ਕੋਰੋਨਾ ਖਿਲਾਫ਼ ਲੜਾਈ ’ਚ ਕੈਪਟਨ ਦੀ ਹਾਲਤ ‘ਬੂਹੇ ਖੜ੍ਹੀ ਜੰਞ, ਵਿੰਨ੍ਹੋ ਕੁੜੀ ਦੇ ਕੰਨ’ ਵਰਗੀ : ਅਸ਼ਵਨੀ ਸ਼ਰਮਾ

04/28/2021 3:10:15 PM

ਚੰਡੀਗੜ੍ਹ (ਸ਼ਰਮਾ) : ਮੁੱਖ ਮੰਤਰੀ ਅਮਰਿੰਦਰ ਸਿੰਘ ਵਲੋਂ ਕੋਰੋਨਾ ਲਾਗ ਦੀ ਬੀਮਾਰੀ (ਮਹਾਮਾਰੀ) ਦੀ ਦੂਜੀ ਲਹਿਰ ’ਚ ਮਰੀਜਾਂ ਨੂੰ ਸੰਭਾਲਣ ’ਚ ਆਪਣੀ ਅਸਫ਼ਲਤਾ ਨੂੰ ਲੁਕਾਉਣ ਲਈ ਸੂਬੇ ’ਚ ਆਕਸੀਜਨ ਦੀ ਘਾਟ ਦਾ ਰਾਗ ਛੇੜ ਕੇ ਲੋਕਾਂ ਦਾ ਧਿਆਨ ਭਟਕਾਇਆ ਜਾ ਰਿਹਾ ਹੈ। ਸੂਬਾ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਲੋਕਾਂ ਨੂੰ ਆਕਸੀਜਨ ਅਤੇ ਕੋਰੋਨਾ ਟੀਕਾ ਉਪਲਬਧ ਕਰਾਉਣ ’ਚ ਅਸਫ਼ਲ ਰਹੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਕਾਂਗਰਸ ਸਰਕਾਰ ਖ਼ਿਲਾਫ਼ ਸਖ਼ਤ ਨੋਟਿਸ ਲੈਂਦਿਆਂ ਕਿਹਾ ਕਿ ਪਹਿਲਾਂ ਪੰਜਾਬ ਨੂੰ ਗੁਆਂਢੀ ਰਾਜਾਂ ਤੋਂ ਰੋਜ਼ਾਨਾ 90 ਮੀਟ੍ਰਿਕ ਟਨ ਤਰਲ ਆਕਸੀਜਨ ਸਪਲਾਈ ਕੀਤੀ ਜਾਂਦੀ ਸੀ। ਹੁਣ ਕੋਰੋਨਾ ਦੀ ਦੂਜੀ ਲਹਿਰ ’ਚ ਕੈਪਟਨ ਨੇ ਕੇਂਦਰ ਦੀ ਮੋਦੀ ਸਰਕਾਰ ਤੋਂ ਪ੍ਰਤੀ ਦਿਨ 120 ਮੀਟ੍ਰਿਕ ਟਨ ਤਰਲ ਆਕਸੀਜਨ ਸਪਲਾਈ ਦੀ ਮੰਗ ਕੀਤੀ ਹੈ। ਜੋ ਕਿ ਬਹੁਤ ਹਾਸੋ-ਹੀਣੀ ਮੰਗ ਲੱਗਦੀ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਨੇ ਪਿਛਲੇ ਸਾਲ ਦੌਰਾਨ ਕੋਰੋਨਾ ਦੇ ਸਮੇਂ ਦੌਰਾਨ ਹੋਏ ਨੁਕਸਾਨ ਤੋਂ ਸਬਕ ਨਹੀਂ ਲਿਆ ਅਤੇ ਇਸ ਨੂੰ ਹਲਕੇ ਜਿਹੇ ਲੈਂਦਿਆਂ ਇਸ ਵਾਰ ਕੋਰੋਨਾ ਦੀ ਦੂਜੀ ਲਹਿਰ ਵਿਚ ਸੂਬੇ ਦੇ ਲੋਕਾਂ ਦੀਆਂ ਜ਼ਿੰਦਗੀਆਂ ਨੂੰ ਦਾਅ ’ਤੇ ਲਾ ਦਿੱਤਾ ਹੈ।

ਇਹ ਵੀ ਪੜ੍ਹੋ : ਕਰਤਾਰਪੁਰ ਕਾਰੀਡੋਰ ਕਾਰਪੋਰੇਸ਼ਨ ਵਲੋਂ ਕਰਤਾਰਪੁਰ ਸਾਹਿਬ ਦਾ ਲਾਂਘਾ ਖੋਲ੍ਹਣ ਲਈ ਕੀਤੀ ਅਰਦਾਸ 

ਕੋਰੋਨਾ ਮਰੀਜ਼ਾਂ ਦੇ ਇਲਾਜ ’ਚ ਸਭ ਤੋਂ ਵੱਡੀ ਸਹਾਇਕ ਆਕਸੀਜਨ ਹੈ, ਜਿਸ ਦੀ ਸਪਲਾਈ ਕਰਨ ’ਚ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੀ ਸਰਕਾਰ ਅਸਫਲ ਰਹੀ ਹੈ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਆਕਸੀਜਨ ਲਈ ਪੰਜਾਬ ਦੂਜੇ ਰਾਜਾਂ ’ਤੇ ਨਿਰਭਰ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਤਰਲ ਆਕਸੀਜਨ ਭਰਨ ਲਈ ਪੰਜਾਬ ’ਚ ਕੋਈ ਪਲਾਂਟ ਨਹੀਂ ਹੈ। ਅਮਰਿੰਦਰ ਸਿੰਘ ਦੀਆਂ ਪੰਜਾਬ ਵਿਰੋਧੀ ਨੀਤੀਆਂ ਕਾਰਨ ਕੋਈ ਵੀ ਨਿਵੇਸ਼ਕ ਇਥੇ ਉਦਯੋਗ ਸਥਾਪਿਤ ਕਰਨ ਲਈ ਤਿਆਰ ਨਹੀਂ ਹੈ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਹਾਲਤ ਇਹ ਹੈ ਕਿ ‘ਬੂਹੇ ਖੜ੍ਹੀ ਜੰਞ, ਵਿੰਨ੍ਹੋ ਕੁੜੀ ਦੇ ਕੰਨ’ ਯਾਨੀ ਕੋਰੋਨਾ ਦੇ ਮਰੀਜ਼ ਮੌਤ ਦੀ ਲੜਾਈ ਲੜ ਰਹੇ ਕਪਤਾਨ ਦੇ ਬੂਹੇ ’ਤੇ ਆ ਖੜ੍ਹੋਤੇ ਹਨ ਅਤੇ ਅਮਰਿੰਦਰ ਸਿੰਘ ਨੂੰ ਹੁਣ ਸੂਬੇ ਵਿਚ ਆਕਸੀਜਨ ਪਲਾਂਟ ਸਥਾਪਿਤ ਕਰਨ ਦੀ ਘਾਟ ਨਜ਼ਰ ਆਉਣ ਲੱਗੀ ਹੈ।

ਇਹ ਵੀ ਪੜ੍ਹੋ : ਉਮੀਦ ਦੀ ਖ਼ਬਰ: ਪੰਜਾਬ ’ਚ ਘਰੇੂਲ ਇਕਾਂਤਵਾਸ ਅਧੀਨ 1,80,461 ਮਰੀਜ਼ ਸਿਹਤਯਾਬ ਹੋਏ : ਸਿਹਤ ਮੰਤਰੀ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 

 

Anuradha

This news is Content Editor Anuradha