ਹੜ੍ਹਾਂ ਵਰਗੀਆਂ ਆਫ਼ਤਾਂ ਦੇ ਮੁੱਦੇ ''ਤੇ ਵਿਸ਼ੇਸ਼ ਸੈਸ਼ਨ ਸੱਦੇ ਸਰਕਾਰ : ਹਰਪਾਲ ਚੀਮਾ

09/04/2019 12:39:11 AM

ਚੰਡੀਗੜ੍ਹ,(ਰਮਨਜੀਤ): ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਤੇ ਕਿਸਾਨ ਵਿੰਗ ਦੇ ਪ੍ਰਧਾਨ ਕੁਲਤਾਰ ਸਿੰਘ ਸੰਧਵਾਂ ਨੇ ਹੜ੍ਹਾਂ ਨਾਲ ਬਰਬਾਦ ਹੋਈਆਂ ਫ਼ਸਲਾਂ, ਨੁਕਸਾਨ ਗ੍ਰਸਤ ਹੋਈ ਮਸ਼ੀਨਰੀ ਤੇ ਘਰਾਂ ਲਈ ਮੁਆਵਜ਼ੇ ਤੇ ਭਵਿੱਖ 'ਚ ਬਚਾਅ ਕਾਰਜਾਂ 'ਤੇ ਗੰਭੀਰ ਵਿਚਾਰ-ਚਰਚਾ ਤੇ ਪੱਕੇ ਸਾਰਥਕ ਹੱਲ ਲਈ ਪੰਜਾਬ ਵਿਧਾਨ ਸਭਾ ਦਾ ਇਕ ਰੋਜ਼ਾ ਵਿਸ਼ੇਸ਼ ਇਜਲਾਸ ਸੱਦਣ ਦੀ ਮੰਗ ਕੀਤੀ ਹੈ। ਪਾਰਟੀ ਹੈਡ ਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਹਿਲਾਂ ਘੱਗਰ ਤੇ ਫੇਰ ਸਤਲੁਜ, ਬਿਆਸ ਤੇ ਰਾਵੀ ਦਰਿਆਵਾਂ ਸਮੇਤ ਵੱਖ-ਵੱਖ ਬਰਸਾਤੀ ਨਾਲਿਆਂ ਤੇ ਨਦੀਆਂ ਨੇ ਸੂਬੇ 'ਚ ਭਾਰੀ ਜਾਨੀ ਤੇ ਮਾਲੀ-ਨੁਕਸਾਨ ਕੀਤਾ ਹੈ ਤੇ ਸਰਕਾਰਾਂ ਦੀ ਨਾਕਾਮੀ ਦੀ ਪੋਲ-ਖੋਲ੍ਹੀ ਹੈ।
ਚੀਮਾ ਨੇ ਕਿਹਾ ਕਿ ਉਨ੍ਹਾਂ (ਚੀਮਾ) ਸਮੇਤ ਪਾਰਟੀ ਦੇ ਸੂਬਾ ਪ੍ਰਧਾਨ ਭਗਵੰਤ ਮਾਨ, ਕੋਰ ਕਮੇਟੀ ਚੇਅਰਮੈਨ ਪ੍ਰਿੰਸੀਪਲ ਬੁੱਧਰਾਮ, ਉਪ ਨੇਤਾ ਸਰਬਜੀਤ ਕੌਰ ਮਾਣੂੰਕੇ, ਸਾਬਕਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਤੇ ਮਾਲਵਾ ਜ਼ੋਨ ਪ੍ਰਧਾਨ ਗੁਰਦਿੱਤ ਸਿੰਘ ਸੇਖੋਂ ਤੇ ਦਲਬੀਰ ਸਿੰਘ ਢਿੱਲੋਂ ਤੇ ਹੋਰ ਵਿਧਾਇਕਾਂ ਤੇ ਆਗੂਆਂ ਨੇ ਘੱਗਰ, ਸਤਲੁਜ ਅਤੇ ਬਿਆਸ ਦਰਿਆ ਦੇ ਇਲਾਕਿਆਂ ਦੇ ਦੌਰਿਆਂ ਦੌਰਾਨ ਖ਼ਤਰਨਾਕ ਤਬਾਹੀ ਅੱਖੀਂ ਦੇਖੀ ਹੈ। ਪੀੜਤ ਲੋਕ ਤ੍ਰਾਹ-ਤ੍ਰਾਹ ਕਰ ਰਹੇ ਹਨ, ਜਿੰਨਾ ਨੂੰ ਤੁਰੰਤ ਮਾਲੀ ਮੱਦਦ ਦੀ ਜ਼ਰੂਰਤ ਹੈ, ਪਰੰਤੂ ਸਰਕਾਰ ਦੀ ਬੇਰੁਖ਼ੀ ਜਟਿਲ ਨਿਯਮਾਂ ਤੇ ਭ੍ਰਿਸ਼ਟਾਚਾਰ ਕਾਰਨ ਅਜਿਹੀ ਤਬਾਹੀ ਦੀ ਭਰਪਾਈ ਲਈ ਸਮੇਂ ਸਿਰ ਪੂਰੀ ਮੁਆਵਜ਼ਾ ਰਾਸ਼ੀ ਕਦੇ ਨਹੀਂ ਮਿਲਦੀ। ਚੀਮਾ ਨੇ ਦੱਸਿਆ ਕਿ ਇਸ ਅਹਿਮ ਮਸਲੇ 'ਤੇ ਗੱਲਬਾਤ ਲਈ ਪਾਰਟੀ ਨੇ ਮੁੱਖ ਮੰਤਰੀ ਤੋਂ ਸਮਾਂ ਮੰਗਿਆ ਹੈ।