ਖੇਤੀਬਾਡ਼ੀ ਵਿਭਾਗ ਦੀਅਾਂ ਟੀਮਾਂ ਵੱਲੋਂ ਖੇਤਾਂ ਦਾ ਨਿਰੀਖਣ

07/18/2018 7:26:02 AM

 ਸ੍ਰੀ ਮੁਕਤਸਰ ਸਾਹਿਬ (ਪਵਨ, ਖੁਰਾਣਾ, ਸੁਖਪਾਲ) - ਖੇਤੀਬਾਡ਼ੀ ਵਿਭਾਗ ਦੀਆਂ ਟੀਮਾਂ ਵੱਲੋਂ  ਲਗਾਤਾਰ ਨਰਮੇ ਅਤੇ ਝੋਨੇ ਦੇ ਖੇਤਾਂ ਦਾ ਨਿਰੀਖਣ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਖੇਤੀਬਾਡ਼ੀ ਅਫਸਰ ਡਾ. ਬਲਜਿੰਦਰ ਸਿੰਘ ਬਰਾਡ਼ ਨੇ ਦੱਸਿਆ ਕਿ ਝੋਨੇ ’ਤੇ ਅਜੇ ਕਿਸੇ ਵੀ ਕੀਟ ਦਾ ਹਮਲਾ ਨਹੀਂ ਹੈ ਅਤੇ ਨਰਮੇ ’ਤੇ ਕੀਟਾਂ ਦੀ ਗਿਣਤੀ ਆਰਥਕ ਨੁਕਸਾਨ ਦੇ ਕਗਾਰ ਤੋਂ ਘੱਟ ਹੈ। ਜ਼ਿਲਾ ਖੇਤੀਬਾਡ਼ੀ ਅਫਸਰ ਨੇ ਦੱਸਿਆ ਕਿ ਖੇਤੀਬਾਡ਼ੀ ਅਫਸਰ ਗੁਰਪ੍ਰੀਤ ਸਿੰਘ, ਆਤਮਾ ਪ੍ਰਾਜੈਕਟ ਦੇ ਡਾਇਰੈਕਟਰ ਕਰਨਜੀਤ ਸਿੰਘ ਅਤੇ ਅਸ਼ੀਸ਼ ’ਤੇ ਆਧਾਰਿਤ ਟੀਮ ਨੇ ਅੱਜ ਮੁਕਤਸਰ ਦਿਹਾਤੀ, ਚੱਕ ਦੂਹੇਵਾਲਾ, ਈਨਾ ਖੇਡ਼ਾ, ਮਾਹੂਆਣਾ, ਮਹਿਣਾ, ਕਿਲਿਆਂਵਾਲੀ, ਲੌਹਾਰਾ ਅਤੇ ਘੁਮਿਆਰਾ ਪਿੰਡ ਦਾ ਦੌਰਾ ਕੀਤਾ। ਉਨ੍ਹਾਂ ਦੱਸਿਆ ਕਿ ਨਰਮੇ ਦੇ ਖੇਤਾਂ ਨੇਡ਼ੇ ਉੱਘੇ ਨਦੀਨਾਂ ਤੋਂ ਮਿਲੀਬੱਗ ਵੇਖੀ ਗਈ ਹੈ ਪਰ ਇਸ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਦੀ ਰੋਕਥਾਮ ਲਈ ਕਿਸਾਨ ਖੇਤਾਂ ਦੁਆਲੇ ਉੱਘੇ ਨਦੀਨ ਨੂੰ ਤੁਰੰਤ ਪੁੱਟ ਕੇ ਮਿੱਟੀ ’ਚ ਦਬਾ ਦੇਣ ਜਾਂ ਇਨ੍ਹਾਂ ’ਤੇ ਰਾਊਂਡ ਅਪ ਨਦੀਨਨਾਸ਼ਕ ਦਾ ਛਿਡ਼ਕਾਅ ਕਰ ਦੇਣ ਤਾਂ ਜੋ ਮਿਲੀਬੱਗ ਇੱਥੋਂ ਨਰਮੇ ਦੇ ਖੇਤਾਂ ਵੱਲ ਨਾ ਜਾਵੇ। ਉਨ੍ਹਾਂ  ਕਿਹਾ ਕਿ ਚਿੱਟਾ ਮੱਛਰ ਅਜੇ ਘੱਟ ਹੈ।
ਉਨ੍ਹਾਂ ਦੱਸਿਆ ਕਿ ਝੋਨੇ ਦੇ ਕੁਝ ਖੇਤਾਂ ’ਚ ਜ਼ਿੰਕ ਦੀ ਘਾਟ ਦੀਆਂ ਨਿਸ਼ਾਨੀਅਾਂ ਜੰਗਾਲੇ ਪੱਤਿਆਂ ਦੇ ਰੂਪ ’ਚ ਦਿਖ ਰਹੀਆਂ ਹਨ, ਜਿੱਥੇ ਕਿਸਾਨ 21 ਫੀਸਦੀ ਜ਼ਿੰਕ ਦੀ 20 ਕਿਲੋ ਮਾਤਰਾ ਪ੍ਰਤੀ ਏਕਡ਼ ’ਚ ਪਾ ਸਕਦੇ ਹਨ। ਕੁਝ ਕਿਸਾਨ ਖੇਤਾਂ ਵਿਚ ਚਿਲੇਟਿਡ ਜ਼ਿੰਕ ਅਤੇ ਫੈਰੇਸ ਸਲਫੇਟ ਮਿੱਟੀ ਵਿਚ ਪੁਆ ਰਹੇ ਹਨ, ਜੋ ਗਲਤ ਹੈ। ਉਨ੍ਹਾਂ ਕਿਹਾ ਕਿ ਜਿੱਥੇ ਲੋਹੇ ਦੀ ਘਾਟ ਦੀਆਂ ਨਿਸ਼ਾਨੀਆਂ ਹਨ, ਉੱਥੇ ਕਿਸਾਨ ਇਕ ਕਿਲੋ ਫੈਰੇਸ ਸਲਫੇਟ ਅਤੇ ਅੱਧਾ ਕਿਲੋ ਜ਼ਿੰਕ ਸਲਫੇਟ ਪਾਣੀ ਵਿਚ ਘੋਲ ਕੇ ਛਿਡ਼ਕਾਅ ਕਰਨ, ਨਾ ਕਿ ਜ਼ਮੀਨ ਵਿਚ ਪਵਾਉਣ। ®ਇਸੇ ਤਰ੍ਹਾਂ ਜ਼ਿਲਾ ਖੇਤੀਬਾਡ਼ੀ ਅਫਸਰ ਨੇ ਕਿਹਾ ਕਿ ਕੁਝ ਕਿਸਾਨ ਝੋਨੇ ਵਿਚ ਦੋ  ਲਿਟਰ ਕੈਲੋਰੋਪਾਇਰੀਫਾਸ ਜਾਂ ਫਿਪਰੋਨਿਲ ਪਾ ਰਹੇ ਹਨ, ਜਿਸ ਦੀ ਬਿਲਕੁਲ ਜ਼ਰੂਰਤ ਨਹੀਂ ਹੈ ਅਤੇ ਇਹ ਫਾਲਤੂ ਦਾ ਖਰਚਾ ਹੈ, ਕਿਸਾਨ ਇਸ ਤੋਂ ਗੁਰੇਜ਼ ਕਰਨ।
ਉਨ੍ਹਾਂ ਕਿਹਾ ਕਿ ਕੁਝ ਕਿਸਾਨ ਬਾਸਮਤੀ ’ਚ ਪੈਰ ਗਲਣ ਰੋਗ ਤੋਂ ਬਚਾਅ ਲਈ ਜ਼ਮੀਨ ਵਿਚ ਫਫੁੰਦੀਨਾਸ਼ਕ ਪਾ ਰਹੇ ਹਨ, ਜੋ ਕਿ ਗਲਤ ਹੈ।  ਇਹ ਬੀਜ ਤੋਂ ਫੈਲਣ ਵਾਲਾ ਰੋਗ ਹੈ ਅਤੇ ਇਸ ਲਈ ਬੀਜ ਸੋਧ ਜਾਂ ਪਨੀਰੀ ਦੀਆਂ ਜਡ਼ਾਂ ਦੀ ਸੋਧ ਕੀਤੀ ਜਾਣੀ ਹੁੰਦੀ ਹੈ ਜਾਂ ਜੇ ਲੋਡ਼ ਪਵੇ ਤਾਂ ਸਪਰੇਅ ਕੀਤੀ ਜਾਣੀ ਹੁੰਦੀ ਹੈ ਪਰ ਖੇਤਾਂ ਵਿਚ ਇਹ ਦਵਾਈ ਮਿੱਟੀ ਵਿਚ ਪਾਉਣੀ ਪੈਸੇ ਦੀ ਬਰਬਾਦੀ ਤੋਂ ਵੱਧ ਕੁਝ ਵੀ ਨਹੀਂ ਹੈ। ਖੇਤਾਂ ਵਿਚ ਪਾਈਆਂ ਬੇਲੋਡ਼ੀਆਂ ਕੀਟਨਾਸ਼ਕ ਦਵਾਈਆਂ ਜਿੱਥੇ ਕਿਸਾਨਾਂ ਦੇ ਕਰਜ਼ੇ ਦਾ ਕਾਰਨ ਬਣਦੀਆਂ ਹਨ, ਉੱਥੇ ਹੀ ਇਹ ਦਵਾਈਆਂ ਮਿੱਟੀ-ਪਾਣੀ ਵਿਚ ਰਲ ਕੇ ਮਨੁੱਖੀ ਸਿਹਤ ’ਤੇ ਵੀ ਮਾਡ਼ਾ ਅਸਰ ਪਾਉਂਦੀਆਂ ਹਨ ਅਤੇ ਇਨ੍ਹਾਂ ਦੇ ਮਾਡ਼ੇ ਪ੍ਰਭਾਵਾਂ ਕਾਰਨ ਬਾਸਮਤੀ ਦਾ ਨਿਰਯਾਤ ਵੀ ਪ੍ਰਭਾਵਿਤ ਹੁੰਦਾ ਹੈ।
ਇਸੇ ਤਰ੍ਹਾਂ ਗੁਰਪ੍ਰੀਤ ਸਿੰਘ ਅਤੇ ਕਰਨਜੀਤ ਸਿੰਘ ਨੇ ਕਿਹਾ ਕਿ ਇਕ ਮਹੀਨੇ ਦੇ ਝੋਨੇ ਵਿਚ ਪਾਣੀ ਸੁੱਕਣ ਤੋਂ ਬਾਅਦ ਦੁਬਾਰਾ ਪਾਣੀ  ਲਾਉਣਾ ਚਾਹੀਦਾ ਹੈ ਅਤੇ ਲਗਾਤਾਰ ਪਾਣੀ ਖਡ਼੍ਹਾ ਰੱਖਣ ਦੀ ਜ਼ਰੂਰਤ ਨਹੀਂ ਅਤੇ ਯੂਰੀਆ ਖਾਦ ਦੀ ਤੀਜੀ ਖੁਰਾਕ 45 ਦਿਨ ਦੀ ਫਸਲ ਹੋਣ ਤੱਕ ਪਾ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਵਿਭਾਗ ਦੇ ਅਧਿਕਾਰੀ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਪਿੰਡਾਂ ’ਚ ਕੈਂਪ ਲਾ ਕੇ ਕਿਸਾਨਾਂ ਨੂੰ ਜਾਗਰੂਕ ਵੀ ਕਰ ਰਹੇ ਹਨ।