...ਤੇ ''ਸੁਖਬੀਰ'' ਦੇ ਮੁਕਾਬਲੇ ਦਾ ਉਮੀਦਵਾਰ ਲੱਭਣ ਲੱਗੀ ਕਾਂਗਰਸ!

03/27/2019 9:26:00 AM

ਚੰਡੀਗੜ੍ਹ : ਸ਼੍ਰੋਮਣੀ ਅਕਾਲੀ ਦਲ ਵਲੋਂ ਸੁਖਬੀਰ ਸਿੰਘ ਬਾਦਲ ਨੂੰ ਫਿਰੋਜ਼ਪੁਰ ਤੋਂ ਚੋਣਾਂ ਲੜਾਉਣ ਦੀ ਸੰਭਾਵਨਾ ਤੋਂ ਬਾਅਦ ਹੁਣ ਕਾਂਗਰਸ 'ਚ ਵੀ ਹਲਚਲ ਮਚ ਗਈ ਹੈ ਅਤੇ ਕਾਂਗਰਸ 'ਚ ਵੀ ਇਸ ਸੀਟ ਤੋਂ ਸੁਖਬੀਰ ਬਾਦਲ ਦੇ ਮੁਕਾਬਲੇ ਦਾ ਉਮੀਦਵਾਰ ਲੱਭਣ ਦੀਆਂ ਗੱਲਾਂ ਚੱਲਣ ਲੱਗੀਆਂ ਹਨ। ਕਾਂਗਰਸੀ ਆਗੂਆਂ ਦਾ ਕਹਿਣਾ ਹੈ ਕਿ ਇਸ ਹਲਕੇ ਤੋਂ ਕਿਸੇ ਮਜ਼ਬੂਤ ਉਮੀਦਵਾਰ ਨੂੰ ਮੈਦਾਨ 'ਚ ਉਤਾਰਨਾ ਚਾਹੀਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਦਾ ਵਿਰੋਧੀ ਖੇਮਾ ਇਸ ਵਿਚਾਰ ਨੂੰ ਹਵਾ ਦੇ ਰਿਹਾ ਹੈ।
ਅਕਾਲੀ ਦਲ ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋਏ ਸ਼ੇਰ ਸਿੰਘ ਘੁਬਾਇਆ ਨੂੰ ਫਿਰੋਜ਼ਪੁਰ ਹਲਕੇ ਤੋਂ ਟਿਕਟ ਦਿੱਤੇ ਜਾਣ ਦੇ ਆਸਾਰ ਹਨ ਪਰ ਬਦਲੀ ਸਥਿਤੀ 'ਚ ਕਾਂਗਰਸੀ ਆਗੂਆਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਹੈ ਕਿ ਇਸ ਹਲਕੇ ਤੋਂ ਸ਼ਕਤੀਸ਼ਾਲੀ ਆਗੂ ਮੈਦਾਨ 'ਚ ਉਤਾਰਿਆ ਜਾਵੇ। ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਕਾਂਗਰਸ ਪਾਰਟੀ ਲਈ ਲੋਕ ਸਭਾ ਚੋਣਾਂ ਬਹੁਤ ਹੀ ਅਹਿਮ ਹਨ ਅਤੇ ਸਾਨੂੰ ਆਪੋ-ਆਪਣੇ ਜ਼ਿਲਿਆਂ ਦੇ ਲੋਕ ਸਭਾ ਹਲਕਿਆਂ ਤੋਂ ਚੋਣ ਲੜਨੀ ਚਾਹੀਦੀ ਹੈ। ਬਾਜਵਾ ਲਗਾਤਾਰ ਕੋਸ਼ਿਸ਼ ਕਰਦੇ ਆ ਰਹੇ ਹਨ ਕਿ ਜਾਖੜ ਨੂੰ ਫਿਰੋਜ਼ਪੁਰ ਤੋਂ ਚੋਣ ਲੜਨੀ ਚਾਹੀਦੀ ਹੈ ਪਰ ਜਾਖੜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੁਰਦਾਸਪੁਰ ਹਲਕੇ ਤੋਂ ਜ਼ਿਮਨੀ ਚੋਣ ਦੋ ਲੱਖ ਵੋਟਾਂ ਦੇ ਫਰਕ ਨਾਲ ਜਿੱਤੀ ਸੀ ਤੇ ਇਸ ਕਰਕੇ ਉਹ ਹਲਕਾ ਬਦਲਣ ਲਈ ਤਿਆਰ ਨਹੀਂ ਹਨ। ਦੂਜਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਉਨ੍ਹਾਂ ਨੂੰ ਗੁਰਦਾਸਪੁਰ ਤੋਂ ਉਮੀਦਵਾਰ ਐਲਾਨ ਦਿੱਤਾ ਹੈ। 

Babita

This news is Content Editor Babita