ਸਿੱਖ ਕਤਲੇਆਮ ਕੇਸ ’ਚ ਟਾਈਟਲਰ ਖਿਲਾਫ ਚਾਰਜਸ਼ੀਟ ਦਾਇਰ ਹੋਣਾ ਕੌਮ ਦੀ ਵੱਡੀ ਜਿੱਤ : ਕਾਲਕਾ, ਕਾਹਲੋਂ

05/21/2023 9:52:49 AM

ਅੰਮ੍ਰਿਤਸਰ (ਸਰਬਜੀਤ) - ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ’84 ਦੇ ਸਿੱਖ ਕਤਲੇਆਮ ਕੇਸ ਵਿਚ ਸੀ. ਬੀ. ਆਈ. ਵਲੋਂ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਖਿਲਾਫ ਚਾਰਜਸ਼ੀਟ ਦਾਇਰ ਕਰਨਾ ਕੌਮ ਦੀ ਵੱਡੀ ਜਿੱਤ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕਾਲਕਾ ਤੇ ਕਾਹਲੋਂ ਨੇ ਕਿਹਾ ਕਿ 39 ਸਾਲਾਂ ਤੋਂ ਸਿੱਖ ਕੌਮ ਦੁਨੀਆ ਦੇ ਸਭ ਤੋਂ ਵੱਡੇ ਕਤਲੇਆਮ ਦੇ ਇਨਸਾਫ ਲਈ ਲੜਾਈ ਲੜ ਰਹੀ ਸੀ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਮੈਂਬਰ ਆਤਮਾ ਸਿੰਘ ਲੁਬਾਣਾ ਦੀ ਅਗਵਾਈ ਹੇਠ ਇਨ੍ਹਾਂ ਕੇਸਾਂ ਦੀ ਪੈਰਵਾਈ ਕਰਦੀ ਆ ਰਹੀ ਹੈ ਤੇ ਅੱਜ ਸੀ. ਬੀ. ਆਈ. ਵਲੋਂ ਟਾਈਟਲਰ ਖਿਲਾਫ ਚਾਰਜਸ਼ੀਟ ਦਾਇਰ ਕਰਨਾ ਇਸ ਟੀਮ ਦੀ ਵੀ ਵੱਡੀ ਜਿੱਤ ਹੈ।

ਇਹ ਵੀ ਪੜ੍ਹੋ : ਜੇਕਰ ਤੁਹਾਡੇ ਘਰ ਵੀ ਪਏ ਹਨ ਸੋਨੇ ਦੇ ਗਹਿਣੇ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਜਾਰੀ ਕੀਤੇ ਨਵੇਂ ਨਿਯਮ

ਕਾਲਕਾ ਤੇ ਕਾਹਲੋਂ ਨੇ ਦੱਸਿਆ ਕਿ ਇਹ ਮਾਮਲਾ ਗੁਰਦੁਆਰਾ ਪੁਲ ਬੰਗਸ਼ ਇਲਾਕੇ ਦਾ ਹੈ, ਜਿੱਥੇ ਟਾਈਟਲਰ ਨੇ ਆਪ ਭੀੜ ਦੀ ਅਗਵਾਈ ਕਰਦਿਆਂ ਸਿੱਖਾਂ ਦਾ ਕਤਲੇਆਮ ਕੀਤਾ। ਉਨ੍ਹਾਂ ਦੱਸਿਆ ਕਿ ਕਾਂਗਰਸ ਸਰਕਾਰ ਵੇਲੇ ਪਹਿਲਾਂ ਸੀ. ਬੀ. ਆਈ. ਨੇ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਪਰ ਸਰਕਾਰ ਬਦਲੀ ਤਾਂ ਇਸ ਮਾਮਲੇ ਦੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਨੇ ਮੁੜ ਤੋਂ ਪੈਰਵਾਈ ਕੀਤੀ ਅਤੇ ਫਿਰ ਤੋਂ ਜਾਂਚ ਹੋਈ, ਜਿਸ ਵਿਚ ਐੱਸ. ਪੀ . ਅਮਨਜੀਤ ਕੌਰ ਤੇ ਹੁਣ ਐੱਸ. ਪੀ. ਰਾਜਵੀਰ ਸਿੰਘ ਨੇ ਬਹੁਤ ਪਾਰਦਰਸ਼ਤਾ ਨਾਲ ਕੇਸ ਦੀ ਜਾਂਚ ਕੀਤੀ। ਇਸ ਮਾਮਲੇ ਵਿਚ ਚਸ਼ਮਦੀਦ ਗਵਾਹ ਅਮਰਜੀਤ ਸਿੰਘ ਬੇਦੀ ਤੇ ਹਰਪਾਲ ਕੌਰ ਦੇ 29 ਮਾਰਚ ਨੂੰ ਧਾਰਾ 164 ਤਹਿਤ ਮੈਜਿਸਟਰੇਟ ਸਾਹਮਣੇ ਬਿਆਨ ਦਰਜ ਕਰਵਾਏ ਸਨ। ਹਰਪਾਲ ਕੌਰ ਦੇ ਘਰ ਵਿਚ ਹੀ ਵਿਚ ਸਰਦਾਰ ਗੁਰਚਰਨ ਸਿੰਘ ਚੰਨੀ, ਬਾਦਲ ਸਿੰਘ, ਠਾਕੁਰ ਸਿੰਘ ਦਾ ਕਤਲ ਕੀਤਾ ਗਿਆ ਸੀ।

ਉਨ੍ਹਾਂ ਦੱਸਿਆ ਕਿ ਅੱਜ ਸੀ. ਬੀ. ਆਈ. ਨੇ ਰੋਜ਼ ਅੈਵੇਨਿਊ ਕੋਰਟ ਵਿਚ ਚਾਰਜਸ਼ੀਟ ਦਾਇਰ ਕੀਤੀ ਹੈ। ਹੁਣ ਜਗਦੀਸ਼ ਟਾਈਟਲਰ ਦਾ ਵੀ ਜੇਲ ਜਾਣਾ ਤੈਅ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਾਨੂੰ ਭਰੋਸਾ ਦਿਵਾਇਆ ਕਿ ਕੋਈ ਕਿਸੇ ’ਤੇ ਦਬਾਅ ਨਹੀਂ ਪਾ ਸਕਦਾ, ਕਾਨੂੰਨ ਸਭ ਲਈ ਬਰਾਬਰ ਹੈ, ਇਸ ਲਈ ਜਿਹੜੇ ਵੀ ਦੋਸ਼ੀ ਹਨ, ਸਭ ਦੇ ਖਿਲਾਫ ਕਾਰਵਾਈ ਹੋਵੇਗੀ।

ਇਹ ਵੀ ਪੜ੍ਹੋ : ਕੀ ਤੁਹਾਡੇ ਮਨ 'ਚ ਵੀ ਨੇ 2,000 ਦੇ ਨੋਟਾਂ ਨਾਲ ਜੁੜੇ ਕਈ ਸਵਾਲ? ਜਾਣੋ RBI ਦੇ ਜਵਾਬ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 

Harinder Kaur

This news is Content Editor Harinder Kaur