ਫਾਇਰ ਬ੍ਰਿਗੇਡ ਵਿਭਾਗ ''ਚ ਪਏਗੀ ''ਜਾਨ''

06/24/2018 6:02:56 AM

ਮੋਹਾਲੀ,   (ਰਾਣਾ)-  ਕਾਫੀ ਸਮੇਂ ਤੋਂ ਮੁਲਾਜ਼ਮਾਂ ਦੀ ਕਮੀ ਦਾ ਸਾਹਮਣਾ ਕਰ ਰਹੇ ਫਾਇਰ ਬ੍ਰਿਗੇਡ ਵਿਚ ਹੁਣ ਨਵੀਂ ਜਾਨ ਫੂਕਣ ਦੀ ਰਣਨੀਤੀ ਬਣ ਗਈ ਹੈ । ਨਵੇਂ ਵਾਹਨਾਂ ਤੋਂ ਬਾਅਦ ਹੁਣ ਮੁਲਾਜ਼ਮਾਂ ਦੀ ਭਰਤੀ ਲਈ ਵੀ ਤਿਆਰੀ ਸ਼ੁਰੂ ਹੋ ਗਈ ਹੈ । ਇਸ ਲਈ ਸਰਕਾਰ ਵਲੋਂ ਮਨਜ਼ੂਰੀ ਮਿਲ ਗਈ । ਛੇਤੀ ਹੀ ਫਾਇਰ ਬ੍ਰਿਗੇਡ ਵਿਚ 36 ਨਵੇਂ ਮੁਲਾਜ਼ਮ ਭਰਤੀ ਹੋਣਗੇ । ਇਹ ਮੁਲਾਜ਼ਮ ਆਊਟ ਸੋਰਸਿੰਗ ਰਾਹੀਂ ਰੱਖੇ ਜਾਣਗੇ । ਨਿਗਮ ਕਮਿਸ਼ਨਰ ਸੰਦੀਪ ਹੰਸ ਨੇ ਇਸ ਦੀ ਪੁਸ਼ਟੀ ਕੀਤੀ ਹੈ । ਉਨ੍ਹਾਂ ਦੱਸਿਆ ਕਿ ਇਸ ਦਿਸ਼ਾ ਵਿਚ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਜਲਦੀ ਹੀ ਇਸੇ ਇਲਾਕੇ ਦੇ ਲੋਕਾਂ ਨੂੰ ਫਾਇਦਾ ਮਿਲੇਗਾ, ਨਾਲ ਹੀ ਮੋਹਾਲੀ ਵਿਚ ਦੋ ਨਵੇਂ ਫਾਇਰ ਸਟੇਸ਼ਨ ਵੀ ਬਣਨਗੇ ।

60 ਕਿਲੋ ਦੀ ਬੋਰੀ ਲੈ ਕੇ ਨਹੀਂ ਚੜ੍ਹ ਸਕੇ

ਜਾਣਕਾਰੀ ਮੁਤਾਬਕ ਨਗਰ ਨਿਗਮ 'ਚ ਕਈ ਸਾਲਾਂ ਤੋਂ ਮੁਲਾਜ਼ਮਾਂ ਦੀ ਭਰਤੀ ਨਹੀਂ ਹੋਈ ਹੈ । 2009 'ਚ ਫਾਇਰ ਬਿਗ੍ਰੇਡ ਦੀ ਭਰਤੀ ਹੋਈ ਸੀ ਤੇ ਇਸ ਤੋਂ ਬਾਅਦ ਇਹ ਕੰਮ ਅੱਧ-ਵਿਚਾਲੇ ਚੱਲ ਰਿਹਾ ਸੀ । ਇਕ ਵਾਰ ਨਗਰ ਨਿਗਮ ਵਲੋਂ ਆਊਟ ਸੋਰਸਿੰਗ ਕੰਪਨੀ ਰਾਹੀਂ ਮੁਲਾਜ਼ਮਾਂ ਦੀ ਭਰਤੀ ਕਰਨ ਦੀ ਰਣਨੀਤੀ ਵੀ ਬਣਾਈ ਗਈ ਸੀ ਪਰ ਇਹ ਪ੍ਰਾਜੈਕਟ ਅੱਧ-ਵਿਚਾਲੇ ਹੀ ਰਹਿ ਗਿਆ ਕਿਉਂਕਿ ਜਦੋਂ ਨਗਰ ਨਿਗਮ ਵਲੋਂ ਰੱਖੇ ਜਾਣ ਵਾਲੇ ਮੁਲਾਜ਼ਮਾਂ ਦਾ ਟਰਾਇਲ ਲਿਆ ਗਿਆ ਸੀ ਤਾਂ ਉਹ ਰੇਤ ਦੀ 60 ਕਿਲੋਗ੍ਰਾਮ ਦੀ ਬੋਰੀ ਲੈ ਕੇ ਵੀ ਦੌੜ ਨਹੀਂ ਸਕੇ ਸਨ । ਇਸ ਤੋਂ ਇਲਾਵਾ ਉਹ ਪੌੜੀ ਤਕ ਨਹੀਂ ਚੜ੍ਹ ਸਕੇ ਸਨ, ਜਿਸ ਤੋਂ ਬਾਅਦ ਇਹ ਮਾਮਲਾ ਕਾਫ਼ੀ ਜ਼ੋਰ ਫੜ ਗਿਆ ਸੀ । ਬਾਅਦ ਵਿਚ ਇਹ ਪ੍ਰਾਜੈਕਟ ਅੱਧ-ਵਿਚਾਲੇ ਹੀ ਰਹਿ ਗਿਆ ।

ਉਥੇ ਹੀ ਵਿਭਾਗ ਕੋਲ 25 ਮੁਲਾਜ਼ਮ ਹਨ, ਜਿਨ੍ਹਾਂ ਦੇ ਸਹਾਰੇ ਕਾਫ਼ੀ ਸਮੇਂ ਤੋਂ ਕੰਮ ਚੱਲ ਰਿਹਾ ਸੀ । ਕਈ ਵਾਰ ਜਦੋਂ ਵੱਡੀ ਘਟਨਾ ਵਾਪਰਦੀ ਹੈ ਤਾਂ ਹਾਲਾਤ ਜ਼ਿਆਦਾ ਖ਼ਰਾਬ ਹੋ ਜਾਂਦੇ ਹਨ ਕਿਉਂਕਿ ਉਸ ਸਮੇਂ ਫਾਇਰ ਵਿਭਾਗ ਦੇ ਅਫਸਰਾਂ ਨੂੰ ਵੀ ਮੁਲਾਜ਼ਮਾਂ ਦੀ ਤਰ੍ਹਾਂ ਕੰਮ ਕਰਨਾ ਪੈਂਦਾ ਹੈ ।

ਦੋ ਨਵੇਂ ਫਾਇਰ ਸਟੇਸ਼ਨ ਬਣਨਗੇ

ਨਗਰ ਨਿਗਮ ਨੇ ਸ਼ਹਿਰ ਵਿਚ ਕੁਝ ਸਮਾਂ ਪਹਿਲਾਂ ਦੋ ਨਵੇਂ ਫਾਇਰ ਬ੍ਰਿਗੇਡ ਸਟੇਸ਼ਨ ਬਣਾਉਣ ਦੀ ਤਿਆਰੀ ਕੀਤੀ ਸੀ । ਇਹ ਫਾਇਰ ਸਟੇਸ਼ਨ ਸੈਕਟਰ-78 ਤੇ 65 ਵਿਚ ਬਣਨਗੇ । ਇਸ ਲਈ ਗਮਾਡਾ ਵਲੋਂ ਜਗ੍ਹਾ ਪਹਿਲਾਂ ਹੀ ਨਗਰ ਨਿਗਮ ਨੂੰ ਅਲਾਟ ਕੀਤੀ ਜਾ ਚੁੱਕੀ ਹੈ, ਜਿਸ 'ਤੇ ਨਗਰ ਨਿਗਮ ਨੇ ਬਾਊਂਡਰੀ ਵਾਲ ਤੋਂ ਲੈ ਕੇ ਹੋਰ ਪ੍ਰਕਿਰਿਆਵਾਂ ਪੂਰੀਆਂ ਕਰ ਲਈਆਂ ਹਨ ਪਰ ਇਸ ਦੇ ਬਾਵਜੂਦ ਇਹ ਪ੍ਰਾਜੈਕਟ ਵਿਚਾਲੇ ਹੀ ਲਟਕ ਗਿਆ ਸੀ ਕਿਉਂਕਿ ਥਾਪਰ ਯੂਨੀਵਰਸਿਟੀ ਵਲੋਂ ਮਿੱਟੀ ਦੇ ਸੈਂਪਲਾਂ ਲਈ ਜੋ ਪੇਮੈਂਟ ਕੀਤੀ ਗਈ ਸੀ, ਉਸ ਵਿਚ ਕੋਈ ਅੜਿੱਕਾ ਪੈ ਗਿਆ ਸੀ । ਇਸ ਤੋਂ ਬਾਅਦ ਨਗਰ ਨਿਗਮ ਵਲੋਂ ਨਵੇਂ ਸਿਰੇ ਤੋਂ ਪੈਮੇਂਟ ਕੀਤੀ ਗਈ ਸੀ ।

ਈਕੋ ਸਿਟੀ ਤੇ ਨਵਾਂ ਗਰਾਓਂ ਵਿਚ ਵੀ ਮੋਹਾਲੀ ਦਾ ਸ਼ਹਿਰੀ ਏਰੀਆ ਕਾਫ਼ੀ ਵਧ ਗਿਆ ਹੈ । ਹੁਣ ਉਕਤ ਸੈਕਟਰਾਂ ਵਿਚ ਰਿਹਾਇਸ਼ ਸੈਕਟਰ-125 ਤਕ ਹੋ ਗਏ ਹਨ । ਇਸ ਤੋਂ ਇਲਾਵਾ ਈਕੋ ਸਿਟੀ, ਆਈ. ਟੀ. ਸਿਟੀ ਤੇ ਐਰੋਸਿਟੀ ਵਸ ਗਈ ਹੈ ਪਰ ਹੁਣ ਤਕ ਮੋਹਾਲੀ ਵਿਚ ਨਵੇਂ ਫਾਇਰ ਸਟੇਸ਼ਨ ਨਹੀਂ ਬਣ ਸਕੇ ਹਨ । ਅਜਿਹੇ ਵਿਚ ਲੋਕਾਂ ਨੂੰ ਕਾਫ਼ੀ ਮੁਸ਼ਕਿਲ ਹੁੰਦੀ ਹੈ ।  ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਸ਼ਹਿਰ ਦੇ ਇਕ ਹਿੱਸੇ ਤੋਂ ਦੂਜੇ ਵਿਚ ਜਾਣ ਵਿਚ ਕਾਫ਼ੀ ਸਮਾਂ ਲਗ ਜਾਂਦਾ ਹੈ । ਕਈ ਵਾਰ ਇਸ ਚੱਕਰ ਵਿਚ ਜ਼ਿਆਦਾ ਨੁਕਸਾਨ ਹੋ ਜਾਂਦਾ ਹੈ । ਉਕਤ ਇਲਾਕਿਆਂ ਦੇ ਲੋਕ ਕਈ ਵਾਰ ਇਸ ਸਬੰਧੀ ਮੰਗ ਕਰ ਚੁੱਕੇ ਹਨ । ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਇਸ ਸਬੰਧੀ ਸਰਕਾਰ ਨੂੰ ਪੱਤਰ ਲਿਖਿਆ ਸੀ ।