ਸ਼ਾਰਟ ਸਰਕਟ ਨਾਲ ਲੱਗੀ ਅੱਗ 4 ਪਿੰਡਾਂ ''ਚ ਫੈਲੀ

04/21/2018 8:13:58 AM

ਸਮਾਣਾ  (ਅਨੇਜਾ, ਦਰਦ) - ਪਿੰਡ ਬੰਮਣਾ ਤੋਂ ਸ਼ਾਰਟ ਸਰਕਟ ਹੋਣ ਕਾਰਨ ਖੇਤਾਂ ਵਿਚ ਲੱਗੀ ਅੱਗ ਤੇਜ਼ ਹਨੇਰੀ ਕਾਰਨ ਦੇਖਦੇ ਹੀ ਦੇਖਦੇ 4 ਪਿੰਡਾਂ ਵਿਚ ਫੈਲ ਗਈ। ਇਸ ਨੇ ਕਈ ਏਕੜ ਕਣਕ ਅਤੇ ਨਾੜ ਨੂੰ ਆਪਣੀ ਲਪੇਟ 'ਚ ਲੈ ਲਿਆ। ਫਾਇਰ ਬ੍ਰਿਗੇਡ ਦੀ ਟੀਮ ਅਤੇ ਪਿੰਡ ਵਾਸੀਆਂ ਨੇ ਬੜੀ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਨੂੰ ਦੇਖਦਿਆਂ ਪਾਵਰਕਾਮ ਨੇ ਪੂਰਾ ਦਿਨ ਬਿਜਲੀ ਸਪਲਾਈ ਬੰਦ ਰੱਖੀ ਗਈ। ਸਥਿਤੀ ਦਾ ਜਾਇਜ਼ਾ ਲੈਣ ਲਈ ਮੌਕੇ 'ਤੇ ਪੁਲਸ ਵੀ ਪੁੱਜੀ ਹੋਈ ਸੀ। ਘਟਨਾ ਵਾਲੀ ਥਾਂ 'ਤੇ ਮੌਜੂਦ ਕਿਸਾਨਾਂ ਨੇ ਦੱਸਿਆ ਕਿ ਦੁਪਹਿਰੇ 12 ਵਜੇ ਪਿੰਡ ਬੰਮਣਾ ਤੋਂ ਬਿਜਲੀ ਦੇ ਸ਼ਾਰਟ ਸਰਕਟ ਹੋਣ ਕਾਰਨ ਨਿਕਲੀ ਚੰਗਿਆੜੀ ਖੇਤਾਂ ਵਿਚ ਖੜ੍ਹੀ ਸੁੱਕੀ ਫਸਲ ਅਤੇ ਨਾੜ ਤੱਕ ਜਾ ਪੁੱਜੀ। ਤੇਜ਼ ਹਨੇਰੀ ਕਾਰਨ ਅੱਗ ਪਿੰਡ ਬੰਮਣਾ, ਕਾਹਨਗੜ੍ਹ, ਬਿਸ਼ਨਪੁਰਾ ਅਤੇ ਕੁਲਬੁਰਛਾਂ ਤੱਕ ਫੈਲ ਗਈ। ਭਿਆਨਕ ਅੱਗ ਕਾਰਨ ਖੇਤਾਂ ਵਿਚ ਖੜ੍ਹੀ ਕਣਕ ਦੀ ਫਸਲ ਅਤੇ ਨਾੜ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਪਾਥੀਆਂ ਅਤੇ ਤੂੜੀ ਦੇ ਅਨੇਕਾਂ ਕੁੱਪ ਵੀ ਅੱਗ ਦੀ ਭੇਟ ਚੜ੍ਹ ਗਏ। ਅੱਗ ਬੁਝਾਉਣ ਲਈ ਜਿੱਥੇ ਫਾਇਰ ਬ੍ਰਿਗੇਡ ਕਰਮਚਾਰੀ ਲੱਗੇ ਹੋਏ ਸਨ, ਉਥੇ ਹੀ ਪਿੰਡਾਂ ਦੇ ਕਿਸਾਨ ਵੀ ਆਪੋ-ਆਪਣੇ ਪੱਧਰ 'ਤੇ ਯਤਨ ਯਤਨ ਕਰ ਰਹੇ ਸਨ। ਖੇਤਾਂ 'ਚ ਲੱਗੀ ਭਿਆਨਕ ਅੱਗ ਨੂੰ ਦੇਖ ਕੇ ਪਿੰਡ ਕਾਹਨਗੜ੍ਹ ਵਿਚ ਘਬਰਾਈ ਇਕ ਔਰਤ ਬੇਹੋਸ਼ ਹੋ ਕੇ ਡਿੱਗ ਪਈ। ਉਸ ਨੂੰ ਬੜੀ ਮੁਸ਼ਕਲ ਨਾਲ ਗੁਆਂਢੀਆਂ ਨੇ ਪਾਣੀ ਪਿਆ ਕੇ ਹੋਸ਼ ਵਿਚ ਲਿਆਂਦਾ। ਮੌਕੇ 'ਤੇ ਪੁੱਜੀ ਪੁਲਸ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਹਜ਼ਾਰਾਂ ਏਕੜ ਕਣਕ ਦੀ ਫਸਲ ਤੇ ਨਾੜ ਤਬਾਹ
ਭਾਦਸੋਂ, (ਅਵਤਾਰ)-ਬਲਾਕ ਭਾਦਸੋਂ ਅਧੀਨ ਆਉਂਦੇ ਇਕ ਦਰਜਨ ਦੇ ਕਰੀਬ ਪਿੰਡਾਂ ਵਿਚ ਭਿਆਨਕ ਅੱਗ ਨੇ ਹਜ਼ਾਰਾਂ ਏਕੜ ਕਣਕ ਦੀ ਫਸਲ ਅਤੇ ਨਾੜ ਤਬਾਹ ਕਰ ਦਿੱਤਾ। ਮਿਲੀ ਜਾਣਕਾਰੀ ਅਨੁਸਾਰ ਮੱਲੇਵਾਲ, ਕਾਲਸਨਾ, ਗੋਬਿੰਦਪੁਰਾ, ਪੁਣੀਵਾਲ, ਰੈਸਲ, ਰੰਨੋ ਤੇ ਟੌਹੜਾ ਦੇ ਨਾਲ ਲਗਦੇ ਕਈ ਪਿੰਡਾਂ ਵਿਚ ਅਚਾਨਕ ਅੱਗ ਲੱਗਣ ਨਾਲ 12 ਹਜ਼ਾਰ ਏਕੜ ਫਸਲ ਦਾ ਨੁਕਸਾਨ ਹੋ ਗਿਆ। ਪਿੰਡਾਂ ਦੇ ਲੋਕਾਂ ਨੇ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਪਿੰਡ ਰੈਸਲ ਦੇ ਸਾਬਕਾ ਸਰਪੰਚ ਹਰਬੰਸ ਸਿੰਘ, ਗੁਰਮੀਤ ਸਿੰਘ, ਸ਼ਿੰਦਰਪਾਲ ਕੌਰ, ਮੀਤ ਕੌਰ ਅਤੇ ਜਗਤਾਰ ਸਿੰਘ ਰੰਨੋ ਆਦਿ ਨੇ ਦੱਸਿਆ ਕਿ ਉਨ੍ਹਾਂ ਨੇ ਉਕਤ ਜ਼ਮੀਨ ਠੇਕੇ 'ਤੇ ਲੈ ਕੇ ਕਣਕ ਬੀਜੀ ਸੀ। ਹੁਣ ਕੁਦਰਤ ਦੀ ਕਰੋਪੀ ਕਾਰਨ ਲੱਖਾਂ ਰੁਪਏ ਦੀ ਖੜ੍ਹੀ ਕਣਕ ਅੱਗ ਲੱਗਣ ਨਾਲ ਸੜ ਗਈ। ਅੱਗ ਦੀ ਖਬਰ ਸੁਣਦੇ ਹੀ ਕਿਸਾਨ ਵੈੱਲਫੇਅਰ ਮੰਚ ਦੇ ਚੇਅਰਮੈਨ ਪ੍ਰਗਟ ਸਿੰਘ ਭੜੀ, ਨੇਤਰ ਸਿੰਘ ਘੁੰਡਰ ਸੁਖਵੀਰ ਸਿੰਘ ਪੰਧੇਰ ਨਾਜ਼ਰ ਸਿੰਘ ਰਾਠੀ ਮੌਕੇ 'ਤੇ ਪੁੱਜੇ ਅਤੇ ਪੀੜਤਾ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਐੈੱਸ. ਡੀ. ਐੈੱਮ. ਨਾਭਾ ਜਸ਼ਨਪ੍ਰੀਤ ਕੌਰ ਗਿੱਲ ਅਤੇ ਥਾਣਾ ਮੁਖੀ ਭਾਦਸੋਂ ਹਰਮਨਪ੍ਰੀਤ ਸਿੰਘ ਚੀਮਾ ਵੀ ਪੁੱਜੇ ਤੇ ਮੌਕੇ ਦਾ ਜਾਇਜ਼ਾ ਲਿਆ।
ਘੱਗਰ ਪਾਰ ਇਲਾਕੇ 'ਚ ਅੱਗ ਨਾਲ ਸੈਂਕੜੇ ਏਕੜ ਨਾੜ ਸੜਿਆ
ਸ਼ੁਤਰਾਣਾ/ਪਾਤੜਾਂ, (ਪ. ਪ.)-ਪਾਤੜਾਂ ਸਬ-ਡਵੀਜ਼ਨ ਦੇ ਘੱਗਰ ਪਾਰ ਇਲਾਕੇ ਦੇ ਕਈ ਪਿੰਡਾਂ ਵਿਚ ਲੱਗੀ ਭਿਆਨਕ ਅੱਗ ਨਾਲ ਸੈਂਕੜੇ ਏਕੜ ਨਾੜ ਸੜ ਕੇ ਸੁਆਹ ਹੋ ਗਿਆ। ਤੇਜ਼ ਹਵਾਵਾਂ ਕਾਰਨ ਅੱਗ ਲਗਾਤਾਰ ਆਪਣੇ ਘੇਰੇ ਨੂੰ ਵਧਾਉਂਦੀ ਰਹੀ। ਦੇਖਦੇ ਹੀ ਦੇਖਦੇ ਕਈ ਪਿੰਡਾਂ ਦੇ ਸੈਂਕੜੇ ਏਕੜ ਨਾੜ ਨੂੰ ਆਪਣੀ ਲਪੇਟ ਵਿਚ ਲੈ ਲਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਇਲਾਕੇ ਦੇ ਲੋਕ ਨੇ ਕਾਫੀ ਮੁਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾ ਲਿਆ। ਅੱਗ ਨੇ ਪਿੰਡ  ਮਤੌਲੀ ਦੇ ਕਈ ਘਰਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲਿਆ ਸੀ ਪਰ ਲੋਕਾਂ ਦੀ ਚੌਕਸੀ ਨਾਲ ਨੁਕਸਾਨ ਹੋਣੋਂ ਬਚ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਅਤੇ ਸਿਵਲ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਸਮੁੱਚੀ ਘਟਨਾ ਦਾ ਜਾਇਜ਼ਾ ਲਿਆ। ਇਸ ਤੋਂ ਬਾਅਦ ਸੂਚਨਾ ਮਿਲਦਿਆਂ ਹੀ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ, ਨਗਰ ਕੌਂਸਲ ਪਾਤੜਾਂ ਦੇ ਪ੍ਰਧਾਨ ਰਣਜੀਤ ਅਰੋੜਾ ਬਿੱਲਾ, ਮਾਰਕੀਟ ਕਮੇਟੀ ਪਾਤੜਾਂ ਦੇ ਸਾਬਕਾ ਪ੍ਰਧਾਨ ਜੈ ਪ੍ਰਤਾਪ ਸਿੰਘ ਡੇਜ਼ੀ ਕਾਹਲੋਂ, ਬਲਾਕ ਘੱਗਾ ਦੇ ਪ੍ਰਧਾਨ ਬਲਰਾਜ ਸਿੰਘ ਗਿੱਲ, ਸੀਨੀਅਰ ਕਾਂਗਰਸੀ ਆਗੂ ਤਰਲੋਚਨ ਸਿੰਘ ਸ਼ੇਰਗੜ੍ਹ ਨੂੰ ਨਾਲ ਲੈ ਕੇ ਮੌਕੇ 'ਤੇ ਪਹੁੰਚੇ।