ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਦੇ ਪੁੱਤਰ ਖ਼ਿਲਾਫ਼ FIR ਦਰਜ, ਜਾਣੋ ਕੀ ਹੈ ਪੂਰਾ ਮਾਮਲਾ

08/25/2023 5:58:41 AM

ਚੰਡੀਗੜ੍ਹ (ਸੁਸ਼ੀਲ)- ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਬੇਟੇ ਉਦੇਵੀਰ ਰੰਧਾਵਾ ਖ਼ਿਲਾਫ਼ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਉਦੇਵੀਰ ਅਤੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਵਿਚਕਾਰ ਬੁੱਧਵਾਰ ਰਾਤ ਸੈਕਟਰ-17 ਸਥਿਤ ਹਯਾਤ ਹੋਟਲ ਵਿਚ ਖੂਬ ਕੁੱਟਮਾਰ ਹੋਈ। ਉਦੇਵੀਰ ਪਰਿਵਾਰ ਦੇ ਨਾਲ ਆਇਆ ਹੋਇਆ ਸੀ, ਜਦੋਂ ਕਿ ਵਿਦਿਆਰਥੀ ਦੋਸਤਾਂ ਦੇ ਨਾਲ ਡਿਨਰ ਕਰਨ ਗਿਆ ਸੀ।

ਵਿਦਿਆਰਥੀ ਨਰਵੀਰ ਗਿੱਲ ਨੇ ਦੋਸ਼ ਲਾਇਆ ਕਿ ਉਦੇਵੀਰ ਅਤੇ ਉਸ ਦਾ ਗੰਨਮੈਨ ਉਸ ਨੂੰ ਜ਼ਬਰਦਸਤੀ ਗੱਡੀ ਵਿਚ ਬਿਠਾ ਕੇ ਬੰਦੂਕ ਦੀ ਨੋਕ ’ਤੇ ਸੈਕਟਰ-17 ਪੁਲਸ ਸਟੇਸ਼ਨ ਲੈ ਗਏ ਅਤੇ ਥਾਣੇ ਵਿਚ ਬਦਸਲੂਕੀ ਕੀਤੀ। ਖੁਦ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਥਾਣੇ ਪੁੱਜੇ ਅਤੇ ਪੁਲਸ ’ਤੇ ਸਮਝੌਤਾ ਕਰਵਾਉਣ ਦਾ ਦਬਾਅ ਬਣਾਇਆ। ਉਹ ਨਹੀਂ ਮੰਨਿਆ ਤਾਂ ਪੁਲਸ ਨੇ ਕਾਫ਼ੀ ਦੇਰ ਬਾਅਦ ਨਰਵੀਰ ਅਤੇ ਉਦੇਵੀਰ ਦਾ ਸੈੈਕਟਰ-16 ਜਨਰਲ ਹਸਪਤਾਲ ਵਿਚ ਮੈਡੀਕਲ ਕਰਵਾਇਆ। ਨਰਵੀਰ ਦੇ ਮੱਥੇ ’ਤੇ ਦੋ ਟਾਂਕੇ ਲੱਗੇ ਹਨ। ਉਦੇਵੀਰ ਅਤੇ ਨਰਵੀਰ ਨੇ ਇਕ-ਦੂਜੇ ਖਿਲਾਫ਼ ਸ਼ਿਕਾਇਤ ਪੁਲਸ ਨੂੰ ਦਿੱਤੀ।

ਇਹ ਖ਼ਬਰ ਵੀ ਪੜ੍ਹੋ - ਕਪੂਰਥਲਾ 'ਚ ਵਾਪਰੀ ਸ਼ਰਮਨਾਕ ਘਟਨਾ, 9 ਸਾਲਾ ਦਿਵਿਆਂਗ ਬੱਚੀ ਨਾਲ ਜਬਰ-ਜ਼ਿਨਾਹ

ਮਾਮਲੇ ਵਿਚ ਸੈਕਟਰ-17 ਥਾਣਾ ਪੁਲਸ ਨੇ ਕ੍ਰਾਸ ਐੱਫ਼. ਆਈ. ਆਰ. ਦਰਜ ਕਰ ਲਈ ਹੈ। ਪੁਲਸ ਨੇ ਮਾਮਲੇ ਵਿਚ ਜ਼ਮਾਨਤੀ ਧਾਰਾਵਾਂ ਲਾਈਆਂ ਹਨ। ਅਜੇ ਤਕ ਪੁਲਸ ਨੇ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਬੇਟੇ ਉਦੇਵੀਰ ਦੇ ਨਾਲ ਕੁੱਟਮਾਰ ਦੀ ਸੂਚਨਾ ਮਿਲਦਿਆਂ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸੈਕਟਰ-17 ਪੁਲਸ ਥਾਣੇ ਪੁੱਜੇ। ਥਾਣਾ ਇੰਚਾਰਜ ਦੇ ਕਮਰੇ ਵਿਚ ਪੂਰਾ ਮਾਮਲਾ ਜਾਣਿਆ ਅਤੇ ਸਮਝੌਤਾ ਕਰਵਾਉਣਾ ਚਾਹਿਆ। ਦੋਸ਼ ਹੈ ਕਿ ਪੁਲਸ ਨੇ ਵੀ ਲਾਅ ਵਿਦਿਆਰਥੀ ਨਰਵੀਰ ’ਤੇ ਸਮਝੌਤੇ ਦਾ ਦਬਾਅ ਬਣਾਇਆ ਪਰ ਉਹ ਨਹੀਂ ਮੰਨਿਆ।

ਇਸ ਦੌਰਾਨ ਨਰਵੀਰ ਦੇ ਸਾਥੀ ਵਿਦਿਆਰਥੀ ਸੈਕਟਰ-17 ਥਾਣੇ ਪਹੁੰਚ ਗਏ। ਵਿਦਿਆਰਥੀ ਇਕੱਠੇ ਹੁੰਦੇ ਦੇਖ ਪੁਲਸ ਨੇ ਦੋਵਾਂ ਧਿਰਾਂ ਦਾ ਮੈਡੀਕਲ ਕਰਵਾਇਆ। ਇਸ ਤੋਂ ਬਾਅਦ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਬੇਟੇ ਨੂੰ ਲੈ ਕੇ ਚਲੇ ਗਏ।

ਵਿਦਿਆਰਥੀ ਨੇ ਕਿਹਾ, ਹੋਟਲ ਦੇ ਵਾਸ਼ਰੂਮ ’ਚ ਕੀਤੀ ਕੁੱਟਮਾਰ

ਮੋਹਾਲੀ ਨਿਵਾਸੀ ਨਰਵੀਰ ਗਿੱਲ ਨੇ ਪੁਲਸ ਨੂੰ ਦੱਸਿਆ ਕਿ ਉਹ ਪੰਜਾਬ ਯੂਨੀਵਰਸਿਟੀ ਵਿਚ ਲਾਅ ਦਾ ਵਿਦਿਆਰਥੀ ਹੈ। ਬੁੱਧਵਾਰ ਰਾਤ ਤਿੰਨ ਦੋਸਤਾਂ ਨਾਲ ਸੈਕਟਰ-17 ਹਯਾਤ ਹੋਟਲ ਵਿਚ ਡਿਨਰ ਕਰਨ ਗਿਆ ਸੀ। ਉਸੇ ਹੋਟਲ ਵਿਚ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਪੁੱਤਰ ਉਦੇਵੀਰ ਪਰਿਵਾਰ ਦੇ ਨਾਲ ਡਿਨਰ ਕਰਨ ਆਇਆ ਸੀ। ਉਦੇਵੀਰ ਹੋਟਲ ਦੇ ਵਾਸ਼ਰੂਮ ਵਿਚ ਗਿਆ ਅਤੇ ਕੁਝ ਦੇਰ ਬਾਅਦ ਨਰਵੀਰ ਵੀ ਵਾਸ਼ਰੂਮ ਵਿਚ ਚਲਾ ਗਿਆ। ਵਾਸ਼ਰੂਮ ਦੇ ਅੰਦਰ ਦੋਵਾਂ ਵਿਚਕਾਰ ਹੱਥੋਪਾਈ ਹੋਈ।

ਇਹ ਖ਼ਬਰ ਵੀ ਪੜ੍ਹੋ - CM ਮਾਨ ਦਾ ਕਿਸਾਨਾਂ ਲਈ ਅਹਿਮ ਐਲਾਨ, ਫ਼ਸਲਾਂ ਦੀ ਰਹਿੰਦ-ਖੂੰਹਦ ਸਾੜਨ ਤੋਂ ਰੋਕਣ ਲਈ ਚੁੱਕਿਆ ਇਹ ਕਦਮ

ਨਰਵੀਰ ਨੇ ਦੋਸ਼ ਲਾਇਆ ਕਿ ਉਸ ਨੂੰ ਦੇਖਦਿਆਂ ਹੀ ਉਦੇਵੀਰ ਨੇ ਹਮਲਾ ਕਰ ਦਿੱਤਾ। ਉਹ ਜਾਨ ਬਚਾਉਂਦੇ ਹੋਏ ਵਾਸ਼ਰੂਮ ਤੋਂ ਬਾਹਰ ਆਇਆ ਤਾਂ ਉਸ ਦਾ ਪੂਰਾ ਪਰਿਵਾਰ ਉਸਨੂੰ ਕੁੱਟਣ ਲੱਗ ਪਿਆ। ਉਹ ਦੌੜ ਕੇ ਬਾਹਰ ਗਿਆ ਤਾਂ ਉਦੇਵੀਰ ਦੋ ਗੰਨਮੈਨਾਂ ਨਾਲ ਪਿੱਛਾ ਕਰਦਾ ਹੋਇਆ ਆਇਆ ਅਤੇ ਉਸ ਨੂੰ ਫੜ੍ਹ ਕੇ ਕੁੱਟਮਾਰ ਕੀਤੀ।

ਨਰਵੀਰ ਮੁਤਾਬਿਕ ਉਹ ਬਚਣ ਲਈ ਭੱਜਿਆ ਪਰ ਸੈਕਟਰ-17 ਅਤੇ 18 ਦੇ ਲਾਈਟ ਪੁਆਇੰਟ ’ਤੇ ਮੁਲਜ਼ਮਾਂ ਨੇ ਗੱਡੀ ਵਿਚ ਉਸਨੂੰ ਅਗਵਾ ਕਰ ਲਿਆ। ਉਹ ਅਣਪਛਾਤੀ ਜਗ੍ਹਾ ’ਤੇ ਲਿਜਾਣ ਲੱਗੇ ਪਰ ਇਸ ਦੌਰਾਨ ਨਰਵੀਰ ਨੇ ਦੋਸਤਾਂ ਨੂੰ ਘਟਨਾ ਸਬੰਧੀ ਜਾਣਕਾਰੀ ਦਿੱਤੀ। ਸੂਚਨਾ ਮਿਲਦਿਆਂ ਹੀ ਦੋਸਤ ਗੱਡੀ ਵਿਚ ਆ ਗਏ ਅਤੇ ਗੱਡੀਆਂ ਦੇਖ ਕੇ ਉਦੇਵੀਰ ਘਬਰਾ ਗਿਆ। ਉਸ ਨੂੰ ਸੈਕਟਰ-17 ਥਾਣੇ ਲੈ ਗਏ, ਜਿੱਥੇ ਦੋਸ਼ ਮੁਤਾਬਿਕ ਉਦੇਵੀਰ ਨੇ ਪੁਲਸ ਵਾਲਿਆਂ ਨਾਲ ਵੀ ਬਦਤਮੀਜ਼ੀ ਕੀਤੀ।

ਦੋਸਤ ਨੇ ਕਿਹਾ, ਦੋਵਾਂ ਵਿਚਕਾਰ ਕਈ ਸਾਲਾਂ ਤੋਂ ਰੰਜਿਸ਼

ਨਰਵੀਰ ਦੇ ਦੋਸਤ ਮੀਤ ਨੇ ਦੱਸਿਆ ਕਿ ਨਰਵੀਰ ਅਤੇ ਉਦੇਵੀਰ ਵਿਚ ਪੁਰਾਣੀ ਰੰਜਿਸ਼ ਹੈ। ਪਹਿਲਾਂ ਵੀ ਦੋਵਾਂ ਵਿਚਕਾਰ ਕਈ ਵਾਰ ਲੜਾਈ ਹੋ ਚੁੱਕੀ ਹੈ। ਨਰਵੀਰ ਨੇ ਦੱਸਿਆ ਕਿ 2019 ਵਿਚ ਕਾਮਨ ਫਰੈਂਡ ਕਾਰਨ ਲੜਾਈ ਹੋਈ ਸੀ। ਅਕਤੂਬਰ 2020 ਵਿਚ ਸ਼ਿਮਲਾ ਰੋਡ ’ਤੇ ਵੀ ਦੋਵਾਂ ਧਿਰਾਂ ’ਚ ਕੁੱਟਮਾਰ ਹੋਈ ਸੀ। ਉਸ ਸਮੇਂ ਵੀ ਦੋਵਾਂ ਧਿਰਾਂ ਵਿਚਕਾਰ ਸਮਝੌਤਾ ਹੋ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ - ਲੁਧਿਆਣਾ 'ਚ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼, ਅਧਿਕਾਰੀ ਦੀ ਕੋਠੀ 'ਚ ਚੱਲ ਰਿਹਾ ਸੀ ਗੰਦਾ ਧੰਦਾ

ਦੋਵੇਂ ਪਾਸਿਓਂ ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਕੀਤੀ ਕ੍ਰਾਸ ਐੱਫ਼. ਆਈ. ਆਰ. ਦਰਜ

ਵਿਦਿਆਰਥੀ ਨਰਵੀਰ ਸਿੰਘ ਖਿਲਾਫ਼ ਆਈ. ਪੀ. ਸੀ. ਦੀ ਧਾਰਾ 323, 341 ਤੇ 506 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ, ਉਥੇ ਹੀ ਉਦੇਵੀਰ ਸਿੰਘ ਖਿਲਾਫ਼ ਆਈ. ਪੀ. ਸੀ. ਦੀ ਧਾਰਾ 323 ਤੇ 341 ਤਹਿਤ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੱਸਣਯੋਗ ਹੈ ਕਿ ਆਈ. ਪੀ. ਸੀ. ਦੀ ਧਾਰਾ 323 ਤਹਿਤ ਕਿਸੇ ਨੂੰ ਜਾਣਬੁੱਝ ਕੇ ਸੱਟ ਲਾਉਣ, ਧਾਰਾ-341 ਤਹਿਤ ਕਿਸੇ ਦਾ ਅਪਰਾਧਿਕ ਪੱਧਰ ’ਤੇ ਰਸਤਾ ਰੋਕਣ ਤੇ ਧਾਰਾ 506 ਤਹਿਤ ਕਿਸੇ ਨੂੰ ਅਪਰਾਧਿਕ ਰੂਪ ਨਾਲ ਧਮਕਾਉਣਾ ਸ਼ਾਮਲ ਹੈ। ਸ਼ਿਕਾਇਤ ਮਿਲਣ ਤੋਂ ਬਾਅਦ ਸੈਕਟਰ-17 ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਹੋਟਲ ਹਯਾਤ ਤੋਂ ਸੀ. ਸੀ. ਟੀ. ਵੀ. ਫੁਟੇਜ ਚੈੱਕ ਕੀਤੀ। ਫੁਟੇਜ ਵਿਚ ਪਹਿਲਾਂ ਉਦੇਵੀਰ ਅਤੇ ਉਸ ਤੋਂ ਬਾਅਦ ਨਰਵੀਰ ਵਾਸ਼ਰੂਮ ਗਿਆ। ਥੋੜ੍ਹੀ ਦੇਰ ਬਾਅਦ ਦੋਵੇਂ ਹੀ ਬਾਹਰ ਆ ਗਏ। ਉਦੇਵੀਰ ਦੀ ਪੱਗ ਖੁੱਲ੍ਹੀ ਹੋਈ ਸੀ ਅਤੇ ਨਰਵੀਰ ਦੇ ਸਿਰ ਵਿਚ ਸੱਟ ਲੱਗੀ ਹੋਈ ਸੀ। ਇਸ ਤੋਂ ਇਲਾਵਾ ਪੁਲਸ ਨੂੰ ਸਾਗਰ ਰਤਨਾ ਦੇ ਸਾਹਮਣਿਓਂ ਫੁਟੇਜ ਮਿਲੀ ਹੈ, ਜਿਸ ਵਿਚ ਨਰਵੀਰ ਨੂੰ ਗੰਨਮੈਨ ਜਬਰਦਸਤੀ ਗੱਡੀ ਵਿਚ ਬੈਠਾ ਰਿਹਾ ਹੈ। ਚੰਡੀਗੜ੍ਹ ਪੁਲਸ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਬੇਟੇ ਦਾ ਕਸੂਰ ਤਾਂ ਪੁਲਸ ਕਾਰਵਾਈ ਕਰੇ : ਰੰਧਾਵਾ

ਇਕ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਦੇ ਸਵਾਲ ’ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਇਹ ਬੱਚਿਆਂ ਦੀ ਲੜਾਈ ਹੈ। ਇਸ ਨੂੰ ਇਸ ਤਰ੍ਹਾਂ ਤੂਲ ਨਹੀਂ ਦਿੱਤਾ ਜਾਣਾ ਚਾਹੀਦਾ। ਜਦੋਂ ਅਸੀਂ ਤੇ ਤੁਸੀਂ ਛੋਟੇ ਸੀ ਤਾਂ ਇਸ ਤਰ੍ਹਾਂ ਦੀਆਂ ਗੱਲਾਂ ਹੋ ਜਾਂਦੀਆਂ ਸਨ। ਪੁਲਸ ਨੂੰ ਕਿਹਾ ਹੈ ਕਿ ਜੇਕਰ ਮੇਰੇ ਬੇਟੇ ਦਾ ਕਸੂਰ ਹੈ ਤਾਂ ਉਸ ’ਤੇ ਕਾਰਵਾਈ ਕੀਤੀ ਜਾਵੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

Anmol Tagra

This news is Content Editor Anmol Tagra