''ਬੇਟੀ ਬਚਾਓ-ਬੇਟੀ ਪੜ੍ਹਾਓ'' ਸਕੀਮ ਤਹਿਤ ਹੋਈ ਪਹਿਲੀ ਜ਼ੋਨਲ ਮਹਿਲਾ ਪੁਲਸ ਕਾਨਫਰੰਸ

01/05/2018 7:14:34 AM

ਪਟਿਆਲਾ, (ਬਲਜਿੰਦਰ, ਰਾਣਾ)- ਪੰਜਾਬ ਪੁਲਸ ਵੱਲੋਂ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਸਮੇਤ ਪਟਿਆਲਾ ਜ਼ਿਲਾ ਪ੍ਰਸ਼ਾਸਨ ਦੇ ਸਹਿਯੋਗ ਨਾਲ 'ਬੇਟੀ ਬਚਾਓ-ਬੇਟੀ ਪੜ੍ਹਾਓ' ਸਕੀਮ ਤਹਿਤ 'ਪੁਲਸ ਵਿਚ ਮਹਿਲਾਵਾਂ ਦੀ ਭੂਮਿਕਾ ਅਤੇ ਸਮਾਜ 'ਚ ਵਿਵਹਾਰਕ ਤਬਦੀਲੀ' ਵਿਸ਼ੇ ਉੱਪਰ ਪਹਿਲੀ ਜ਼ੋਨਲ ਮਹਿਲਾ ਪੁਲਸ ਕਾਨਫਰੰਸ ਕਰਵਾਈ ਗਈ। ਆਈ. ਜੀ. ਪੀ. ਪੰਜਾਬ ਜ਼ੋਨਲ-1 ਪੰਜਾਬ ਏ. ਐੈੱਸ. ਗਮਕੇ ਅਤੇ ਡੀ. ਆਈ. ਜੀ. ਪਟਿਆਲਾ ਰੇਂਜ ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਕਰਵਾਈ ਇਸ ਕਾਨਫਰੰਸ ਦਾ ਉਦਘਾਟਨ ਡੀ. ਜੀ. ਪੀ. ਸੁਰੇਸ਼ ਅਰੋੜਾ ਨੇ ਕੀਤਾ। ਉਨ੍ਹਾਂ ਨਾਲ ਡੀ. ਜੀ. ਪੀ. ਐੈੱਚ. ਆਰ. ਡੀ. ਸਿਧਾਰਥ ਚਟੋਪਾਧਿਆ, ਆਈ. ਜੀ. ਪ੍ਰੋਵਿਜ਼ਨਿੰਗ ਸ਼੍ਰੀਮਤੀ ਗੁਰਪ੍ਰੀਤ ਕੌਰ ਦਿਓ ਤੇ ਆਈ. ਜੀ. ਪਟਿਆਲਾ ਜ਼ੋਨਲ ਏ. ਐੈੱਸ. ਰਾਏ ਸਮੇਤ ਹੋਰ ਉੱਚ ਪੁਲਸ ਅਧਿਕਾਰੀ ਮੌਜੂਦ ਸਨ। ਕਾਨਫਰੰਸ ਵਿਚ ਪੰਜਾਬ ਭਰ ਤੋਂ ਹਰੇਕ ਰੈਂਕ ਦੀਆਂ ਮਹਿਲਾ ਕਰਮਚਾਰੀ ਅਤੇ ਅਧਿਕਾਰੀ ਸ਼ਾਮਲ ਹੋਏ। ਇਸ ਵਿਚ ਮਹਿਲਾ ਕਰਮਚਾਰੀਆਂ ਦੇ ਕੰਮ ਕਰਨ ਵਾਲੀ ਜਗ੍ਹਾ 'ਤੇ ਲਿੰਗ ਸੰਵੇਦਨਸ਼ੀਲ ਵਾਤਾਵਰਣ ਅਤੇ ਬੁਨਿਆਦੀ ਢਾਂਚਾ ਕਾਇਮ ਕਰਨ 'ਤੇ ਜ਼ੋਰ ਦਿੱਤਾ ਗਿਆ।
   ਇਸ ਮੌਕੇ ਇੰਸਟੀਚਿਊਸ਼ਨ ਆਫ ਕੁਰੈਕਸ਼ਨਲ ਐਡਮਨਿਸਟ੍ਰੇਸ਼ਨ ਪੰਜਾਬ ਦੀ ਡਿਪਟੀ ਡਾਇਰੈਕਟਰ ਡਾ. ਉਪਨੀਤ ਲਾਲੀ ਨੇ ਮੁੱਖ ਭਾਸ਼ਣ ਦਿੱਤਾ। ਸਮਾਜਿਕ ਸੁਰੱਖਿਆ ਅਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ਼੍ਰੀਮਤੀ ਕਵਿਤਾ ਸਿੰਘ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ। ਕਾਨਫਰੰਸ ਦੀ ਸ਼ੁਰੂਆਤ ਕਰਦਿਆਂ ਆਈ. ਜੀ. ਪ੍ਰੋਵਿਜ਼ਨਿੰਗ ਸ਼੍ਰੀਮਤੀ ਗੁਰਪ੍ਰੀਤ ਦਿਓ ਨੇ ਸਵਾਗਤ ਕਰਦਿਆਂ ਕਿਹਾ ਕਿ ਸਾਡੇ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਪੁਲਸ ਵਿਚ ਭਰਤੀ ਹੋਈਆਂ ਮਹਿਲਾ ਕਰਮਚਾਰੀਆਂ ਨੂੰ ਵਿਭਾਗ 'ਚ ਆਉਣ ਵਾਲੀਆਂ ਸਮੱਸਿਆਵਾਂ ਵਿਚਾਰਨ ਅਤੇ ਉਨ੍ਹਾਂ ਦੇ ਹੱਲ ਲਈ ਡੀ. ਜੀ. ਪੀ. ਨੇ ਇਸ ਕਾਨਫਰੰਸ ਨੂੰ ਕਰਵਾਉਣ ਦਾ ਫੈਸਲਾ ਕੀਤਾ ਅਤੇ ਉਹ ਖ਼ੁਦ ਪੁੱਜੇ। ਸ਼੍ਰੀਮਤੀ ਦਿਓ ਨੇ ਆਪਣੇ ਵੱਲੋਂ ਮਹਿਲਾ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਹ ਵਿਸ਼ਵਾਸ ਦਿਵਾਇਆ ਕਿ ਥਾਣੇ, ਪੁਲਸ ਪੋਸਟਾਂ ਅਤੇ ਯੂਨਿਟਾਂ ਵਿਚ ਕੁੱਝ ਫ਼ੀਸਦੀ ਅਸਾਮੀਆਂ ਮਹਿਲਾ ਕਰਮਚਾਰੀਆਂ ਲਈ ਰਾਖਵੀਆਂ ਰੱਖੇ ਜਾਣ ਦੀ ਮੰਗ ਕੀਤੀ ਜਾਵੇਗੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਮਹਿਲਾ ਕਰਮਚਾਰਨਾਂ ਨੂੰ ਰਾਤ ਦੀ ਡਿਊਟੀ ਲਈ ਗੱਡੀ ਮੁਹੱਈਆ ਕਰਵਾਈ ਜਾਵੇਗੀ। ਇਨ੍ਹਾਂ ਦੀ ਸਿਖਲਾਈ ਸਬੰਧੀ ਵੀ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਇਸ ਕਾਨਫਰੰਸ 'ਚ ਹੋਈ ਚਰਚਾ ਨੂੰ ਚਾਰ ਭਾਗਾਂ 'ਪੁਲਸ ਵਿਚ ਔਰਤਾਂ ਨੂੰ ਪੁਲਸ ਦੀ ਮੁੱਖ ਧਾਰਾ ਵਿਚ ਸ਼ਾਮਲ ਕਰਨ ਸਬੰਧੀ ਤੇ ਦਰਪੇਸ਼ ਚੁਣੌਤੀਆਂ', 'ਕੰਮ ਕਰਨ ਵਾਲੀ ਥਾਂ 'ਤੇ ਲਿੰਗ ਸੰਵੇਦਨਸ਼ੀਲ ਵਾਤਾਵਰਣ ਅਤੇ ਬੁਨਿਆਦੀ ਢਾਂਚਾ ਕਾਇਮ ਕਰਨਾ', 'ਕੰਮ ਕਰਨ ਵਾਲੀ ਥਾਂ 'ਤੇ ਜਿਣਸੀ ਸ਼ੋਸ਼ਣ/ਪ੍ਰੇਸ਼ਾਨੀ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ' ਅਤੇ 'ਕੰਮ-ਕਾਜੀ ਜੀਵਨ ਵਿਚ ਸੰਤੁਲਨ' ਵਿਚ ਵੰਡ ਕੇ ਚਰਚਾ ਹੋਈ। ਡੀ. ਆਈ. ਜੀ. ਸੁਖਚੈਨ ਸਿੰਘ ਗਿੱਲ ਨੇ ਵਿਸ਼ਵਾਸ ਦਿਵਾਇਆ ਕਿ ਜੇਕਰ ਮਹਿਲਾ ਕਰਮਚਾਰੀ ਨੂੰ ਕਿਸੇ ਵੀ ਸਮੇਂ ਕੋਈ ਦਿੱਕਤ ਆਉਂਦੀ ਹੈ ਤਾਂ ਉਹ ਉਸੇ ਵੇਲੇ ਆਪਣੇ ਸੀਨੀਅਰ ਅਧਿਕਾਰੀ ਦੇ ਧਿਆਨ ਵਿਚ ਲਿਆਉਣ। ਜੇਕਰ ਫ਼ਿਰ ਵੀ ਮੁਸ਼ਕਲ ਹੱਲ ਨਾ ਹੋਵੇ ਤਾਂ ਉਨ੍ਹਾਂ ਨੂੰ ਦੱਸਿਆ ਜਾ ਸਕਦਾ ਹੈ।
ਇਸ ਚਰਚਾ ਮੌਕੇ ਡੀ. ਆਈ. ਜੀ. ਵੀ. ਕੇ. ਮੀਨਾ, ਡਿਪਟੀ ਕਮਿਸ਼ਨਰ ਕੁਮਾਰ ਅਮਿਤ, ਐੱਸ. ਐੱਸ. ਪੀ. ਫ਼ਤਿਹਗੜ੍ਹ ਸਾਹਿਬ ਸ਼੍ਰੀਮਤੀ ਅਲਕਾ ਮੀਨਾ, ਸਮਾਜਿਕ ਸੁਰੱਖਿਆ ਤੇ ਔਰਤਾਂ ਤੇ ਬੱਚਿਆਂ ਦੇ ਵਿਕਾਸ ਵਿਭਾਗ ਦੇ ਡਾਇਰੈਕਟਰ ਸ਼੍ਰੀਮਤੀ ਕਵਿਤਾ ਸਿੰਘ, ਏ. ਡੀ. ਸੀ. ਪੀ-2 ਜਲੰਧਰ ਡਾ. ਸੁਧਾਰਵਿਜੀ, ਐਡਵੋਕੇਟ ਨਿਖਿਲ ਸਰਫ਼, ਏ. ਆਈ. ਜੀ. ਸਨਮੀਤ ਕੌਰ ਤੇ ਐੱਸ. ਪੀ. ਸਥਾਨਕ ਪਟਿਆਲਾ ਕੰਵਰਦੀਪ ਕੌਰ ਨੇ ਹਿੱਸਾ ਲਿਆ। ਪਟਿਆਲਾ ਦੇ ਐੱਸ. ਐੱਸ. ਪੀ. ਡਾ. ਐੱਸ. ਭੂਪਤੀ ਨੇ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਏ. ਸੀ. ਪੀ. ਕ੍ਰਾਈਮ ਅਗੇਂਸਟ ਵੂਮੈਨ ਜਲੰਧਰ ਦੀਪਿਕਾ ਸਿੰਘ ਨੇ ਕੀਤਾ।