ਹੜ੍ਹ ਪੀੜਤਾਂ ਦੀ ਖਾਲਸਾ ਕੇਅਰ ਨੇ ਫੜ੍ਹੀ ਬਾਂਹ, ਪੂੰਝੇ ਹੰਝੂ ਤੇ ਲਗਾਏ ਲੰਗਰ (ਵੀਡੀਓ)

08/21/2019 3:01:28 PM

ਫਿਲੌਰ/ਜਲੰਧਰ— ਪੰਜਾਬ 'ਚ ਬੀਤੇ ਤਿੰਨ ਦਿਨਾਂ ਤੋਂ ਹੜ੍ਹ ਨੇ ਹਾਹਾਕਾਰ ਮਚਾਈ ਹੋਈ ਹੈ। ਹੜ੍ਹਾਂ ਦੀ ਮਾਰ ਝੱਲ ਰਹੇ ਪਿੰਡਾਂ 'ਚ ਕਈ ਲੋਕ ਘਰਾਂ ਨੂੰ ਛੱਡਣ ਦੇ ਲਈ ਮਜਬੂਰ ਹੋ ਚੁੱਕੇ ਹਨ। ਇਸ ਦਰਮਿਆਨ ਜਿੱਥੇ ਬਰਬਾਦੀ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਉੱਥੇ ਹੀ ਦੁੱਖ ਦੀ ਇਸ ਘੜੀ 'ਚ ਏਕਤਾ ਦੀਆਂ ਮਿਸਾਲਾਂ ਵੀ ਦੇਖਣ ਨੂੰ ਮਿਲ ਰਹੀਆਂ ਹਨ।

ਅਜਿਹੀ ਹੀ ਮਿਸਾਲ ਦੀ ਤਸਵੀਰ ਫਿਲੌਰ ਜ਼ਿਲੇ ਦੇ ਪਿੰਡ ਨਵਾਂ ਖਹਿਰਾ ਵਿਖੇ ਦੇਖਣ ਨੂੰ ਮਿਲੀ, ਜਿੱਥੇ ਖਾਲਸਾ ਕੇਅਰ ਦੀ ਟੀਮ ਨੇ ਪਹੁੰਚ ਕੇ ਲੋਕਾਂ ਲਈ ਲੰਗਰ ਲਗਾ ਦਿੱਤੇ। ਦੱਸ ਦੇਈਏ ਕਿ ਇਥੇ ਅਜੇ ਤੱਕ ਪ੍ਰਸ਼ਾਸਨ ਨਹੀਂ ਪਹੁੰਚ ਸਕਿਆ ਹੈ। ਦੱਸ ਦੇਈਏ ਕਿ ਖਾਲਸਾ ਕੇਅਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਹੈ, ਜੋ ਮੁਸੀਬਤ ਦੇ ਵੇਲੇ ਮਾਰਿਆਂ ਦੀ ਮਦਦ ਲਈ ਤੱਤਪਰ ਰਹਿੰਦੀ ਹੈ। 

ਹੜ੍ਹ ਦੇ ਕਾਰਨ ਫਿਲੌਰ ਦੇ ਪਿੰਡ ਨਵਾਂ ਖਹਿਰਾ 'ਚ ਕਰੀਬ 200 ਫੁੱਟ ਦਾ ਪਾੜ ਪੈ ਚੁੱਕਾ ਹੈ। ਪਿੰਡ ਪੂਰਤਰ੍ਹਾਂ ਪਾਣੀ 'ਚ ਡੁੱਬ ਚੁੱਕਾ ਹੈ ਅਤੇ ਕਿਸਾਨਾਂ ਦੀ ਫਸਲਾਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਪੰਜਾਬ 'ਚ ਹੜ੍ਹ ਭਾਵੇਂ ਸਭ ਕੁਝ ਵਹਾ ਕੇ ਲੈ ਗਿਆ ਹੈ ਪਰ ਜੇ ਕੁਝ ਬਾਕੀ ਹੈ ਤਾਂ ਉਹ ਹੈ ਪੰਜਾਬੀਆਂ ਦਾ ਸੇਵਾ ਭਾਵਨਾ ਵਾਲਾ ਜਜ਼ਬਾ। ਜਦੋਂ ਤੱਕ ਖਾਲਸਾ ਕੇਅਰ, ਖਾਲਸਾ ਏਡ ਅਤੇ ਹੋਰ ਸੰਸਥਾਵਾਂ ਹਨ, ਉਦੋਂ ਤੱਕ ਪੰਜਾਬ ਨੂੰ ਤੱਤੀ ਵਾਅ ਨਹੀਂ ਲੱਗ ਸਕਦੀ। ਪੰਜਾਬੀ ਦੁੱਖਾਂ 'ਚ ਵੀ ਮਜ਼ਬੂਤੀ ਨਾਲ ਖੜ੍ਹੇ ਦਿਖਾਈ ਦਿੰਦੇ ਰਹਿਣਗੇ। ਅਜਿਹੀਆਂ ਸੰਸਥਾਵਾਂ ਨੂੰ ਸਾਡਾ ਸਲਾਮ ਹੈ।

shivani attri

This news is Content Editor shivani attri