ਚੰਡੀਗੜ੍ਹ ਪ੍ਰਸ਼ਾਸਨ ਦੇ ਫ਼ੈਸਲੇ ਖ਼ਿਲਾਫ਼ ਹਾਈਕਰੋਟ ਪੁੱਜੇ ਪਟਾਕਾ ਕਾਰੋਬਾਰੀ, ਛੋਟ ਦੇਣ ਦੀ ਕੀਤੀ ਮੰਗ

11/11/2020 1:13:13 PM

ਚੰਡੀਗੜ੍ਹ (ਹਾਂਡਾ) : ਚੰਡੀਗੜ੍ਹ ਪ੍ਰਸ਼ਾਸਨ ਦੇ ਸ਼ਹਿਰ 'ਚ ਪਟਾਕਿਆਂ ਦੀ ਵਿਕਰੀ ਅਤੇ ਪਟਾਕੇ ਚਲਾਉਣ ’ਤੇ ਲਾਈ ਰੋਕ ਖ਼ਿਲਾਫ਼ ਪਟਾਕਾ ਕਾਰੋਬਾਰੀ ਹਾਈਕੋਰਟ ਪਹੁੰਚ ਗਏ ਹਨ। ਉਨ੍ਹਾਂ ਦੀ ਪਟੀਸ਼ਨ ਮਨਜ਼ੂਰ ਕਰ ਲਈ ਗਈ ਹੈ, ਜਿਸ ’ਤੇ ਬੁੱਧਵਾਰ ਨੂੰ ਸੁਣਵਾਈ ਹੋਵੇਗੀ। ਪਟੀਸ਼ਨ 'ਚ ਕਿਹਾ ਗਿਆ ਹੈ ਕਿ ਪ੍ਰਸ਼ਾਸਨ ਨੇ 24 ਅਕਤੂਬਰ ਨੂੰ ਲਾਈਸੈਂਸ ਲਈ ਅਰਜ਼ੀਆਂ ਮੰਗੀਆਂ ਸਨ ਅਤੇ 3 ਨਵੰਬਰ ਨੂੰ ਸਟਾਲਾਂ ਦੀ ਅਲਾਟਮੈਂਟ ਵੀ ਕਰ ਦਿੱਤੀ ਸੀ।

ਸਾਰੀ ਪ੍ਰਕਿਰਿਆ ਤੋਂ ਬਾਅਦ ਹੀ ਪਟਾਕੇ ਵੇਚਣ ਵਾਲਿਆਂ ਨੇ ਲੱਖਾਂ ਦੇ ਪਟਾਕੇ ਮੰਗਵਾਏ ਜਾਂ ਆਰਡਰ ਕਰ ਦਿੱਤੇ, ਜਿਸ ਲਈ ਐਡਵਾਂਸ ਪੇਮੈਂਟ ਕੀਤੀ ਗਈ ਸੀ ਪਰ ਅਚਾਨਕ ਪ੍ਰਸ਼ਾਸਨ ਨੇ 8 ਨਵੰਬਰ ਨੂੰ ਚੰਡੀਗੜ੍ਹ 'ਚ ਪਟਾਕਿਆਂ ਦੀ ਵਿਕਰੀ ਅਤੇ ਪਟਾਕੇ ਚਲਾਉਣ ’ਤੇ ਰੋਕ ਲਾ ਦਿੱਤੀ ਹੈ, ਜੋ ਕਿ ਉਨ੍ਹਾਂ ਨਾਲ ਬੇਇਨਸਾਫ਼ੀ ਹੈ। ਪਟਾਕਾ ਕਾਰੋਬਾਰੀਆਂ ਦਾ ਕਹਿਣਾ ਹੈ ਕਿ ਐੱਨ. ਜੀ. ਟੀ. ਦੇ ਹੁਕਮਾਂ ਦਾ ਹਵਾਲਾ ਹੈ ਪਰ ਐੱਨ. ਜੀ. ਟੀ. ਨੇ ਸਾਫ਼ ਕਿਹਾ ਹੈ ਕਿ ਸ਼ਹਿਰ ਦਾ ਪ੍ਰਦੂਸ਼ਣ ਪੱਧਰ ਵੇਖਦੇ ਹੋਏ ਪਟਾਕੇ ਚਲਾਉਣ ਜਾਂ ਉਨ੍ਹਾਂ ਦੀ ਵਿਕਰੀ ’ਤੇ ਫ਼ੈਸਲਾ ਲਿਆ ਜਾਵੇ।

ਪਟੀਸ਼ਨ 'ਚ ਦੱਸਿਆ ਗਿਆ ਕਿ ਮੋਹਾਲੀ ਅਤੇ ਪੰਚਕੂਲਾ 'ਚ ਦੋ ਘੰਟਿਆਂ ਲਈ ਗਰੀਨ ਪਟਾਕੇ ਚਲਾਉਣ ਦੀ ਮਨਜ਼ੂਰੀ ਦਿੱਤੀ ਗਈ ਹੈ, ਜਦੋਂ ਕਿ ਪਟਾਕਿਆਂ ਦੀ ਵਿਕਰੀ ’ਤੇ ਰੋਕ ਨਹੀਂ ਹੈ। ਉਨ੍ਹਾਂ ਨੂੰ ਵੀ ਮੋਹਾਲੀ ਅਤੇ ਪੰਚਕੂਲਾ ਦੀ ਤਰਜ਼ ’ਤੇ ਪਟਾਕੇ ਵੇਚਣ ਦੀ ਆਗਿਆ ਦਿੱਤੀ ਜਾਣੀ ਚਾਹੀਦੀ ਹੈ।
 

Babita

This news is Content Editor Babita