ਪਰਿਵਾਰ ’ਤੇ ਹਥਿਆਰਾਂ ਨਾਲ ਹਮਲਾ ਕਰਨ ਵਾਲੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ

04/13/2024 1:55:12 PM

ਲੁਧਿਆਣਾ (ਅਨਿਲ) : ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਨਿਊ ਕਰਤਾਰ ਨਗਰ ’ਚ 10 ਅਪ੍ਰੈਲ ਨੂੰ 2 ਧਿਰਾਂ ਦਰਮਿਆਨ ਕਾਰ ਖੜ੍ਹੀ ਕਰਨ ਨੂੰ ਲੈ ਕੇ ਲੜਾਈ-ਝਗੜਾ ਹੋਇਆ ਸੀ। ਇਸ ਤੋਂ ਬਾਅਦ ਪੁਲਸ ਨੇ ਕੇਸ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ। ਥਾਣਾ ਮੁਖੀ ਜੈਦੀਪ ਜਾਖੜ ਨੇ ਦੱਸਿਆ ਕਿ ਪੁਲਸ ਨੇ ਸ਼ਿਕਾਇਤਕਰਤਾ ਅਰੁਣ ਸ਼ਰਮਾ ਦੀ ਸ਼ਿਕਾਇਤ ’ਤੇ 4 ਹਮਲਾਵਰਾਂ ਅਤੇ ਉਨ੍ਹਾਂ ਦੇ 15 ਅਣਪਛਾਤੇ ਸਾਥੀਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।

ਜਾਂਚ ਅਧਿਕਾਰੀ ਨੇ ਦੱਸਿਆ ਕਿ ਅਰੁਣ ਸ਼ਰਮਾ ਨੇ ਸ਼ਿਕਾਇਤ ’ਚ ਦੱਸਿਆ ਕਿ ਉਸ ਦੀ ਮੁਹੱਲੇ ’ਚ ਸਟੇਸ਼ਨਰੀ ਦੀ ਦੁਕਾਨ ਹੈ। 10 ਅਪ੍ਰੈਲ ਨੂੰ ਉਹ ਆਪਣੀ ਦੁਕਾਨ ’ਤੇ ਮੌਜੂਦ ਸੀ ਅਤੇ ਉਸੇ ਸਮੇਂ ਉਨ੍ਹਾਂ ਦੇ ਮੁਹੱਲੇ ਦੇ ਕੁੱਝ ਲੋਕ ਜਿਨ੍ਹਾਂ ਦੇ ਨਾਲ ਕੁੱਝ ਦਿਨ ਪਹਿਲਾਂ ਗਲੀ ’ਚ ਕਾਰ ਖੜ੍ਹੀ ਕਰਨ ਕਰ ਕੇ ਬਹਿਸਬਾਜ਼ੀ ਹੋਈ ਸੀ, ਉਹ ਤੇਜ਼ਧਾਰ ਹਥਿਆਰ ਲੈ ਕੇ ਉਸ ਦੀ ਦੁਕਾਨ ’ਤੇ ਆ ਗਏ, ਜਿਨ੍ਹਾਂ ਨੇ ਹਥਿਆਰਾਂ ਨਾਲ ਉਸ ਦੇ ਬਜ਼ੁਰਗ ਪਿਤਾ, ਬਜ਼ੁਰਗ ਮਾਤਾ, ਛੋਟੇ ਭਰਾ ਅਤੇ ਉਸ ਦੇ ਬੇਟੇ ’ਤੇ ਹਮਲਾ ਕਰ ਦਿੱਤਾ।

ਮੁਲਜ਼ਮਾਂ ਨੇ ਜੰਮ ਕੇ ਤਲਵਾਰਾਂ ਅਤੇ ਹੋਰ ਹਥਿਆਰਾਂ ਨਾਲ ਉਨ੍ਹਾਂ ਦੀ ਕੁੱਟਮਾਰ ਕੀਤੀ, ਜਿਸ ਤੋਂ ਬਾਅਦ ਜਦੋਂ ਮੁਹੱਲੇ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਸਾਰੇ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ। ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲਸ ਨੇ ਕੁਨਾਲ ਭੱਠਲ, ਰਮੇਸ਼ ਭੱਠਲ, ਫ੍ਰਿਜ ਵਾਲੇ ਦੇ ਲੜਕੇ ਅਤੇ ਰਮੇਸ਼ ਭੱਠਲ ਦੇ ਭਤੀਜੇ ਸਮੇਤ 15 ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹੁਣ ਤੱਕ ਉਕਤ ਮਾਮਲੇ ’ਚ ਕਿਸੇ ਵੀ ਮੁਲਜ਼ਮ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ। ਸਾਰੇ ਮੁਲਜ਼ਮ ਫ਼ਰਾਰ ਹਨ।
 

Babita

This news is Content Editor Babita