ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਸਬੰਧੀ ਝਗੜਾ, ਚੱਲੀ ਗੋਲੀ

11/27/2021 12:55:50 PM

ਮੋਗਾ (ਆਜ਼ਾਦ) : ਇੱਥੇ ਕੈਂਪ ਭੀਮ ਨਗਰ ਵਿਚ ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ਨੂੰ ਲੈ ਕੇ ਦੋ ਧਿਰਾਂ ਵਿਚਕਾਰ ਹੋਏ ਲੜਾਈ-ਝਗੜੇ ਵਿਚ ਗੋਲੀ ਚੱਲਣ ਦਾ ਪਤਾ ਲੱਗਾ ਹੈ। ਇਸ ਝਗੜੇ ਵਿਚ ਸੋਨੂੰ ਨਾਂ ਦਾ ਮੁੰਡਾ ਕੁੱਟਮਾਰ ਕਰਨ ਨਾਲ ਜ਼ਖਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਮੋਗਾ ਦਾਖ਼ਲ ਕਰਵਾਇਆ ਗਿਆ। ਘਟਨਾ ਦੀ ਜਾਣਕਾਰੀ ਮਿਲਣ ’ਤੇ ਥਾਣਾ ਸਿਟੀ ਮੋਗਾ ਦੇ ਇੰਚਾਰਜ ਇੰਸਪੈਕਟਰ ਚੰਨਣ ਸਿੰਘ ਪੁਲਸ ਪਾਰਟੀ ਸਮੇਤ ਉਥੇ ਪੁੱਜੇ ਅਤੇ ਜਾਂਚ ਦੇ ਇਲਾਵਾ ਆਸ-ਪਾਸ ਦੇ ਲੋਕਾਂ ਤੋਂ ਪੁੱਛ-ਗਿੱਛ ਕੀਤੀ।

ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੋਨੂੰ ਬੱਠਲਾ ਅਤੇ ਅਸ਼ੋਕ ਕੁਮਾਰ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਵਿਵਾਦ ਚੱਲਦਾ ਆ ਰਿਹਾ ਸੀ। ਸਵੇਰੇ ਵੀ ਦੋਹਾਂ ਧਿਰਾਂ ਵਿਚਕਾਰ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਤਕਰਾਰ ਹੋਇਆ ਸੀ, ਇਸ ਵਿਵਾਦ ਨੂੰ ਲੈ ਕੇ ਸ਼ਾਮ ਨੂੰ ਫਿਰ ਝਗੜਾ ਹੋ ਗਿਆ। ਝਗੜਾ ਸੋਨੂੰ ਬੱਠਲਾ ਨੂੰ ਕੁੱਟਮਾਰ ਕਰ ਕੇ ਜ਼ਖਮੀ ਕਰ ਦਿੱਤਾ ਅਤੇ ਦੂਸਰੀ ਧਿਰ ਵੱਲੋਂ ਗੋਲੀ ਵੀ ਚਲਾਏ ਜਾਣ ਦਾ ਪਤਾ ਲੱਗਾ ਹੈ। ਥਾਣਾ ਮੁਖੀ ਨੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਜਸਵੰਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜ਼ਖਮੀ ਮੁੰਡੇ ਦੇ ਬਿਆਨਾਂ ’ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।
 

Babita

This news is Content Editor Babita