ਤਿਉਹਾਰਾਂ ਦਾ ਸੀਜ਼ਨ ਆਉਂਦੇ ਹੀ ਸਰਗਰਮ ਹੋਇਆ ਗੈਸ ਮਾਫੀਆ!

10/13/2017 3:57:22 AM

ਲੁਧਿਆਣਾ(ਖੁਰਾਣਾ)-ਘਰੇਲੂ ਗੈਸ ਦੀ ਕਾਲਾਬਾਜ਼ਾਰੀ ਦਾ ਦੌਰ ਪ੍ਰਸ਼ਾਸਨ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਅਦ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ। ਹੁਣ ਇਸ ਨੂੰ ਖਾਧ ਅਤੇ ਅਪੂਰਤੀ ਵਿਭਾਗ ਦੇ ਅਧਿਕਾਰੀਆਂ ਦੀ ਲੱਚਰ ਕਾਰਜਸ਼ੈਲੀ ਦਾ ਨਾਂ ਦੇਵੋ ਜਾਂ ਫਿਰ ਸਬੰਧਿਤ ਗੈਸ ਕੰਪਨੀ ਦੇ ਅਫਸਰਾਂ ਦੀ ਨਾਲਾਇਕੀ। ਇਕ ਪਾਸੇ ਆਮ ਖਪਤਕਾਰ ਨੂੰ ਸਿਲੰਡਰ ਦੀ ਆਨਲਾਈਨ ਬੁਕਿੰਗ ਕਰਵਾਉਣ ਦੇ ਬਾਵਜੂਦ ਕਈ ਦਿਨਾਂ ਤੱਕ ਸਿਲੰਡਰ ਦੀ ਡਲਿਵਰੀ ਨਹੀਂ ਮਿਲ ਰਹੀ, ਉਥੇ ਗੈਸ ਮਾਫੀਆ ਵੱਲੋਂ ਖੁੱਲ੍ਹੇਆਮ ਸਕੂਟਰਾਂ 'ਤੇ ਘਰੇਲੂ ਗੈਸ ਸਿਲੰਡਰ ਲੱਦ ਕੇ ਢਾਬੇ, ਰੇਹੜੀਆਂ ਅਤੇ ਰੈਸਟੋਰੈਂਟਾਂ ਆਦਿ 'ਚ ਬਲੈਕ 'ਚ ਵੇਚੇ ਜਾ ਰਹੇ ਹਨ। ਯਾਦ ਰਹੇ ਕਿ ਕੁਝ ਦਿਨ ਪਹਿਲਾਂ ਤੱਕ ਜਿਥੇ ਘਰੇਲੂ ਗੈਸ ਸਿਲੰਡਰ ਦੀ ਸ਼ਾਰਟੇਜ ਕਾਰਨ ਸ਼ਹਿਰ ਭਰ 'ਚ ਹਾਹਾਕਾਰ ਵਾਲਾ ਮਾਹੌਲ ਪੈਦਾ ਹੋ ਗਿਆ ਸੀ, ਤਦ ਵੀ ਗੈਸ ਮਾਫੀਆ ਵੱਲੋਂ ਗੈਸ ਸਿਲੰਡਰ 800 ਤੋਂ ਲੈ ਕੇ 1000 ਰੁਪਏ 'ਚ ਵੇਚਿਆ ਜਾ ਰਿਹਾ ਸੀ ਜਦੋਂਕਿ ਕੰਪਨੀ ਵੱਲੋਂ ਬਿਨਾਂ ਸਬਸਿਡੀ ਵਾਲੇ ਘਰੇਲੂ ਗੈਸ ਸਿਲੰਡਰ ਦੀ ਮਾਰਕੀਟ ਕੀਮਤ 650 ਰੁਪਏ ਦੇ ਕਰੀਬ ਤੱਕ ਕੀਤੀ ਗਈ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਮਾਰਕੀਟ 'ਚ ਸਰਗਰਮ ਗੈਸ ਮਾਫੀਆ ਨਾਲ ਜੁੜੇ ਦਲਾਲਾਂ ਨੂੰ ਬਲੈਕ 'ਚ ਗੈਸ ਸਿਲੰਡਰ ਵੇਚਣ ਦੇ ਲਈ ਮੁਹੱਈਆ ਕੌਣ ਕਰਵਾ ਰਿਹਾ ਹੈ।
ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਤਿਉਹਾਰਾਂ ਅਤੇ ਵਿਆਹ ਸ਼ਾਦੀਆਂ ਦੇ ਸੀਜ਼ਨ ਨੂੰ ਦੇਖਦੇ ਹੋਏ ਬੀਤੇ ਦਿਨੀਂ ਖਾਧ ਅਤੇ ਅਪੂਰਤੀ ਵਿਭਾਗ ਦੇ ਕੰਟਰੋਲਰ ਸੁਰਿੰਦਰ ਕੁਮਾਰ ਬੇਰੀ ਨੇ ਚਿਤਾਵਨੀ ਦਿੱਤੀ ਸੀ ਕਿ ਵਿਭਾਗ ਵੱਲੋਂ ਘਰੇਲੂ ਗੈਸ
ਸਿਲੰਡਰਾਂ ਦੀ ਕਾਲਾਬਾਜ਼ਾਰੀ ਦੇ ਗੋਰਖਧੰਦੇ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦੇ ਲਈ ਬਾਕਾਇਦਾ ਕੰਟਰੋਲਰ ਬੇਰੀ ਨੇ ਵਿਭਾਗ ਦੇ ਏ. ਐੱਫ. ਐੱਸ. ਓ. ਜਸਵੰਤ ਸਿੰਘ ਨੂੰ ਆਦੇਸ਼ ਜਾਰੀ ਕੀਤੇ ਹਨ ਕਿ ਉਹ ਫੀਲਡ 'ਚ ਜਾ ਕੇ ਗੈਸ ਦਾ ਦੁਰਉਪਯੋਗ ਕਰਨ ਵਾਲੇ ਦੁਕਾਨਦਾਰਾਂ ਅਤੇ ਮਾਫੀਆ 'ਤੇ ਸ਼ਿਕੰਜਾ ਕੱਸਣਗੇ ਅਤੇ ਛਾਪੇਮਾਰੀ ਕਰ ਕੇ ਮੌਕੇ 'ਤੇ ਫੜੇ ਗਏ ਸਾਰੇ ਗੈਰ ਕਾਨੂੰਨੀ ਤੌਰ 'ਤੇ ਇਸਤੇਮਾਲ ਹੋਣ ਵਾਲੇ ਘਰੇਲੂ ਅਤੇ ਕਮਰਸ਼ੀਅਲ ਸਿਲੰਡਰਾਂ ਨੂੰ ਕਬਜ਼ੇ 'ਚ ਲੈਣਗੇ।