ਪਟਾਕਿਆਂ ਦੇ ਗੋਦਾਮ ''ਚ ਲੱਗੀ ਅੱਗ ਤੋਂ ਨਹੀਂ ਲਿਆ ਬਰਨਾਲਾ ਵਾਸੀਆਂ ਨੇ ਸਬਕ

09/21/2017 2:22:22 AM

ਪੁਲਸ ਪ੍ਰਸ਼ਾਸਨ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪਰਨਾਲਾ ਉਥੇ ਦਾ ਉਥੇ
ਬਰਨਾਲਾ(ਵਿਵੇਕ ਸਿੰਧਵਾਨੀ, ਰਵੀ)-ਪਿਛਲੇ ਦਿਨੀਂ ਸੰਗਰੂਰ 'ਚ ਪਟਾਕਿਆਂ ਦੇ ਗੋਦਾਮ 'ਚ ਲੱਗੀ ਅੱਗ ਕਾਰਨ ਕਈ ਵਿਅਕਤੀਆਂ ਦੀ ਮੌਤ ਹੋ ਗਈ ਸੀ। ਤਿਉਹਾਰਾਂ ਦੇ ਮੱਦੇਨਜ਼ਰ ਭਾਰਤ ਦੇ ਹਰ ਜ਼ਿਲੇ, ਸ਼ਹਿਰ ਅਤੇ ਪਿੰਡਾਂ ਵਿਚ ਭਾਰੀ ਗਿਣਤੀ 'ਚ ਪਟਾਕਾ ਸਟੋਰ ਕੀਤਾ ਜਾਂਦਾ ਹੈ। ਤਿਉਹਾਰਾਂ ਦੇ ਮੌਕੇ ਪ੍ਰਸ਼ਾਸਨ ਵੱਲੋਂ ਪਟਾਕਿਆਂ ਦੀਆਂ ਦੁਕਾਨਾਂ ਬਾਹਰ ਖੁੱਲ੍ਹੇ ਸਥਾਨ 'ਤੇ ਅਲਾਟ ਕਰ ਦਿੱਤੀਆਂ ਜਾਂਦੀਆਂ ਹਨ ਪਰ ਪ੍ਰਸ਼ਾਸਨ ਦੇ ਆਦੇਸ਼ਾਂ ਤੋਂ ਪਹਿਲਾਂ ਹੀ ਕਰੋੜਾਂ ਰੁਪਏ ਦਾ ਪਟਾਕਾ ਸੰਘਣੀ ਆਬਾਦੀ ਵਿਚ ਸਟੋਰ ਹੋ ਜਾਂਦਾ ਹੈ। ਹਰ ਵਰ੍ਹੇ ਤਿਉਹਾਰਾਂ ਸਮੇਂ ਅੱਗ ਲੱਗਣ ਦੀਆਂ ਕਈ ਘਟਨਾਵਾਂ ਵਿਚ ਜਿਥੇ ਜਾਨ-ਮਾਲ ਦਾ ਨੁਕਸਾਨ ਹੁੰਦਾ ਹੈ, ਉਥੇ ਪਟਾਕਿਆਂ ਨੂੰ ਸਟੋਰ ਕਰਨ ਵਾਲੇ ਵਪਾਰੀ ਇਸ ਤੋਂ ਸਬਕ ਨਾ ਲੈਂਦੇ ਹੋਏ ਆਉਣ ਵਾਲੇ ਤਿਉਹਾਰਾਂ ਦੇ ਸੀਜ਼ਨ ਵਿਚ ਪਟਾਕੇ ਸਟੋਰ ਕਰ ਕੇ ਉਹੀ ਗਲਤੀ ਦੁਹਰਾਅ ਰਹੇ ਹਨ। 
ਪਟਾਕਾ ਵਪਾਰੀਆਂ ਦੀ ਲਾਪ੍ਰਵਾਹੀ ਕਾਰਨ ਹੁੰਦੇ ਹਨ ਹਾਦਸੇ : ਅਨਿਲ ਬਾਂਸਲ
ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨੇ ਕਿਹਾ ਕਿ ਬਰਨਾਲਾ ਸ਼ਹਿਰ ਲੋਕਾਂ ਵੱਲੋਂ ਨਾਜਾਇਜ਼ ਕਬਜ਼ਿਆਂ ਕਾਰਨ ਤੰਗ ਹੋ ਗਿਆ ਹੈ, ਜਿਸ ਕਾਰਨ ਅੱਗ ਬੁਝਾਉਣ ਵਾਲੀਆਂ ਗੱਡੀਆਂ ਦਾਖਲ ਨਹੀਂ ਹੋ ਸਕਦੀਆਂ ਤੇ ਫਾਇਰ ਬ੍ਰਿਗੇਡ ਦੇ ਕਰਮਚਾਰੀ ਚਾਹੁੰਦੇ ਹੋਏ ਵੀ ਨੁਕਸਾਨ ਹੋਣ ਤੋਂ ਨਹੀਂ ਰੋਕ ਸਕਦੇ। ਉਨ੍ਹਾਂ ਕਿਹਾ ਕਿ ਪਟਾਕਾ ਵਪਾਰੀਆਂ ਦੀ ਲਾਪ੍ਰਵਾਹੀ ਕਾਰਨ, ਵਿਭਾਗ ਵਿਚ ਪਈ ਕਣਕ ਵਿਚ ਅੱਗ ਲੱਗਣ, ਸਰਕਾਰੀ ਹਾਈ ਸਕੂਲ ਕੋਲ ਪਲਾਸਟਿਕ ਦੇ ਗੋਦਾਮ ਵਿਚ ਅੱਗ, ਛੰਨਾ ਭੈਣੀ ਰੋਡ 'ਤੇ ਸਥਿਤ ਇਕ ਰਾਈਸ ਮਿੱਲ ਵਿਚ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਸੀ। ਉਨ੍ਹਾਂ ਪਟਾਕਾ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਅੱਗ ਬੁਝਾਊ ਯੰਤਰ ਆਪਣੇ ਗੋਦਾਮਾਂ ਅਤੇ ਦੁਕਾਨਾਂ ਵਿਚ ਉਚਿਤ ਮਾਤਰਾ ਵਿਚ ਰੱਖਣ ਅਤੇ ਪਟਾਕੇ ਸ਼ਹਿਰ ਤੋਂ ਬਾਹਰ ਸਟੋਰ ਕਰਨ। 
ਐੱਸ. ਪੀ. ਡੀ. ਸਵਰਨ ਸਿੰਘ ਨੇ ਕੀਤੀ ਸੀ ਨਾਜਾਇਜ਼ ਕਬਜ਼ੇ ਹਟਾਉਣ ਦੀ ਪਹਿਲ 
ਕੁਝ ਮਹੀਨੇ ਪਹਿਲਾਂ ਬਰਨਾਲਾ ਦੇ ਐੱਸ. ਪੀ. ਡੀ. ਸਵਰਨ ਸਿੰਘ ਖੰਨਾ ਨੇ ਸ਼ਹਿਰ ਦਾ ਦੌਰਾ ਕਰਦਿਆਂ ਦੁਕਾਨਦਾਰਾਂ ਨੂੰ ਮਿਲ ਕੇ ਉਨ੍ਹਾਂ ਨੂੰ ਨਾਜਾਇਜ਼ ਕਬਜ਼ੇ ਹਟਾਉਣ ਦੀ ਅਪੀਲ ਕੀਤੀ ਸੀ ਤਾਂ ਕਿ ਕਿਸੇ ਵੀ ਦੁਰਘਟਨਾ ਤੋਂ ਬਚਾਅ ਹੋ ਸਕੇ ਅਤੇ ਟ੍ਰੈਫਿਕ ਸਮੱਸਿਆ ਦਾ ਵੀ ਹੱਲ ਹੋ ਸਕੇ ਪਰ ਸਵਰਨ ਸਿੰਘ ਖੰਨਾ ਦੇ ਇਸ ਪ੍ਰਸ਼ੰਸਾਯੋਗ ਕੰਮ ਦੇ ਕੁਝ ਸਮੇਂ ਬਾਅਦ ਹੀ ਪਰਨਾਲਾ ਉਥੇ ਦਾ ਉਥੇ ਹੀ ਹੈ।  
ਕੀ ਕਹਿੰਦੇ ਹਨ ਫਾਇਰ ਸਟੇਸ਼ਨ ਅਫਸਰ
ਜਦੋਂ ਇਸ ਸਬੰਧੀ ਫਾਇਰ ਸਟੇਸ਼ਨ ਅਫਸਰ ਗੁਰਜੀਤ ਸਿੰਘ ਤੋਂ ਅੱਗ ਲੱਗਣ ਦੀਆਂ ਘਟਨਾਵਾਂ 'ਤੇ ਕਾਬੂ ਪਾਉਣ ਲਈ ਫਾਇਰ ਸਟੇਸ਼ਨ ਵੱਲੋਂ ਕੀਤੇ ਪ੍ਰਬੰਧਾਂ ਸਬੰਧੀ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਕਿਹਾ ਕਿ ਬਰਨਾਲਾ ਫਾਇਰ ਸਟੇਸ਼ਨ ਦੇ ਕੋਲ ਤਿੰਨ ਅੱਗ ਬੁਝਾਉਣ ਵਾਲੀਆਂ ਗੱਡੀਆਂ ਹਨ ਜਿਨ੍ਹਾਂ ਦੀ ਸਮਰੱਥਾ 4500 ਲਿਟਰ ਪਾਣੀ ਦੀ ਹੈ ਅਤੇ ਇਕ ਮੋਟਰਸਾਈਕਲ ਦੋ ਫਾਇਰ ਯੰਤਰ ਨਾਲ ਪੂਰੀ ਤਰ੍ਹਾਂ ਲੈਸ ਹੈ। ਫਾਇਰ ਬ੍ਰਿਗੇਡ ਗੱਡੀਆਂ 'ਤੇ 19 ਵਿਅਕਤੀ ਕੰਮ ਕਰਦੇ ਹਨ, ਜੋ ਲਗਾਤਾਰ 24 ਘੰਟੇ ਤਿਆਰ ਰਹਿੰਦੇ ਹਨ। ਜ਼ਰੂਰਤ ਪੈਣ 'ਤੇ ਟਰਾਈਡੈਂਟ ਗਰੁੱਪ, ਸਟੈਂਡਰਡ ਕੰਬਾਈਨ ਅਤੇ ਏਅਰ ਫੋਰਸ ਦੀਆਂ ਅੱਗ ਬੁਝਾਊ ਗੱਡੀਆਂ ਅਤੇ ਕਰਮਚਾਰੀਆਂ ਦੀ ਮਦਦ ਲਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਤਿਉਹਾਰਾਂ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਕੀਤੇ ਜਾ ਰਹੇ ਹਨ।  ਪਟਾਕਾ ਵਪਾਰੀਆਂ ਵੱਲੋਂ ਕਿੰਨੇ ਲਾਇਸੈਂਸ ਲਏ ਗਏ ਹਨ, ਸਬੰਧੀ ਪੁੱਛੇ ਗਏ ਪ੍ਰਸ਼ਨ ਦੇ ਉੱਤਰ ਵਿਚ ਉਨ੍ਹਾਂ ਕਿਹਾ ਕਿ ਹੁਣ ਤੱਕ ਸਾਡੇ ਕੋਲ ਕਿਸੇ ਵੀ ਪਟਾਕਾ ਵਪਾਰੀ ਦੇ ਲਾਇਸੈਂਸ ਲੈਣ ਸਬੰਧੀ ਕੋਈ ਜਾਣਕਾਰੀ ਨਹੀਂ ਹੈ।