ਲੁਧਿਆਣਾ 'ਚ ਫਾਈਨਾਂਸਰ ਦਾ ਗੋਲੀਆਂ ਮਾਰ ਕੇ ਕਤਲ

01/23/2020 10:14:23 PM

ਲੁਧਿਆਣਾ,(ਰਿਸ਼ੀ)-ਸ਼ਹਿਰ 'ਚ ਜਵਾਹਰ ਨਗਰ ਕੈਂਪ 'ਚ ਡਾ. ਰਵਿੰਦਰ ਸਿੰਘ ਦੂਆ ਦੇ ਕਲੀਨਿਕ 'ਚ ਦਾਖਲ ਹੋ ਕੇ ਗੈਂਗਸਟਰ ਸੁਖਵਿੰਦਰ ਸਿੰਘ ਮੋਨੀ ਨੇ ਆਪਣੇ ਇਕ ਸਾਥੀ ਸਮੇਤ ਫਾਈਨਾਂਸਰ ਹਰਜਿੰਦਰ ਸਿੰਘ ਜਿੰਦੀ 'ਤੇ 6 ਗੋਲੀਆਂ ਦਾਗ ਦਿੱਤੀਆਂ। ਸਿਰ ਅਤੇ ਛਾਤੀ ਸਮੇਤ ਸਰੀਰ ਦੇ ਹੋਰਨਾਂ ਹਿੱਸਿਆਂ 'ਤੇ ਗੋਲੀਆਂ ਲੱਗਣ ਨਾਲ ਜਿੰਦੀ ਦੀ ਡੀ. ਐੱਮ. ਸੀ. ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਪਤਾ ਲਗਦੇ ਹੀ ਡੀ. ਸੀ. ਪੀ ਅਸ਼ਵਨੀ ਕਪੂਰ, ਡੀ. ਸੀ. ਪੀ. ਐੱਸ. ਐੱਸ. ਢੀਂਡਸਾ ਸਮੇਤ ਹੋਰ ਅਫਸਰ ਘਟਨਾ ਵਾਲੀ ਜਗ੍ਹਾ 'ਤੇ ਪੁੱਜੇ ਅਤੇ ਦੇਖਦੇ ਹੀ ਦੇਖਦੇ ਪੂਰਾ ਇਲਾਕਾ ਪੁਲਸ ਛਾਉਣੀ ਵਿਚ ਤਬਦੀਲ ਕਰ ਦਿੱਤਾ ਗਿਆ। ਪੁਲਸ ਨੇ ਮੌਕੇ ਤੋਂ ਮਿਲੀ ਫੁਟੇਜ ਤੋਂ ਇਕ ਕਾਤਲ ਮੋਨੀ ਦੀ ਪਛਾਣ ਕੀਤੀ ਹੈ। ਮੋਨੀ ਨੇ ਨਵੰਬਰ ਮਹੀਨੇ ਵਿਚ ਜਗਰਾਓਂ ਦੇ ਪਿੰਡ ਪੱਖੋਵਾਲ ਵਿਚ ਆਪਣੇ ਸਾਥੀਆਂ ਸਮੇਤ ਐੱਸ. ਬੀ. ਆਈ. ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲੈ ਗਿਆ ਸੀ, ਉਦੋਂ ਤੋਂ ਪੁਲਸ ਨੂੰ ਉਸ ਦੀ ਭਾਲ ਸੀ।

ਜਾਣਕਾਰੀ ਮੁਤਾਬਕ ਜਿੰਦੀ ਹਰ ਰੋਜ਼ ਵਾਂਗ ਵੀਰਵਾਰ ਸ਼ਾਮ ਨੂੰ ਆਪਣੇ ਦੋਸਤ ਦੇ ਕਲੀਨਿਕ ਦੇ ਬਾਹਰ ਆ ਕੇ ਕੁਰਸੀ 'ਤੇ ਬੈਠਾ ਸੀ, ਉਸੇ ਸਮੇਂ ਸਾਹਮਣਿਓਂ ਆਏ 2 ਨੌਜਵਾਨਾਂ ਨੇ ਉਸ 'ਤੇ ਗੋਲੀ ਚਲਾਈ ਪਰ ਉਸ ਨੂੰ ਗੋਲੀ ਨਹੀਂ ਲੱਗੀ ਅਤੇ ਉਹ ਕਲੀਨਿਕ ਦੇ ਅੰਦਰ ਵੱਲ ਭੱਜਿਆ ਤਾਂ ਦੋਵਾਂ ਨੇ ਕਲੀਨਿਕ ਦੇ ਅੰਦਰ ਦਾਖਲ ਹੋ ਕੇ ਉਸ 'ਤੇ ਇਕ ਤੋਂ ਬਾਅਦ ਇਕ 6 ਗੋਲੀਆਂ ਦਾਗ ਦਿੱਤੀਆਂ। ਦੋਵਾਂ ਦੇ ਹੱਥਾਂ ਵਿਚ ਰਿਵਾਲਵਰ ਸਨ, ਜਿਸ ਤੋਂ ਬਾਅਦ ਬਾਹਰ ਮਾਰਕਿਟ ਵਿਚ ਆ ਕੇ ਹਵਾਈ ਫਾਇਰ ਕਰ ਕੇ ਫਰਾਰ ਹੋ ਗਏ। ਜਿਸ ਤੋਂ ਬਾਅਦ ਲੋਕਾਂ ਨੇ ਲਹੂ-ਲੁਹਾਨ ਹਾਲਤ ਵਿਚ ਜਿੰਦੀ ਨੂੰ ਕਾਰ ਵਿਚ ਇਲਾਜ ਲਈ ਹਸਪਤਾਲ ਪਹੁੰਚਾਇਆ।ਜਿਥੇ ਉਸ ਦੀ ਮੌਤ ਹੋ ਗਈ। ਪੁਲਸ ਮੁਤਾਬਕ ਜਿੰਦੀ ਦਾ ਫਾਈਨਾਂਸ ਦਾ ਕੰਮ ਸੀ ਅਤੇ ਬੱਸ ਅੱਡੇ ਦੇ ਕੋਲ ਆਪਣਾ ਹੋਟਲ ਬਣਾ ਰਿਹਾ ਸੀ, ਉਸ ਦੇ 2 ਬੇਟੇ ਹਨ। ਲਗਭਗ 1 ਮਹੀਨਾ ਪਹਿਲਾਂ ਉਸ ਦੀ ਮਾਤਾ ਦਾ ਦਿਹਾਂਤ ਹੋਇਆ ਹੈ ਤੇ ਉਸ ਦਾ ਇਕ ਵੱਡਾ ਭਰਾ ਕਮਲਜੀਤ ਸਿੰਘ ਅਤੇ ਛੋਟਾ ਭਰਾ ਨਰਿੰਦਰ ਹੈ।