ਦਾਖਾ ''ਚ ਗੋਲੀ ਚੱਲਣ ਦੇ ਮਾਮਲੇ ''ਚ 2 ਦਰਜਨ ਕਾਂਗਰਸੀਆਂ ਖਿਲਾਫ ਮਾਮਲਾ ਦਰਜ

10/23/2019 12:11:20 AM

ਮੁੱਲਾਂਪੁਰ ਦਾਖਾ,(ਕਾਲੀਆ): ਪਿੰਡ ਜਾਂਗਪੁਰ ਵਿਖੇ ਵੋਟਾਂ ਦੌਰਾਨ ਧੱਕੇ ਨਾਲ ਵੋਟਾਂ ਪਾਉਣ 'ਤੇ ਅਕਾਲੀਆਂ ਵੱਲੋਂ ਰੋਕਣ 'ਤੇ ਉਨ੍ਹਾਂ 'ਤੇ ਗੋਲੀਆਂ ਦਾਗਣ ਵਾਲੇ ਕਾਂਗਰਸੀਆਂ ਵਿਰੁੱਧ ਥਾਣਾ ਦਾਖਾ ਦੀ ਪੁਲਸ ਨੇ ਦੋ ਦਰਜਨ ਕਾਂਗਰਸੀਆਂ ਵਿਰੁੱਧ ਇਰਾਦਾ ਕਤਲ ਦਾ ਪਰਚਾ ਦਰਜ ਕਰ ਲਿਆ ਹੈ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਕਿੱਕਰ ਸਿੰਘ ਨੇ ਦੱਸਿਆ ਕਿ ਸ਼ਮਸ਼ੇਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਜਾਂਗਪੁਰ ਨੇ ਆਪਣੇ ਬਿਆਨਾਂ 'ਚ ਦੋਸ਼ ਲਾਇਆ ਕਿ 21 ਅਕਤੂਬਰ ਨੂੰ ਉਨ੍ਹਾਂ ਦੇ ਪਿੰਡ ਜਾਂਗਪੁਰ 'ਚ ਅਸੈਂਬਲੀ ਹਲਕਾ ਦਾਖਾ ਦੇ ਚੋਣ ਦੇ ਸਬੰਧ 'ਚ ਸਰਕਾਰੀ ਸਕੂਲ ਪ੍ਰਾਇਮਰੀ 'ਚ ਵੋਟਾਂ ਪੈ ਰਹੀਆਂ ਸਨ। ਉਹ ਬੂਥ ਤੋਂ ਬਾਹਰ ਸ਼੍ਰੋਮਣੀ ਅਕਾਲੀ ਦਲ ਵਾਲੇ ਟੈਂਟ 'ਚ ਬੈਠਾ ਸੀ ਤਾਂ ਸਵੇਰ ਤੋਂ ਹੀ ਦਲਜੀਤ ਸਿੰਘ ਉਰਫ ਹੈਪੀ ਜਗਤਾਰ ਸਿੰਘ ਉਰਫ ਜੱਗੀ, ਸਿਮਰਜੀਤ ਸਿੰਘ ਉਰਫ ਸਿੰਮੀ ਪੁੱਤਰ ਅਮਰਜੀਤ ਸਿੰਘ, ਅਮਰਜੀਤ ਸਿੰਘ ਸਰਪੰਚ ਸਾਰੇ ਵਾਸੀਆਨ ਪਿੰਡ ਜਾਂਗਪੁਰ ਜ਼ਬਰਦਸਤੀ ਧੱਕੇ ਨਾਲ ਬੂਥ 'ਤੇ ਜਾਅਲੀ ਵੋਟਾਂ ਪਵਾਉਣ ਦਾ ਯਤਨ ਕਰਦੇ ਰਹੇ ਸਨ, ਜੋ ਅਸੀਂ ਵਾਰ-ਵਾਰ ਮਿੰਨਤਾਂ ਤਰਲੇ ਕਰ ਕੇ ਰੋਕ ਰਹੇ ਸੀ।

ਪਿਛਲੇ ਕਈ ਦਿਨਾਂ ਤੋਂ ਦਲਜੀਤ ਸਿੰਘ ਉਰਫ ਭੋਲਾ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ ਪੁੱਤਰਾਨ ਬਲਵੀਰ ਸਿੰਘ ਵਾਸੀ ਲੁਧਿਆਣਾ, ਅਸ਼ਵਨੀ ਕੁਮਾਰ, ਕਰਨ ਸਪਰਾ ਤੇ ਕੁਝ ਅਣਪਛਾਤੇ ਵਿਅਕਤੀ ਕਾਂਗਰਸ ਪਾਰਟੀ ਦੀ ਸ਼ਹਿ 'ਤੇ ਸਾਡੇ ਪਿੰਡ 'ਚ ਵੋਟਾਂ ਦੇ ਸਬੰਧ 'ਚ ਨਾਜਾਇਜ਼ ਤੌਰ 'ਤੇ ਦਖਲ ਅੰਦਾਜ਼ੀ ਕਰ ਰਹੇ ਸਨ। ਜੋ ਸ਼ਾਮ ਦੇ ਵਕਤ ਦਲਜੀਤ ਸਿੰਘ ਹੈਪੀ, ਜਗਤਾਰ ਸਿੰਘ ਜੱਗੀ, ਸਿਮਰਨਜੀਤ ਸਿੰਘ ਸਿੰਮੀ ਤੇ ਅਮਰਜੀਤ ਸਿੰਘ ਸਰਪੰਚ ਨੇ ਰਚੀ ਹੋਈ ਸਾਜ਼ਿਸ ਦੇ ਤਹਿਤ ਸਾਡੇ ਪਿੰਡ 'ਚ ਧੱਕੇ ਨਾਲ ਬੂਥ ਕੈਪਚਰ ਕਰ ਕੇ ਕਾਂਗਰਸ ਦੇ ਹੱਕ 'ਚ ਵੋਟਾਂ ਪਵਾਉਣ ਦੀ ਨੀਅਤ ਨਾਲ ਦਲਜੀਤ ਸਿੰਘ ਭੋਲਾ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ ਤੇ ਅਸ਼ਵਨੀ ਕੁਮਾਰੀ, ਕਰਨ ਸਪਰਾ ਤੇ 15-20 ਹੋਰ ਅਣਪਛਾਤੇ ਵਿਅਕਤੀਆਂ ਨੂੰ ਪ੍ਰਾਇਮਰੀ ਸਕੂਲ ਵਾਲੇ ਬੂਥ 'ਤੇ ਬੁਲਾ ਲਿਆ, ਜੋ ਕਾਂਗਰਸ ਦੇ ਹੱਕ 'ਚ ਜਾਅਲੀ ਵੋਟਾਂ ਪਾਉਣ ਦੀ ਨੀਅਤ ਨਾਲ ਅੰਦਰ ਵੜਨ ਦਾ ਯਤਨ ਕਰ ਰਹੇ ਸਨ। ਜਿਨ੍ਹਾਂ ਨੂੰ ਅਸੀਂ ਮਿੰਨਤਾਂ ਤਰਲੇ ਕਰ ਕੇ ਰੋਕ ਰਹੇ ਸੀ ਤਾਂ ਦਲਜੀਤ ਸਿੰਘ ਨੇ ਲਲਕਾਰਾ ਮਾਰਿਆ ਕਿ ਇਨ੍ਹਾਂ ਨੂੰ ਸਾਨੂੰ ਅੰਦਰ ਵੜਨ ਤੋਂ ਰੋਕਣ ਦਾ ਮਜ਼ਾ ਚਖਾ ਦਿਓ, ਜਿਸ 'ਤੇ ਦਲਜੀਤ ਸਿੰਘ ਭੋਲਾ ਨੇ ਆਪਣੇ ਪਿਸਤੌਲ ਨਾਲ ਮਾਰ ਦੇਣ ਦੀ ਨੀਅਤ ਨਾਲ 5-6 ਫਾਇਰ ਉਨ੍ਹਾਂ ਵੱਲ ਕੀਤੇ, ਜਿਨ੍ਹਾਂ 'ਚੋਂ ਇਕ ਫਾਇਰ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਹਰਦੀਪ ਸਿੰਘ ਵਾਸੀ ਜਾਂਗਪੁਰ ਵੱਲ ਮਾਰ ਦੇਣ ਦੀ ਨੀਅਤ ਨਾਲ ਦਲਜੀਤ ਸਿੰਘ ਭੋਲਾ ਨੇ ਫਾਇਰ ਕੀਤਾ ਜੋ ਉਸ ਦੇ ਖੱਬੇ ਪੱਟ 'ਤੇ ਲੱਗਾ। ਕੁਲਵਿੰਦਰ ਸਿੰਘ ਗਰੇਵਾਲ ਨੇ ਆਪਣੀ ਪਿਸਤੌਲ ਨਾਲ ਮਾਰ ਦੇਣ ਦੀ ਨੀਅਤ ਨਾਲ ਦੋ ਫਾਇਰ ਕੀਤੇ ਤੇ ਅਸ਼ਵਨੀ ਕੁਮਾਰ ਤੇ ਕਰਨ ਸਪਰਾ ਨੇ ਵੀ ਆਪਣੇ ਦਸਤੀ ਪਿਸਤੌਲ ਨਾਲ ਉਨ੍ਹਾਂ ਵੱਲ ਮਾਰ ਦੇਣ ਦੀ ਨੀਅਤ ਨਾਲ ਇਕ-ਦੋ ਫਾਇਰ ਕੀਤੇ। ਗੁਰਪ੍ਰੀਤ ਸਿੰਘ ਉਰਫ ਗੋਪੀ ਗੋਲੀ ਲੱਗਣ ਕਰ ਕੇ ਜ਼ਮੀਨ 'ਤੇ ਡਿੱਗ ਪਿਆ। ਜਦੋਂ ਉਹ ਉਸ ਨੂੰ ਬਚਾਉਣ ਲਈ ਅੱਗੇ ਹੋਇਆ ਤਾਂ ਦਲਜੀਤ ਸਿੰਘ ਹੈਪੀ ਨੇ ਆਪਣੀ ਦਸਤੀ ਰਾਡ ਨਾਲ ਮਾਰ ਦੇਣ ਦੀ ਨੀਅਤ ਨਾਲ ਉਸ ਦੇ ਸਿਰ 'ਤੇ ਵਾਰ ਕਰ ਦਿੱਤਾ, ਜਗਤਾਰ ਸਿੰਘ ਉਰਫ ਜੱਗੀ ਨੇ ਮਾਰ ਦੇਣ ਦੀ ਨੀਅਤ ਨਾਲ ਉਸ ਦੀ ਖੱਬੀ ਬਾਂਹ 'ਤੇ ਕਿਸੇ ਤਿੱਖੀ ਚੀਜ਼ ਦਾ ਵਾਰ ਕੀਤਾ। ਅਸੀਂ ਮਾਰ ਦਿੱਤਾ, ਮਾਰ ਦਿੱਤਾ ਦਾ ਰੌਲਾ ਪਾਇਆ ਤਾਂ ਸਾਰੇ ਦੋਸ਼ੀਆਂ ਨੇ ਸਾਨੂੰ ਜਾਨ ਤੋਂ ਮਾਰ ਦੇਣ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਆਪਣੇ ਹਥਿਆਰਾਂ ਸਮੇਤ ਭੱਜ ਗਏ।

ਦਲਜੀਤ ਸਿੰਘ ਉਰਫ ਹੈਪੀ, ਜਗਤਾਰ ਸਿੰਘ ਉਰਫ ਜੱਗੀ, ਸਿਮਰਨਜੀਤ ਸਿੰਘ ਉਰਫ ਸਿੰਮੀ, ਅਮਰਜੀਤ ਸਿੰਘ ਸਰਪੰਚ ਵਾਸੀਆਨ ਜਾਂਗਪੁਰ, ਦਲਜੀਤ ਸਿੰਘ ਉਰਫ ਭੋਲਾ ਗਰੇਵਾਲ, ਕੁਲਵਿੰਦਰ ਸਿੰਘ ਗਰੇਵਾਲ, ਅਸ਼ਵਨੀ ਕੁਮਾਰ, ਕਰਨ ਸਪਰਾ ਅਤੇ 15-20 ਅਣਪਛਾਤੇ ਵਿਅਕਤੀਆਂ ਵਿਰੁੱਧ ਪੁਲਸ ਨੇ ਕੇਸ ਦਰਜ ਕਰ ਲਿਆ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਛਾਪੇਮਾਰੀ ਜਾਰੀ ਹੈ।