇ ਲੋਕ ਛੱਤਾਂ 'ਤੇ ਖੁੱਲ੍ਹੇ ਆਸਮਾਨ ਹੇਠ ਜ਼ਿੰਦਗੀ ਕੱਟ ਰਹੇ ਹਨ।  ਵੱਡੇ ਦੁੱਖ ਦੀ ਗੱਲ ਤਾਂ ਇਹ ਹੈ ਕਿ 18 ਤਰੀਕ ਹੜ੍ਹਾਂ ਦੇ ਦਿਨ ਤੋਂ ਹੀ ਇਨ੍ਹਾਂ ਪਿੰਡਾਂ 'ਚ ਨਾ ਬਿਜਲੀ ਹੈ ਨਾ ਪੀਣ ਲਈ ਪਾਣੀ, ਜਿਸ ਕਰਕੇ ਇਨ੍ਹਾਂ ਦੀਆਂ ਮੁਸ਼ਕਿਲਾਂ ਜ਼ਿਆਦਾ ਵਧੀਆਂ ਹੋਈਆਂ ਹਨ। 


ਉਥੇ ਹੀ ਰੂਪਨਗਰ ਦੇ ਐੱਸ.ਡੀ.ਐੱਮ. ਹਰਜੋਤ ਕੌਰ ਨੇ ਦੱਸਿਆ ਕਿ ਪ੍ਰਸ਼ਾਸ਼ਨ ਵੱਲੋਂ ਲੋਕਾਂ ਦੀ ਮਦਦ ਲਈ ਇਕ ਮੈਡੀਕਲ ਕੈਪ ਲਗਾਇਆ ਗਿਆ ਹੈ, ਜਿੱਥੇ ਜ਼ਰੂਰੀ ਦਵਾਈਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਅਤੇ ਲੋਕÎਾਂ ਨੂੰ ਕੱਪੜੇ ਵੀ ਵੰਡੇ ਜਾ ਰਹੇ ਹਨ। ਇਸ ਦੇ ਨਾਲ ਹੀ ਰਾਸ਼ਨ ਦੇ ਬਣਾਏ ਪੈਕਟ ਵੀ ਲੋਕਾਂ ਨੂੰ ਵੰਡੇ ਜਾ ਰਹੇ ਹਨ।


ਪੰਜਾਬ 'ਚ ਹੜ੍ਹਾਂ•ਨੇ ਬੇਹਾਲ ਕੀਤੇ ਲੋਕਾਂ ਦੀ ਜ਼ਿੰਦਗੀ ਨੂੰ ਹਾਲੇ ਪਟੜੀ 'ਤੇ ਆਉਣ ਲਈ ਕਿੰਨੇ ਦਿਨ ਲੱਗਣਗੇ ਇਹ ਤਾਂ ਹੜ੍ਹ ਪੀੜਤ ਹੀ ਦੱਸ ਸਕਦੇ ਹਨ ਪਰ  ਹੜ੍ਹਾਂ ਦੀ ਤਬਾਹੀ ਦਾ ਸੰਤਾਪ ਹੰਢਾ ਰਹੇ ਇਨ੍ਹਾਂ ਲੋਕਾਂ ਦੀਆਂ ਨਜ਼ਰਾਂ ਹੁਣ ਪੰਜਾਬ ਸਰਕਾਰ ਵੱਲੋਂ ਕੀਤੀ ਜਾਣ ਵਾਲੀ ਮਦਦ 'ਤੇ ਟਿਕਾਂ ਹਨ। ਇਸ ਲਈ ਸੂਬਾ ਸਰਕਾਰ ਨੂੰ ਚਾਹਿੰਦਾ ਹੈ ਕਿ ਜਲਦ ਤੋਂ ਜਲਦ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਪੀੜਤ ਲੋਕਾਂ ਨੂੰ ਬਣਦਾ ਮੁਆਵਜ਼ਾ ਦੇਵੇ ਤਾਂ ਜੋ ਇਨ੍ਹਾਂ ਹੜ੍ਹ ਪੀੜਤਾਂ ਦੀ ਜ਼ਿੰਦਗੀ ਦੀ ਰੇਲ ਮੁੜ•ਤੋਂ ਪਟੜੀ 'ਤੇ ਦੋੜ ਸਕੇ।

shivani attri

This news is Content Editor shivani attri