ਬਟਾਲਾ ਪਟਾਕਾ ਫੈਕਟਰੀ ਧਮਾਕੇ 'ਚ ਇਕ ਹੋਰ ਦੀ ਮੌਤ

09/09/2019 11:06:52 PM

ਅੰਮ੍ਰਿਤਸਰ,(ਦਲਜੀਤ) : ਬਟਾਲਾ ਪਟਾਕਾ ਫੈਕਟਰੀ ਦੇ ਬਲਾਸਟ 'ਚ ਜ਼ਖਮੀ ਮਰੀਜ਼ ਵਿੱਕੀ ਕੁਮਾਰ ਦੀ ਅੱਜ ਗੁਰੂ ਨਾਨਕ ਦੇਵ ਹਸਪਤਾਲ 'ਚ ਇਲਾਜ ਦੌਰਾਨ ਮੌਤ ਹੋ ਗਈ ਹੈ ਜਦਕਿ ਆਈ. ਸੀ. ਯੂ. ਵਿਚ ਇਲਾਜ ਅਧੀਨ ਦੂਜੇ ਮਰੀਜ਼ ਸੁਖਦੇਵ ਸਿੰਘ ਨੂੰ ਇਕ ਪ੍ਰਾਈਵੇਟ ਹਸਪਤਾਲ 'ਚ ਇਲਾਜ ਲਈ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਉਕਤ ਘਟਨਾ ਵਿਚ ਗੰਭੀਰ ਰੂਪ 'ਚ ਜ਼ਖਮੀ ਸੁਖਦੇਵ ਸਿੰਘ, ਜੋਗਿੰਦਰਪਾਲ ਸਿੰਘ, ਸਿਮਰਨ ਕੌਰ, ਵਿੱਕੀ ਕੁਮਾਰ, ਚੰਦਨ ਨੂੰ ਐਮਰਜੈਂਸੀ ਹਾਲਤ ਵਿਚ ਗੁਰੂ ਨਾਨਕ ਦੇਵ ਹਸਪਤਾਲ ਲਿਆਂਦਾ ਗਿਆ ਸੀ, ਜਦਕਿ ਛੇਵੇਂ ਮਰੀਜ਼ ਅੰਮ੍ਰਿਤ ਸਿੰਘ ਦੀ ਹਸਪਤਾਲ ਆਉਂਦੇ-ਆਉਂਦੇ ਮੌਤ ਹੋ ਗਈ ਸੀ। ਇਸ ਵਿਚ ਜੋਗਿੰਦਰ ਪਾਲ ਦੇ ਸਿਰ ਵਿਚ ਸੱਟ ਲੱਗੀ ਸੀ। ਇਸ ਕਾਰਨ ਉਸ ਦੇ ਸਿਰ ਦੀ ਸਰਜਰੀ ਲਈ ਪ੍ਰਾਈਵੇਟ ਹਸਪਤਾਲ ਵਿਚ ਆਪਰੇਟ ਹੋਇਆ ਸੀ ਅਤੇ ਉਹ ਵਾਪਸ ਆ ਗਿਆ ਹੈ। ਫਿਲਹਾਲ ਉਸ ਦੀ ਹਾਲਤ ਅਜੇ ਵੀ ਨਾਜ਼ੁਕ ਹੈ। ਉਸ ਨੂੰ ਆਈ. ਸੀ. ਯੂ. ਵਿਚ ਦਾਖਲ ਕਰਵਾ ਦਿੱਤਾ ਗਿਆ ਹੈ। ਵਿੱਕੀ ਦਾ ਸਰੀਰ 80 ਫ਼ੀਸਦੀ ਤੋਂ ਜ਼ਿਆਦਾ ਸੜ ਗਿਆ ਸੀ ਜਦੋਂ ਕਿ ਚੰਦਨ 70 ਫ਼ੀਸਦੀ ਤੱਕ ਸੜਿਆ ਸੀ। ਫਿਲਹਾਲ ਚੰਦਨ ਦੀ ਵੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਵੀ ਆਈ. ਸੀ. ਯੂ. ਵਿਚ ਦਾਖਲ ਕਰਵਾਇਆ ਗਿਆ ਹੈ। ਬਾਕੀ ਦੇ ਮਰੀਜ਼ਾਂ ਸਿਮਰਨ ਅਤੇ ਬਾਅਦ ਵਿਚ ਲਿਆਂਦੇ ਗਏ ਹਰਦੇਵ ਅਤੇ ਸੁਖਦੇਵ ਦੀ ਹਾਲਤ ਠੀਕ ਹੈ। ਘਟਨਾ ਵਾਲੇ ਦਿਨ ਲਿਆਂਦੇ ਗਏ ਸੁਖਦੇਵ ਸਿੰਘ ਦੇ ਸਿਰ ਦੇ ਹੇਠਾਂ ਦੇ ਦੋ ਮਣਕੇ ਟੁੱਟ ਗਏ ਹਨ। ਇਸ ਕਾਰਨ ਉਸ ਦਾ ਆਪ੍ਰੇਸ਼ਨ ਇਕ ਨਿੱਜੀ ਹਸਪਤਾਲ ਵਿਚ ਕਰਵਾਇਆ ਗਿਆ ਹੈ। ਉਸ ਦੇ ਹਾਲਾਤ ਠੀਕ ਹੋਣ ਤੋਂ ਬਾਅਦ ਮੰਗਲਵਾਰ ਤੱਕ ਉਸ ਨੂੰ ਵਾਪਸ ਹਸਪਤਾਲ ਲਿਆਂਦਾ ਜਾਵੇਗਾ।