ਫਾਈਨਾਂਸਰ ਜਿੰਦੀ ਕਤਲ ਕੇਸ ਦੇ ਮਾਮਲੇ ''ਚ ਪੋਸਟਮਾਰਟਮ ਰਿਪੋਰਟ ''ਚ ਹੋਏ ਖੁਲਾਸੇ

01/25/2020 5:03:48 PM

ਲੁਧਿਆਣਾ (ਰਿਸ਼ੀ)- ਜਵਾਹਰ ਨਗਰ ਕੈਂਪ 'ਚ ਡਾਕਟਰ ਰਵਿੰਦਰ ਸਿੰਘ ਦੂਆ ਦੇ ਕਲੀਨਿਕ ਵਿਚ ਦਾਖਲ ਹੋ ਕੇ ਫਾਈਨਾਂਸਰ ਹਰਜਿੰਦਰ ਸਿੰਘ ਜਿੰਦੀ 'ਤੇ ਗੋਲੀਆਂ ਦਾਗਣ ਵਾਲੇ ਜਵਾਹਰ ਨਗਰ ਕੈਂਪ ਦੇ ਰਹਿਣ ਵਾਲੇ ਮੋਨੀ ਦਾ 24 ਘੰਟੇ ਗੁਜ਼ਰ ਜਾਣ 'ਤੇ ਵੀ ਪੁਲਸ ਦੇ ਹੱਥ ਕੋਈ ਸੁਰਾਗ ਨਹੀਂ ਲੱਗ ਸਕਿਆ ਹੈ। ਪੁਲਸ ਵੱਲੋਂ ਉਸ ਦੀ ਭਾਲ ਵਿਚ ਕਈ ਟੀਮਾਂ ਬਣਾਈਆਂ ਗਈਆਂ ਹਨ, ਜੋ ਉਸ ਦੇ ਸਾਰੇ ਟਿਕਾਣਿਆਂ 'ਤੇ ਰੇਡ ਕਰ ਰਹੀਆਂ ਹਨ। ਸ਼ੁੱਕਰਵਾਰ ਨੂੰ ਸਿਵਲ ਹਸਪਤਾਲ ਦੇ ਤਿੰਨ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕਰ ਕੇ ਪਰਿਵਾਰ ਹਵਾਲੇ ਕਰ ਦਿੱਤ। ਬੋਰਡ ਵਿਚ ਡਾਕਟਰ ਸ਼ੀਤਲ, ਡਾਕਟਰ ਰੋਹਿਤ ਰਾਮਪਾਲ ਅੇਤ ਡਾਕਟਰ ਰਮਨਦੀਪ ਸਨ। ਪੋਸਟਮਾਰਟਮ ਰਿਪੋਰਟ ਦੇ ਮੁਤਾਬਕ ਜਿੰਦੀ ਦੇ ਸਰੀਰ ਵਿਚ ਕੁਲ 7 ਗੋਲੀਆਂ ਲੱਗੀਆਂ ਹਨ। ਖੱਬੇ ਹੱਥ 'ਤੇ ਲੱਗੀਆਂ ਦੋ ਗੋਲੀਆਂ ਆਰ-ਪਾਰ ਹੋ ਗਈਆਂ ਜਦੋਂਕਿ 5 ਗੋਲੀਆਂ ਉਸ ਦੇ ਸਰੀਰ ਵਿਚ ਫਸ ਗਈਆਂ, ਜਿਸ ਸਬੰਧੀ ਪੋਸਟਮਾਰਟਮ ਤੋਂ ਪਹਿਲਾਂ ਕੀਤੇ ਗਏ ਐਕਸਰੇ ਵਿਚ ਪਤਾ ਲੱਗਾ, ਜਿਸ ਤੋਂ ਬਾਅਦ ਪੰਜੇ ਗੋਲੀਆਂ ਬਾਹਰ ਕੱਢੀਆਂ ਗਈਆਂ। ਡਾਕਟਰਾਂ ਮੁਤਾਬਕ ਇਕ ਗੋਲੀ ਸਿਰ ਵਿਚ ਖੱਬੇ ਪਾਸਿਓਂ ਦਾਖਲ ਹੋ ਕੇ ਸੱਜੇ ਪਾਸੇ ਜਾ ਫਸੀ, ਜਦੋਂਕਿ 2 ਗੋਲੀਆਂ ਛਾਤੀ ਅਤੇ ਢਿੱਡ ਤੋਂ ਬਾਹਰ ਕੱਢੀਆਂ ਗਈਆਂ। ਗੋਲੀ ਲੱਗਣ ਨਾਲ ਜਿੰਦੀ ਦਾ ਲੀਵਰ, ਫੇਫੜੇ, ਦਿਲ ਅੰਦਰ ਹੀ ਫਟ ਗਿਆ।

ਪੁਲਸ ਨੇ ਕੀਤਾ ਫਿਰ ਘਟਨਾ ਸਥਾਨ ਦਾ ਦੌਰਾ
ਸ਼ੁੱਕਰਵਾਰ ਨੂੰ ਪੁਲਸ ਦੀ ਜਾਂਚ ਟੀਮ ਫਿਰ ਘਟਨਾ ਸਥਾਨ 'ਤੇ ਪੁੱਜੀ ਅਤੇ ਉੱਥੋਂ ਕਈ ਸੁਰਾਗ ਇਕੱਠੇ ਕੀਤੇ, ਨਾਲ ਹੀ ਪੁਲਸ ਕਾਤਲਾਂ ਵੱਲੋਂ ਬਾਹਰ ਚਲਾਈਆਂ ਗਈਆਂ ਗੋਲੀਆਂ ਦੇ ਖੋਲ ਵੀ ਲੱਭਣੀ ਦਿਸੀ।

ਜਵਾਹਰ ਨਗਰ ਕੈਂਪ ਰਿਹਾ ਬੰਦ, ਰਿਸ਼ਤੇਦਾਰਾਂ ਨੇ ਕੀਤਾ ਅੰਤਿਮ ਸੰਸਕਾਰ
ਸਾਰਾ ਦਿਨ ਜਵਾਹਰ ਨਗਰ ਕੈਂਪ ਦੀ ਸਾਰੀ ਮਾਰਕੀਟ ਬੰਦ ਰਹੀ ਅਤੇ ਲੋਕ ਆਪਸ ਵਿਚ ਜਿੰਦੀ ਸਬੰਧੀ ਹੀ ਗੱਲਬਾਤ ਕਰਦੇ ਦਿਸੇ, ਨਾਲ ਹੀ ਕਾਨੂੰਨੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਪਰਿਵਾਰ ਅਤੇ ਰਿਸ਼ਤੇਦਾਰਾਂ ਨੇ ਦਾਹ ਸੰਸਕਾਰ ਕਰ ਦਿੱਤਾ।

ਸੀ. ਸੀ. ਟੀ. ਵੀ. ਫੁਟੇਜ ਤੋਂ ਕੀਤੀ ਪੁਲਸ ਨੇ ਮੋਨੀ ਦੀ ਪਛਾਣ
ਜਗਰਾਓਂ ਦੇ ਪਿੰਡ ਪੱਖੋਵਾਲ ਵਿਚ ਐੱਸ. ਬੀ. ਆਈ. ਬੈਂਕ ਦਾ ਏ. ਟੀ. ਐੱਮ. ਪੁੱਟ ਕੇ ਲਿਜਾਣ ਵਾਲੇ ਗੈਂਗ ਦਾ ਮੋਨੀ ਮਾਸਟਰ ਮਾਈਂਡ ਸੀ। ਪੁਲਸ ਨੇ 11 ਦਿਨਾਂ ਬਾਅਦ ਗੈਂਗ ਨੂੰ ਤਾਂ ਦਬੋਚ ਲਿਆ ਸੀ ਪਰ ਮੋਨੀ ਪੁਲਸ ਦੇ ਹੱਥ ਨਹੀਂ ਸੀ ਲੱਗ ਸਕਿਆ। ਉਦੋਂ ਤੋਂ ਮੋਨੀ ਫਰਾਰ ਚੱਲ ਰਿਹਾ ਸੀ। ਜਗਰਾਓਂ ਵਿਚ ਕੀਤੀ ਵਾਰਦਾਤ ਤੋਂ ਕੁਝ ਦਿਨ ਪਹਿਲਾਂ ਹੀ ਉਹ ਜ਼ਮਾਨਤ 'ਤੇ ਬਾਹਰ ਆਇਆ ਸੀ। ਵੀਰਵਾਰ ਰਾਤ ਲਗਭਗ 8 ਵਜੇ ਵਾਰਦਾਤ ਤੋਂ ਬਾਅਦ ਫਰਾਰ ਹੁੰਦੇ ਸਮੇਂ ਉਹ ਮਾਰਕੀਟ ਵਿਚ ਲੱਗੇ ਕੈਮਰਿਆਂ ਵਿਚ ਕੈਦ ਹੋ ਗਿਆ ਸੀ। ਫੁਟੇਜ ਤੋਂ ਹੀ ਪੁਲਸ ਨੂੰ ਮੋਨੀ ਦੀ ਪਛਾਣ ਹੋ ਗਈ ਸੀ।

ਪੁਲਸ ਨੂੰ ਧੋਖਾ ਦੇਣ ਲਈ ਲਾਇਆ ਦਿੱਲੀ ਦੀ ਕਾਰ ਦਾ ਨੰਬਰ
ਸੀ. ਪੀ. ਅਗਰਵਾਲ ਦੇ ਮੁਤਾਬਕ ਫੁਟੇਜ ਵਿਚ ਕਾਰ ਦਾ ਨੰਬਰ ਦਿਖਾਈ ਦੇ ਰਿਹਾ ਸੀ, ਜੋ ਦਿੱਲੀ ਦੇ ਪਤੇ ਦਾ ਸੀ, ਜਿਸ ਤੋਂ ਤੁਰੰਤ ਬਾਅਦ ਇਕ ਟੀਮ ਦਿੱਲੀ ਰਵਾਨਾ ਕੀਤੀ ਗਈ, ਉੱਥੇ ਜਾ ਕੇ ਪਤਾ ਲੱਗਾ ਕਿ ਕਾਰ ਦੇ ਮਾਲਕ ਕੋਲ ਵੀ ਸਫੈਦ ਰੰਗ ਦੀ ਹੀ ਵੈਗਨਆਰ ਕਾਰ ਹੈ ਜੋ ਘਰ ਦੇ ਬਾਹਰ ਖੜ੍ਹੀ ਹੈ। ਪੁਲਸ ਨੂੰ ਧੋਖਾ ਦੇਣ ਲਈ ਉਸ ਨੇ ਪਹਿਲਾਂ ਸਫੈਦ ਰੰਗ ਦੀ ਵੈਗਨਆਰ ਕਾਰ ਦਾ ਪ੍ਰਬੰਧ ਕੀਤਾ ਅਤੇ ਫਿਰ ਉਸ 'ਤੇ ਦਿੱਲੀ ਦੀ ਉਸੇ ਕਾਰ ਦੀ ਨੰਬਰ ਪਲੇਟ ਲਾ ਲਈ।

ਅੰਬਾਲਾ ਪੁਲਸ ਨੂੰ ਵੀ ਭਾਲ, 6 ਦਸੰਬਰ ਨੂੰ ਸਿਰ ਵਿਚ ਮਾਰ ਚੁੱਕਾ ਗੋਲੀ
ਸੀ. ਪੀ. ਅਗਰਵਾਲ ਮੁਤਾਬਕ ਅੰਬਾਲਾ ਪੁਲਸ ਨੂੰ ਵੀ ਮੋਨੀ ਦੀ ਭਾਲ ਹੈ। ਉਸ ਵੱਲੋਂ 6 ਦਸੰਬਰ ਨੂੰ ਲੁੱਟ ਦੀ ਨੀਅਤ ਨਾਲ ਅੰਬਾਲਾ ਵਿਚ ਇਕ ਵਿਅਕਤੀ ਦੇ ਸਿਰ ਵਿਚ ਗੋਲੀ ਮਾਰੀ ਗਈ ਹੈ। ਜ਼ਖਮੀ ਦੀ ਹਾਲਤ ਇਸ ਸਮੇਂ ਸਥਿਰ ਹੈ। ਪੁਲਸ ਵੱਲੋਂ ਉਸ ਦੀ ਭਾਲ ਲਈ ਡੀ. ਸੀ. ਪੀ. ਡਿਟੈਕਟਿਵ ਐੱਸ. ਐੱਸ. ਢੀਂਡਸਾ ਦੀ ਸੁਪਰਵੀਜ਼ਨ ਵਿਚ ਐੱਸ. ਆਈ. ਟੀ. ਬਣਾਈ ਗਈ ਹੈ।

ਕਾਰ ਦੀ ਨੰਬਰ ਪਲੇਟ ਬਦਲ ਕੇ ਨਿਕਲੇ ਸ਼ਹਿਰ ਤੋਂ ਬਾਹਰ
ਸੀ. ਪੀ. ਅਗਰਵਾਲ ਦੇ ਅਨੁਸਾਰ ਸ਼ਹਿਰ ਤੋਂ ਬਾਹਰ ਜਾਣ ਵਾਲੇ ਸਾਰੇ ਰਸਤਿਆਂ 'ਤੇ ਪੁਲਸ ਦੀਆਂ ਟੀਮਾਂ ਵਲੋਂ ਲੱਗੇ ਕੈਮਰਿਆਂ ਦੀ ਫੁਟੇਜ ਚੈੱਕ ਕੀਤੀ ਗਈ ਹੈ ਪਰ ਉਪਰੋਕਤ ਨੰਬਰ ਦੀ ਕਾਰ ਸ਼ਹਿਰ 'ਚੋਂ ਬਾਹਰ ਨਹੀਂ ਗਈ ਹੈ। ਪੁਲਸ ਮੰਨ ਰਹੀ ਹੈ ਕਿ ਸ਼ਹਿਰ ਤੋਂ ਬਾਹਰ ਨਿਕਲਣ ਤੋਂ ਪਹਿਲਾਂ ਉਨ੍ਹਾਂ ਨੇ ਕਾਰ ਦੀ ਨੰਬਰ ਪਲੇਟ ਬਦਲ ਲਈ।

ਇਕ ਕਾਤਲ ਗੋਲੀ ਲੱਗਣ ਨਾਲ ਜ਼ਖ਼ਮੀ, ਹਸਪਤਾਲ ਵਿਚ ਨਹੀਂ ਹੋਇਆ ਦਾਖਲ
ਸੀ. ਪੀ. ਅਨੁਸਾਰ ਫਰਾਰ ਹੁੰਦੇ ਸਮੇਂ ਦੋਵੇਂ ਕਾਤਲ ਜਦ ਕਾਰ ਵਿਚ ਬੈਠਣ ਲੱਗੇ ਤਾਂ ਉਨ੍ਹਾਂ ਤੋਂ ਗੋਲੀ ਚੱਲ ਗਈ, ਜੋ ਇਕ ਕਾਤਲ ਦੀ ਲੱਤ ਵਿਚ ਜਾ ਲੱਗੀ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਪੁਲਸ ਵਲੋਂ ਸ਼ਹਿਰ ਅਤੇ ਬਾਹਰ ਦੇ ਇਲਾਕਿਆਂ ਦੇ ਸਾਰੇ ਵੱਡਿਆਂ ਤੋਂ ਲੈ ਕੇ ਛੋਟੇ ਹਸਪਤਾਲ ਵਿਚ ਜਾ ਕੇ ਪਤਾ ਕਰਵਾਇਆ ਗਿਆ ਪਰ ਕਾਤਲ ਕਿਤੇ ਵੀ ਦਾਖਲ ਨਹੀਂ ਹੋਇਆ। ਪੁਲਸ ਅਨੁਸਾਰ ਕਾਤਲ ਨੇ ਕਿਸੇ ਛੋਟੀ ਡਿਸਪੈਂਸਰੀ 'ਚ ਇਲਾਜ ਕਰਵਾਇਆ ਹੋਵੇਗਾ।

 

Anuradha

This news is Content Editor Anuradha