ਤਲਾਸ਼ੀ ਮੁਹਿੰਮ ਦੌਰਾਨ ਫਿਰੋਜ਼ਪੁਰ ਜੇਲ੍ਹ ’ਚ ਬੰਦ ਹਵਾਲਾਤੀਆਂ ਤੋਂ ਦੋ ਹੋਰ ਮੋਬਾਈਲ ਬਰਾਮਦ ਹੋਏ

02/06/2024 4:38:57 PM

ਫਿਰੋਜ਼ਪੁਰ (ਕੁਮਾਰ) : ਮੋਬਾਈਲ ਫ਼ੋਨ ਅਤੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਸੁਰਖੀਆਂ ਵਿਚ ਚੱਲੀ ਆ ਰਹੀ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਚ ਸਹਾਇਕ ਸੁਪਰਡੈਂਟ ਸਰਬਜੀਤ ਸਿੰਘ ਅਤੇ ਨਿਰਮਲਜੀਤ ਸਿੰਘ ਦੀ ਅਗਵਾਈ ਵਿਚ ਚਲਾਏ ਗਏ ਸਰਚ ਅਭਿਆਨ ਦੌਰਾਨ ਹਵਾਲਾਤੀਆਂ ਤੋਂ ਸਿਮ ਕਾਰਡ ਦੇ ਨਾਲ 2 ਹੋਰ ਮੋਬਾਈਲ ਫੋਨ ਬਰਾਮਦ ਹੋਏ ਹਨ। ਇਸ ਹਵਾਲਾਤੀ ਬਲਜਿੰਦਰ ਸਿੰਘ ਅਤੇ ਰਾਜਦੀਪ ਸਿੰਘ ਉਰਫ਼ ਰਾਜੂ ਦੇ ਖਿਲਾਫ਼ ਮਾਮਲੇ ਦਰਜ ਕੀਤੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਫਿਰੋਜ਼ਪੁਰ ਦੇ ਏ. ਐੱਸ. ਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਪੁਲਸ ਨੂੰ ਭੇਜੀ ਗਈ ਲਿਖਤੀ ਸੂਚਨਾ ਵਿਚ ਦੱਸਿਆ ਗਿਆ ਹੈ ਕਿ ਜਦੋਂ ਉਨ੍ਹਾਂ ਨੇ ਜੇਲ੍ਹ ਦੇ ਬਲਾਕ ਨੰਬਰ 2 ਦੀ ਬੈਰਕ ਨੰਬਰ 2 ਦੀ ਅਚਾਨਕ ਤਲਾਸ਼ੀ ਲਈ ਤਾਂ ਹਵਾਲਾਤੀ ਬਲਜਿੰਦਰ ਸਿੰਘ ਕੋਲੋਂ ਓਪੋ ਕੰਪਨੀ ਦਾ ਇਕ ਟੱਚ ਸਕਰੀਨ ਮੋਬਾਈਲ ਫੋਨ ਸਮੇਤ ਸਿਮ ਕਾਰਡ ਬਰਾਮਦ ਹੋਇਆ ਅਤੇ ਪੁਰਾਣੀ ਬੈਰਕ ਨੰਬਰ ਇਕ ਦੀ ਤਲਾਸ਼ੀ ਲੈਣ ’ਤੇ ਰਾਜਦੀਪ ਸਿੰਘ ਉਰਫ਼ ਰਾਜੂ ਵੱਲੋਂ ਬੈਰਕ ਨੰਬਰ 10 ਨੇੜੇ ਭੱਠੀਆਂ ਦੇ ਕੋਲ ਟੋਆ ਪੁੱਟ ਕੇ ਦੱਬਿਆ ਇੱਕ ਸੈਮਸੰਗ ਕੀਪੈਡ ਮੋਬਾਈਲ ਫ਼ੋਨ ਸਮੇਤ ਸਿਮ ਕਾਰਡ ਬਰਾਮਦ ਹੋਇਆ। ਏਐੱਸਆਈ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਵਿਅਕਤੀਆਂ ਖਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ।

Gurminder Singh

This news is Content Editor Gurminder Singh