ਫਿਰੋਜ਼ਪੁਰ ਛਾਉਣੀ ਏਰੀਆ ''ਚ ਪਾਈਪਾਂ ਕੱਟਣ ਨਾਲ ਇਕੱਠੇ ਹੋ ਰਹੇ ਪਾਣੀ ਤੋਂ ਲੋਕ ਪ੍ਰੇਸ਼ਾਨ

11/22/2017 5:56:27 PM


ਫਿਰੋਜ਼ਪੁਰ (ਕੁਮਾਰ) - ਫਿਰੋਜ਼ਪੁਰ ਛਾਉਣੀ ਦੀ ਸ਼ੀਤਲਾ ਮਾਤਾ ਮੰਦਰ ਘੁਮਿਆਰ ਮੰਡੀ ਵਿਚ ਕੰਟੋਨਮੈਂਟ ਬੋਰਡ ਦੇ ਠੇਕੇਦਾਰਾਂ ਵੱਲੋਂ ਵਾਟਰ ਸਪਲਾਈ ਦੀਆਂ ਪਾਈਪਾਂ ਕੱਟ ਕੇ ਹੌਦੀ ਬਣਾਉਣ ਦੇ ਕਾਰਨ ਪਾਣੀ ਨਿਕਲ ਰਿਹਾ ਹੈ, ਜਿਸ ਕਰ ਕੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਦੀਪ ਵਰਮਾ, ਸੁਮਿਤ ਵੋਹਰਾ ਅਤੇ ਪਵਨ ਕੁਮਾਰ ਨੇ ਦੱਸਿਆ ਕਿ ਕੰਟੋਨਮੈਂਟ ਬੋਰਡ ਫਿਰੋਜ਼ਪੁਰ ਨੂੰ ਸ਼ਿਕਾਇਤ ਲਿਖ ਕੇ ਦੇਣ ਦੇ ਬਾਵਜੂਦ ਇਸ ਮੁਸ਼ਕਲ ਦਾ ਹੱਲ ਨਹੀਂ ਕੀਤਾ ਜਾ ਰਿਹਾ। ਉਨ੍ਹਾਂ ਦੱਸਿਆ ਕਿ ਜਦੋਂ ਵੀ ਪਾਣੀ ਦੀਆਂ ਪਾਈਪਾਂ ਚੱਲਦੀਆਂ ਹਨ, ਉਦੋਂ ਸਾਰਾ ਏਰੀਆ ਪਾਣੀ ਨਾਲ ਭਰ ਜਾਂਦਾ ਹੈ ਅਤੇ ਪਾਣੀ ਲੋਕਾਂ ਦੇ ਘਰਾਂ ਦੀਆਂ ਨੀਹਾਂ ਵਿਚ ਚਲਾ ਜਾਂਦਾ ਹੈ। ਛਾਉਣੀ ਏਰੀਆ ਵਿਚ ਪਾਣੀ ਦੀ ਵੱਡੀ ਲੀਕੇਜ ਕਾਰਨ ਪਾਣੀ ਵੇਸਟ ਹੋ ਰਿਹਾ ਹੈ।

ਕੈਂਟ ਬੋਰਡ 'ਤੇ ਝੂਠੇ ਦੋਸ਼ ਲਾ ਕੇ ਬਦਨਾਮ ਕਰਨ ਦੀ ਕੀਤੀ ਜਾ ਰਹੀ ਹੈ ਸਾਜ਼ਿਸ਼ : ਸਤੀਸ਼ ਅਰੋੜਾ
ਫਿਰੋਜ਼ਪੁਰ ਕੈਂਟ ਬੋਰਡ ਦੇ ਐੱਸ. ਡੀ. ਓ. ਇੰਜੀਨੀਅਰ ਸਤੀਸ਼ ਅਰੋੜਾ ਨੇ ਸੰਪਰਕ ਕਰਨ 'ਤੇ ਆਪਣਾ ਪੱਖ ਦਿੰਦਿਆਂ ਦੱਸਿਆ ਕਿ ਕੈਂਟ ਬੋਰਡ ਨੇ 34 ਕਿਲੋਮੀਟਰ ਏਰੀਏ ਵਿਚ ਸੀਵਰੇਜ ਪਾਇਆ ਹੈ ਅਤੇ ਸੀਵਰੇਜ ਸਫਲਤਾਪੂਰਵਕ ਸ਼ੁਰੂ ਹੋ ਗਿਆ ਹੈ। ਸਾਨੂੰ ਸੀਵਰੇਜ ਪਾਉਣ ਵਿਚ ਕਿਤੇ ਵੀ ਮੁਸ਼ਕਲ ਪੇਸ਼ ਨਹੀਂ ਆਈ ਅਤੇ ਘੁਮਿਆਰ ਮੰਡੀ ਦੇ ਇਸ ਏਰੀਏ ਵਿਚ ਦੇਖਿਆ ਗਿਆ ਹੈ ਕਿ ਵਾਟਰ ਸਪਲਾਈ ਅਤੇ ਸੀਵਰੇਜ ਦੀਆਂ ਪਾਈਪਾਂ ਨਾਲ-ਨਾਲ ਹਨ ਅਤੇ ਭਵਿੱਖ ਵਿਚ ਲੋਕਾਂ ਨੂੰ ਮੁਸ਼ਕਲਾਂ ਪੇਸ਼ ਆ ਸਕਦੀਆਂ ਹਨ ਅਤੇ ਲੋਕਾਂ ਦੀ ਸਹੂਲਤ ਲਈ ਸੀਵਰੇਜ ਅਤੇ ਵਾਟਰ ਸਪਲਾਈ ਨੂੰ ਵੱਖ-ਵੱਖ ਕੀਤਾ ਹੈ, ਜਿਸ ਕਾਰਨ ਇਹ ਹੌਦੀ ਬਣਾਈ ਜਾ ਰਹੀ ਹੈ। ਇੰਜੀਨੀਅਰ ਅਰੋੜਾ ਨੇ ਦੱਸਿਆ ਕਿ ਕੈਂਟ ਬੋਰਡ ਵੱਲੋਂ ਤੇਜ਼ੀ ਨਾਲ ਇਹ ਕੰਮ ਕਰਵਾਇਆ ਜਾ ਰਿਹਾ ਹੈ, ਜੋ ਇਕ ਅੱਧੇ ਦਿਨ ਵਿਚ ਪੂਰਾ ਹੋ ਜਾਵੇਗਾ।
ਅਜਿਹੀ ਮੁਸ਼ਕਲ ਤਾਂ ਇੰਨੇ ਵੱਡੇ ਏਰੀਏ ਵਿਚ ਆਉਂਦੀ ਰਹਿੰਦੀ ਹੈ। ਫਿਰੋਜ਼ਪੁਰ ਛਾਉਣੀ ਏਰੀਆ ਵਿਚ ਸਫਲਤਾਪੂਰਵਕ ਨਵਾਂ ਪਾਇਆ ਗਿਆ ਸੀਵਰੇਜ ਸਿਸਟਮ ਚੱਲ ਪਿਆ ਹੈ ਅਤੇ ਕੁਝ ਸ਼ਰਾਰਤੀ ਅਨਸਰ ਅੱਜ ਵੀ ਇਕ ਸਾਜ਼ਿਸ਼ ਦੇ ਤਹਿਤ ਕੈਂਟ ਬੋਰਡ ਫਿਰੋਜ਼ਪੁਰ ਨੂੰ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਬਣਾਉਂਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਕੈਂਟ ਬੋਰਡ ਫਿਰੋਜ਼ਪੁਰ ਵੱਲੋਂ ਹਰੇਕ ਮੁਸ਼ਕਲਾਂ ਦਾ ਹੱਲ ਪਹਿਲ ਦੇ ਆਧਾਰ 'ਤੇ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਹੀਂ ਵਰਤੀ ਜਾਂਦੀ।