ਆਪਸੀ ਸਾਂਝ ਤੇ ਪਿਆਰ ਦਾ ਪ੍ਰਤੀਕ ਹੈ ਦੀਵਾਲੀ ਦਾ ਤਿਉਹਾਰ, ਜਾਣੋ ਮਾਂ ਲਕਸ਼ਮੀ ਦੀ ਪੂਜਾ ਦਾ ਸ਼ੁੱਭ ਮਹੂਰਤ

10/24/2022 11:31:51 AM

ਜਲੰਧਰ : ਅੱਜ ਦੀਵਾਲੀ ਦਾ ਤਿਉਹਾਰ ਪੂਰੇ ਭਾਰਤ ਵਿਚ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਪਿਛਲੇ ਦੋ ਸਾਲ ਕੋਰੋਨਾ ਦੇ ਕਾਰਨ ਦੀਵਾਲੀ ਦੀ ਰੌਣਕ ਕਾਫ਼ੀ ਫਿੱਕੀ ਨਜ਼ਰ ਆਈ ਸੀ ਪਰ ਇਸ ਵਾਰ ਦੀਵਾਲੀ ਦੇ ਤਿਉਹਾਰ ਨੂੰ ਲੈ ਬਾਜ਼ਾਰਾਂ ਵਿਚ ਖ਼ੂਬ ਰੌਣਕਾਂ ਲੱਗੀਆਂ ਹੋਈਆਂ ਹਨ। ਹਿੰਦੂਆਂ ਤੇ ਸਿੱਖਾਂ ਦਾ ਸਾਂਝਾ ਤਿਉਹਾਰ ਦੀਵਾਲੀ ਸਾਰੇ ਭਾਰਤ ਵਾਸੀਆਂ 'ਚ ਕੌਮੀ ਏਕਤਾ ਅਤੇ ਸਦਭਾਵਨਾ ਨੂੰ ਪ੍ਰਚੰਡ ਕਰਦਾ ਹੈ। ਸਾਲ ਦੇ ਅੰਤ 'ਚ ਅਕਤੂਬਰ-ਨਵੰਬਰ ਮਹੀਨੇ 'ਚ ਮਨਾਇਆ ਜਾਣ ਵਾਲਾ ਦੀਵਾਲੀ ਦਾ ਤਿਉਹਾਰ ਹਿੰਦੂ ਧਰਮ 'ਚ ਭਗਵਾਨ ਸ੍ਰੀ ਰਾਮ ਦੇ 14 ਸਾਲਾਂ ਦਾ ਬਨਵਾਸ ਕੱਟ ਕੇ ਪਤਨੀ ਸੀਤਾ ਅਤੇ ਭਰਾ ਲਕਸ਼ਮਣ ਨਾਲ ਅਯੁੱਧਿਆ ਤੋਂ ਵਾਪਸ ਆਉਣ ਦੀ ਖ਼ੁਸ਼ੀ 'ਚ ਮਨਾਇਆ ਜਾਂਦਾ ਹੈ। ਉਨ੍ਹਾਂ ਦੇ ਘਰ ਵਾਪਸ ਆਉਣ 'ਤੇ ਅਯੁੱਧਿਆ ਵਾਸੀਆਂ ਨੇ ਘਿਓ ਦੇ ਦੀਵੇ ਬਾਲ ਕੇ ਆਪਣੀ ਖ਼ਸ਼ੀ ਦਾ ਇਜ਼ਹਾਰ ਕੀਤਾ ਸੀ। 

ਦੀਵਾਲੀ ਦੇ ਦਿਨ, ਲੋਕ ਆਪਣੇ ਘਰਾਂ ਵਿੱਚ ਦੀਵੇ ਜਗਾ ਕੇ ਦੇਵੀ ਲਕਸ਼ਮੀ ਦੀ ਪੂਜਾ ਕਰਦੇ ਹਨ, ਤਾਂ ਜੋ ਘਰ ਵਿੱਚ ਦੇਵੀ ਲਕਸ਼ਮੀ ਦਾ ਵਾਸ ਹੋਵੇ ਅਤੇ ਉਨ੍ਹਾਂ ਦੇ ਘਰ ਵਿੱਚ ਖ਼ੁਸ਼ਹਾਲੀ ਅਤੇ ਸੁਖ ਸਮ੍ਰਿਧੀ ਬਣੀ ਰਹੇ। ਦੇਵੀ ਲਕਸ਼ਮੀ ਦੀ ਪੂਜਾ ਦਾ ਸ਼ੁਭ ਸਮਾਂ ਸਥਿਰ ਲਗਨ ਦਾ ਹੁੰਦਾ ਹੈ। ਦੀਵਾਲੀ ਦਾ ਤਿਉਹਾਰ ਮੁੱਖ ਤੌਰ 'ਤੇ ਰਾਤ ਨੂੰ ਮਨਾਇਆ ਜਾਂਦਾ ਹੈ, ਸ਼ੁਭ ਸਮੇਂ ਵਿੱਚ ਦੇਵੀ ਲਕਸ਼ਮੀ, ਗਣੇਸ਼ ਅਤੇ ਕੁਬੇਰ ਜੀ ਦੀ ਪੂਜਾ ਕਰਨਾ ਬੇਹਦ ਫਲਦਾਇਕ ਮੰਨਿਆ ਜਾਂਦਾ ਹੈ।

ਦੀਵਾਲੀ ਦੇ ਸ਼ੁੱਭ ਮਹੂਰਤ 
ਮੱਸਿਆ ਆਰੰਭ ਦਾ ਸਮਾਂ- 05:27 ਰਾਤ (24 ਅਕਤੂਬਰ 2022)
ਮੱਸਿਆ ਦੀ ਸਮਾਪਤੀ ਦੀ ਸਮਾਂ- 04:18 ਰਾਤ (25 ਅਕਤੂਬਰ 2022)
ਪ੍ਰਦੋਸ਼ ਕਾਲ ਮਹੂਰਤ- ਰਾਤ 05:43 ਤੋਂ ਲੈ ਕੇ 8:16 ਤੱਕ (24 ਅਕਤੂਬਰ 2022)
ਮਾਤਾ ਲਕਸ਼ਮੀ ਜੀ ਦੀ ਪੂਜਾ ਦਾ ਮਹੂਰਤ- ਰਾਤ 06: 53 ਤੋਂ ਰਾਤ 08:16 ਤੱਕ (24 ਅਕਤੂਬਰ 2022)

ਇਹ ਵੀ ਪੜ੍ਹੋ: Diwali: ਲਕਸ਼ਮੀ ਮਾਂ ਦੇ ਸਵਾਗਤ ਤੇ ਸੁੱਖ-ਸਮ੍ਰਿਧੀ ਦੇ ਵਾਸ ਲਈ ਦੀਵਾਲੀ ’ਤੇ ਘਰ ’ਚ ਬਣਾਓ ਰੰਗੋਲੀ, ਹੋਵੇਗੀ ਸ਼ੁੱਭ

ਲਕਸ਼ਮੀ ਪੂਜਾ ਮਹਾਨਿਸ਼ੀਥ ਕਾਲ ਮਹੂਰਤ 
24 ਅਕਤੂਬਰ ਰਾਤ 11.40 ਤੋਂ ਲੈ ਕੇ 12.31 ਸਵੇਰ ਤੱਕ 

 

ਸਿੱਖ ਇਤਿਹਾਸ ਵਿਚ ਬੰਦੀ ਛੋੜ ਦਿਵਸ ਵਜੋਂ ਮਨਾਇਆ ਜਾਂਦਾ ਹੈ ਦੀਵਾਲੀ ਦਾ ਤਿਉਹਾਰ
ਦੀਵਾਲੀ ਸਿੱਖਾਂ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਂਦੀ ਹੈ। ਇਸ ਦਿਨ ਸਿੱਖਾਂ ਦੇ ਛੇਵੇਂ ਗੁਰੁ ਹਰਗੋਬਿੰਦ ਸਾਹਿਬ ਜੀ ਮੁਗ਼ਲ ਬਾਦਸ਼ਾਹ ਜਹਾਂਗੀਰ ਦੀ ਕੈਦ 'ਚੋਂ ਗਵਾਲੀਅਰ ਦੇ ਕਿਲੇ 'ਚੋਂ 52 ਰਾਜਿਆਂ ਨਾਲ ਰਿਹਾਅ ਹੋ ਕੇ ਅੰਮ੍ਰਿਤਸਰ ਪਹੁੰਚੇ ਸਨ। 52 ਰਾਜਿਆਂ ਨੂੰ ਛੁਡਵਾ ਕੇ ਲਿਆਉਣ ਦੀ ਖ਼ੁਸ਼ੀ 'ਚ ਚਾਰੇ ਪਾਸੇ ਦੀਵੇ ਬਾਲ ਕੇ ਰੌਸ਼ਨੀ ਕੀਤੀ ਗਈ ਸੀ ਅਤੇ ਨਿਆਂ ਦੀ ਜਿੱਤ ਦਾ ਜਸ਼ਨ ਮਨਾਇਆ ਗਿਆ ਸੀ। 20ਵੀਂ ਸਦੀ ਦੇ ਅੰਤ 'ਚ ਕੁਝ ਸਿੱਖ ਵਿਦਵਾਨਾਂ ਦੇ ਜ਼ੋਰ ਪਾਉਣ ਤੋਂ ਬਾਅਦ ਸਾਲ 2003 'ਚ ਇਸ ਦਿਨ ਨੂੰ 'ਬੰਦੀ ਛੋੜ ਦਿਵਸ' ਦੇ ਨਾਮ ਵਜੋਂ ਮਾਨਤਾ ਦਿੱਤੀ ਗਈ। 

ਪੁਰਾਤਨ ਕਥਾਵਾਂ
ਦੀਵਾਲੀ ਨੂੰ ਹਿੰਦੂਆਂ ਦਾ ਸਭ ਤੋਂ ਵੱਡਾ ਤਿਉਹਾਰ ਮੰਨਿਆ ਜਾਂਦਾ ਹੈ। ਪੰਜ ਦਿਨਾਂ ਤੱਕ ਚੱਲਣ ਵਾਲਾ ਇਹ ਤਿਉਹਾਰ ਧਨਤੇਰਸ ਦੇ ਤਿਉਹਾਰ ਨਾਲ ਸ਼ੁਰੂ ਹੁੰਦਾ ਹੈ ਅਤੇ ਤੀਜੇ ਦਿਨ ਦੀਵਾਲੀ ਮਨਾਈ ਜਾਂਦੀ ਹੈ। ਇਸ ਮਹਾਨ ਤਿਉਹਾਰ ਦੀ ਸਮਾਪਤੀ ਆਖਰੀ ਦਿਨ ਭਾਈ ਦੂਜ ਮਨਾ ਕੇ ਕੀਤੀ ਜਾਂਦੀ ਹੈ।

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ

shivani attri

This news is Content Editor shivani attri