ਬੈਂਕ ਦੇ ਰਿਕਾਰਡ ਰੂਮ ''ਚ ਸਪਾਰਕਿੰਗ ਕਾਰਨ ਲੱਗੀ ਅੱਗ

04/26/2018 7:38:11 AM

ਜੈਤੋ (ਜਿੰਦਲ) - ਬਿਸ਼ਨੰਦੀ ਬਾਜ਼ਾਰ 'ਚ ਸਥਿਤ ਪੰਜਾਬ ਨੈਸ਼ਨਲ ਬੈਂਕ 'ਚ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਸੂਚਨਾ ਮਿਲਣ 'ਤੇ ਫ਼ਾਇਰ ਬ੍ਰਿਗੇਡ ਕੋਟਕਪੂਰਾ ਦੇ ਮੁਲਾਜ਼ਮ ਤੁਰੰਤ ਘਟਨਾ ਸਥਾਨ 'ਤੇ ਪਹੁੰਚੇ ਅਤੇ ਉਨ੍ਹਾਂ ਹੌਲਦਾਰ ਰਾਕੇਸ਼ ਕੁਮਾਰ ਦੀ ਸਹਾਇਤਾ ਨਾਲ ਪੀ. ਐੱਨ. ਬੀ. ਰਿਕਾਰਡ ਰੂਮ 'ਚ ਲੱਗੀ ਹੋਈ ਅੱਗ 'ਤੇ ਕਾਬੂ ਪਾਇਆ। ਇਸ ਸਮੇਂ ਥਾਣਾ ਜੈਤੋ ਦੇ ਐੱਸ. ਐੱਚ. ਓ. ਜਗਦੇਵ ਸਿੰਘ ਨੇ ਵੀ ਤੁਰੰਤ ਘਟਨਾ ਸਥਾਨ 'ਤੇ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ। ਅੱਗ ਲੱਗਣ ਦਾ ਕਾਰਨ ਤਾਰਾਂ ਦੀ ਸਪਾਰਕਿੰਗ ਦੱਸਿਆ ਜਾਂਦਾ ਹੈ।
ਇਸ ਦੌਰਾਨ ਬੈਂਕ ਮੁਲਾਜ਼ਮਾਂ ਨਾਲ ਗੱਲਬਾਤ ਕਰਨ 'ਤੇ ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕਰੀਬ 10:30 ਵਜੇ ਜਦੋਂ ਉਨ੍ਹਾਂ ਨੇ ਇਸ ਰਿਕਾਰਡ ਰੂਮ, ਜਿੱਥੇ ਲੋਕਾਂ ਦੇ ਲਾਕਰ ਵੀ ਮੌਜੂਦ ਹਨ, ਦਾ ਦਰਵਾਜ਼ਾ ਖੋਲ੍ਹਿਆ ਤਾਂ ਉਨ੍ਹਾਂ ਨੂੰ ਅੱਗ ਲੱਗਣ ਬਾਰੇ ਪਤਾ ਲੱਗਾ।