ਸੈਰ ਕਰਦੇ ਵਿਅਕਤੀ ''ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ

03/11/2018 5:01:07 AM

ਬੇਗੋਵਾਲ,   (ਰਜਿੰਦਰ)- ਨੇੜਲੇ ਪਿੰਡ ਜੈਦ ਵਿਖੇ ਸੈਰ ਕਰਦੇ ਵਿਅਕਤੀ 'ਤੇ ਮੋਟਰਸਾਈਕਲ ਸਵਾਰਾਂ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ਕਾਰਨ ਸੈਰ ਕਰ ਰਿਹਾ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ। 
ਜਾਣਕਾਰੀ ਅਨੁਸਾਰ ਸਰਕਾਰੀ ਹਸਪਤਾਲ ਬੇਗੋਵਾਲ ਵਿਖੇ ਜ਼ਖਮੀ ਹਾਲਤ ਵਿਚ ਜ਼ੇਰੇ ਇਲਾਜ ਦੇਵ ਰਾਜ ਪੁੱਤਰ ਮਲਕੀਤ ਰਾਮ ਵਾਸੀ ਜੈਦ ਦੀ ਪਤਨੀ ਸ਼ਾਂਤੀ ਨੇ  ਗੱਲਬਾਤ ਕਰਦਿਆਂ ਦਸਿਆ ਕਿ ਮੇਰੀ ਪੋਤੀ ਸਕੂਲ ਜਾਂਦੀ ਹੈ, ਜਿਸ ਨੂੰ ਸਕੂਲ ਬੱਸ ਵਿਚ ਚੜ੍ਹਾਉਣ ਉਪਰੰਤ ਮੈਂ ਤੇ ਮੇਰਾ ਪਤੀ ਦੇਵ ਰਾਜ ਪਿੰਡ ਜੈਦ ਤੋਂ ਚੌਕ ਬਜਾਜ ਵਲ ਜਾਂਦੀ ਸੜਕ 'ਤੇ ਸੈਰ ਕਰ ਰਹੇ ਸੀ। ਇਸ ਦੌਰਾਨ ਸੈਰ ਕਰਦੇ ਹੋਏ ਮੇਰਾ ਪਤੀ ਮੇਰੇ ਤੋਂ ਥੋੜ੍ਹਾ ਅੱਗੇ ਸੀ ਕਿ ਅਚਾਨਕ ਇਕ ਮੋਟਰਸਾਈਕਲ ਸਾਹਮਣੇ ਤੋਂ ਆਇਆ ਅਤੇ ਦੂਸਰਾ ਮੋਟਰਸਾਈਕਲ ਪਿੰਡ ਵਾਲੇ ਪਾਸਿਓਂ ਆਇਆ। ਜਿਨ੍ਹਾਂ 'ਤੇ ਸਵਾਰ ਗੁਰਚਰਨ ਸਿੰਘ ਤੇ ਉਸ ਦੇ ਦੋ ਹੋਰ ਸਾਥੀਆਂ ਨੇ ਮੇਰੇ ਪਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਜਿਸ ਉਪਰੰਤ ਮੈਂ ਆਪਣੇ ਪਤੀ ਨੂੰ ਪਰਿਵਾਰ ਦੀ ਸਹਾਇਤਾ ਨਾਲ ਸਰਕਾਰੀ ਹਸਪਤਾਲ ਬੇਗੋਵਾਲ ਵਿਖੇ ਇਲਾਜ ਲਈ ਦਾਖਲ ਕਰਵਾਇਆ। ਦੇਵ ਰਾਜ ਦੇ ਖੂਨ ਨਾਲ ਭਰੇ ਕੱਪੜੇ ਦਿਖਾਉਂਦੇ ਹੋਏ ਸ਼ਾਂਤੀ ਨੇ ਦਸਿਆ ਕਿ ਇਸ ਸਬੰਧ ਵਿਚ ਪੁਲਸ ਨੇ ਮੌਕਾ ਦੇਖ ਲਿਆ ਹੈ ਪਰ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ ਤੇ ਦੋਸ਼ੀਆਂ ਨੂੰ ਫੜਿਆ ਨਹੀਂ ਗਿਆ। ਦੂਜੇ ਪਾਸੇ ਇਸ ਸਬੰਧ ਵਿਚ ਜਦੋਂ ਐੱਸ. ਐੱਚ. ਓ. ਬੇਗੋਵਾਲ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਏ. ਐੱਸ. ਆਈ. ਰਘਬੀਰ ਸਿੰਘ ਤੇ ਪੁਲਸ ਪਾਰਟੀ ਨੇ ਮੌਕਾ ਦੇਖ ਲਿਆ ਹੈ ਤੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।