ਕਿਸਾਨ ਜਥੇਬੰਦੀਆਂ ਨੇ ਡੀ. ਸੀ. ਨੂੰ ਸੌਂਪਿਆ ਮੰਗ-ਪੱਤਰ

03/26/2019 4:30:36 AM

ਫਿਰੋਜ਼ਪੁਰ (ਭੁੱਲਰ, ਕੁਮਾਰ, ਮਲਹੋਤਰਾ, ਪਰਮਜੀਤ)–ਅੱਜ ਇਥੇ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਹੋਏ ਫੈਸਲੇ ਮੁਤਾਬਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਸੌਂਪਿਆ ਗਿਆ। ਮੰਗ-ਪੱਤਰ ਦੇਣ ਉਪਰੰਤ ਗੱਲਬਾਤ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਅਵਤਾਰ ਸਿੰਘ ਮਹਿਮਾ, ਬੀ. ਕੇ. ਯੂ. ਡਕੌਦਾ ਦੇ ਜ਼ਿਲਾ ਆਗੂ ਹਰਨੇਕ ਮਹਿਮਾ, ਬੀ. ਕੇ. ਯੂ. ਕ੍ਰਾਂਤੀਕਾਰੀ ਦੇ ਸੁਖਵਿੰਦਰ ਸਿੰਘ ਵਾਹਗੇ ਵਾਲਾ, ਬੀ. ਕੇ. ਯੂ. ਉਗਰਾਹਾਂ ਦੇ ਭਾਗ ਸਿੰਘ ਮਰਖਾਈ ਆਦਿ ਨੇ ਕਿਹਾ ਕਿ ਇਸ ਵਾਰੀ ਪੰਜਾਬ ਦੇ ਕਿਸਾਨਾਂ ਨੂੰ ਝੋਨਾ 1 ਜੂਨ ਤੋਂ ਲਾਉਣ ਤੋਂ ਨਾ ਰੋਕਿਆ ਜਾਵੇ, ਬਲਕਿ ਮਈ ਵਿਚ ਹੀ ਬਿਜਲੀ ਅਤੇ ਨਹਿਰੀ ਪਾਣੀ ਦਾ ਪ੍ਰਬੰਧ ਕਰ ਦਿੱਤਾ ਜਾਵੇ ਅਤੇ ਨਹਿਰੀ ਪਾਣੀ ਨੂੰ ਕਿਸਾਨਾਂ ਤੱਕ ਪਹੁੰਚਾਉਣ ਲਈ ਹੁਣ ਤੋਂ ਹੀ ਛੋਟੇ ਸੂਏ ਅਤੇ ਨਹਿਰਾਂ ਦੀ ਖਲਾਈ ਸ਼ੁਰੂ ਕਰ ਦਿੱਤੀ ਜਾਵੇ। ਮੌਸਮ ਠੰਡਾ ਹੋਣ ਕਾਰਨ ਝੋਨੇ ’ਚ ਨਮੀ ਦੀ ਮਾਤਰਾ 20 ਤੋਂ 25 ਫੀਸਦੀ ਤੱਕ ਰਹਿੰਦੀ ਹੈ, ਜਿਸ ਨਾਲ ਸ਼ੈਲਰ ਮਾਲਕ ਖਰੀਦ ਏਜੰਸੀਆਂ ਅਤੇ ਆਡ਼੍ਹਤੀਏ ਕਿਸਾਨਾਂ ਦੀ ਲੁੱਟ ਕਰਦੇ ਹਨ। ਆਗੂਆਂ ਨੇ ਕਿਹਾ ਕਿ ਜੇਕਰ 1 ਜੂਨ ਤੋਂ ਕਿਸਾਨਾਂ ਲਈ ਨਹਿਰੀ ਪਾਣੀ ਅਤੇ ਬਿਜਲੀ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸਰਕਾਰ ਨੂੰ ਕਿਸਾਨਾਂ ਦੇ ਤਿੱਖੇ ਰੋਹ ਦਾ ਸਾਹਮਣਾ ਕਰਨਾ ਪਵੇਗਾ ਅਤੇ ਮਈ ਦੇ ਪਹਿਲੇ ਹਫਤੇ ਪਟਿਆਲਾ ਵਿਖੇ ਮੋਰਚਾ ਲਾ ਕੇ ਸਰਕਾਰ ਨੂੰ ਘੇਰਿਆ ਜਾਵੇਗਾ। ਇਸ ਮੌਕੇ ਗੁਲਜ਼ਾਰ ਸਿੰਘ, ਸ਼ਮਸ਼ੇਰ ਸ਼ਹਿਜ਼ਾਦੀ, ਦਰਸ਼ਨ ਸਿੰਘ ਕਡ਼ਮਾ, ਸ਼ਿੰਦਰ ਸਿੰਘ, ਕੁਲਵੰਤ ਸਿੰਘ, ਕਰਨੈਲ ਸਿੰਘ ਆਦਿ ਹਾਜ਼ਰ ਸਨ।