PGI ਮੈਨੇਜਮੈਂਟ ਨੇ ਫਿਰੋਜ਼ਪੁਰ ਸੈਟੇਲਾਈਟ ਸੈਂਟਰ ਲਈ ਨਿਰਧਾਰਤ ਜ਼ਮੀਨ ਦਾ ਲਿਆ ਕਬਜ਼ਾ

01/15/2020 1:44:12 PM

ਫਿਰੋਜ਼ਪੁਰ (ਕੁਮਾਰ, ਮਨਦੀਪ) - ਮੋਗਾ ਰੋਡ 'ਤੇ ਪੀ. ਜੀ. ਆਈ. ਸੈਂਟਰ ਦੀ ਉਸਾਰੀ ਦੇ ਮਾਮਲੇ ਸਬੰਧੀ ਕਦਮ ਵਧਾਉਂਦੇ ਹੋਏ ਡੀ.ਸੀ ਚੰਦਰ ਗੈਂਦ ਦੀ ਮੌਜੂਦਗੀ 'ਚ ਫਿਰੋਜ਼ਪੁਰ ਪੀ. ਜੀ. ਆਈ. ਸੈਂਟਰ ਲਈ ਨਿਰਧਾਰਤ ਜ਼ਮੀਨ ਦਾ ਕਬਜ਼ਾ ਪੀ. ਜੀ. ਆਈ. ਮੈਨੇਜਮੈਂਟ ਦੇ ਅਧਿਕਾਰੀਆਂ ਨੂੰ ਦੇ ਦਿੱਤਾ ਗਿਆ। ਡੀ.ਸੀ ਨੇ ਪੀ.ਜੀ.ਆਈ. ਐਡਮਿਸਟ੍ਰੇਸ਼ਨ ਵਿਭਾਗ ਦੇ ਪ੍ਰੋਫੈਸਰ ਬਣੇ ਵਿਪਨ ਕੌਸ਼ਲ, ਡਿਪਾਰਟਮੈਂਟ ਆਫ ਆਰਥੋਪੈਡਿਕ ਦੇ ਪ੍ਰੋਫੈਸਰ ਸਮੀਰ ਅਗਰਵਾਲ ਨੂੰ ਮੰਗਲਵਾਰ ਨਿਰਧਾਰਤ ਜ਼ਮੀਨ ਦਾ ਕਬਜ਼ਾ ਸੌਂਪਿਆ। ਮੱਛੀ ਪਾਲਣ ਵਿਭਾਗ ਤੋਂ 100 ਫੁੱਟ ਚੌੜਾ ਰਸਤਾ (ਸਵਾ 2 ਏਕੜ) ਸੜਕ ਬਣਾਉਣ ਲਈ ਦਿੱਤਾ ਗਿਆ ਹੈ।

ਡੀ.ਸੀ ਚੰਦਰ ਗੈਂਦ ਨੇ ਕਿਹਾ ਕਿ ਫਿਰੋਜ਼ਪੁਰ ਦੇ ਲੋਕਾਂ ਲਈ ਇਹ ਵੱਡੀ ਖੁਸ਼ੀ ਦਾ ਪਲ ਹੈ, ਕਿਉਂਕਿ ਅਸੀਂ ਪੀ.ਜੀ.ਆਈ. ਦੀ ਉਸਾਰੀ ਦੇ ਕੰਮ ਦੇ ਨੇੜੇ ਪਹੁੰਚ ਗਏ ਹਾਂ। ਉਨ੍ਹਾਂ ਇਸ ਸਫਲਤਾ ਦਾ ਕ੍ਰੈਡਿਟ ਫਿਰੋਜ਼ਪੁਰ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਨੂੰ ਦਿੱਤਾ, ਜਿਨ੍ਹਾਂ ਨੇ ਦਿਨ-ਰਾਤ ਇਕ ਕਰ ਜ਼ਮੀਨ ਸਬੰਧੀ ਸਾਰੀ ਕਾਰਵਾਈ ਪੂਰੀ ਕਰਵਾਈ। ਡੀ.ਸੀ ਨੇ ਅਗਲੇ ਡੇਢ-ਦੋ ਮਹੀਨੇ 'ਚ ਇਸ ਕੰਮ ਦੀ ਸ਼ੁਰੂਆਤ ਦੀ ਸੰਭਾਵਨਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੀ.ਜੀ.ਆਈ. ਸੈਂਟਰ ਖੁੱਲ੍ਹਣ ਨਾਲ ਸਿਰਫ ਫਿਰੋਜ਼ਪੁਰ ਨਹੀਂ ਸਗੋਂ ਆਲੇ-ਦੁਆਲੇ ਦੇ 5-6 ਜ਼ਿਲਿਆਂ ਨੂੰ ਫਾਇਦਾ ਹੋਵਗਾ। ਪੀ.ਜੀ.ਆਈ. ਮੈਨੇਜਮੈਂਟ ਵਲੋਂ ਆਏ ਹੋਏ ਡਿਪਾਰਟਮੈਂਟ ਆਫ ਆਰਥੋਪੈਡਿਕ ਦੇ ਪ੍ਰੋ. ਸਮੀਰ ਅਗਰਵਾਲ ਨੇ ਦੱਸਿਆ ਕਿ ਪੀ.ਜੀ.ਆਈ. ਦੀ ਉਸਾਰੀ ਦਾ ਕੰਮ 3 ਪੜਾਵਾਂ 'ਚ ਕੀਤਾ ਜਾਵੇਗਾ, ਜੋ 490 ਕਰੋੜ ਰੁਪਏ ਦਾ ਪ੍ਰਾਜੈਕਟ ਹੈ। ਇਸ ਲਈ ਕਰੀਬ ਸਵਾ 27 ਏਕੜ ਜ਼ਮੀਨ ਨਿਰਧਾਰਤ ਕੀਤੀ ਗਈ ਹੈ।

ਪਹਿਲੇ ਪੜਾਅ 'ਚ ਓ.ਪੀ.ਡੀ. ਸ਼ੁਰੂ ਕੀਤੀ ਜਾਵੇਗੀ ਤੇ ਦੂਜੇ 'ਚ ਜਨ. ਹਸਪਤਾਲ ਖੋਲ੍ਹਿਆ ਜਾਵੇਗਾ ਅਤੇ ਤੀਸਰੇ 'ਚ ਬਾਕੀ ਦਾ ਕੰਮ ਕੀਤਾ ਜਾਵੇਗਾ। ਹਸਪਤਾਲ ਪ੍ਰਬੰਧਨ ਦੇ ਵਿਪਨ ਕੌਸ਼ਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦਾ 3 ਸਾਲ ਦਾ ਸਮਾਂ ਹੈ ਪਰ ਅਸੀਂ ਕੋਸ਼ਿਸ਼ ਕਰਾਂਗੇ ਕਿ ਨਿਰਧਾਰਤ ਸਮੇਂ ਤੋਂ ਪਹਿਲਾਂ ਇਸ ਨੂੰ ਪੂਰਾ ਕੀਤਾ ਜਾਵੇ। ਵਿਧਾਇਕ ਫਿਰੋਜ਼ਪੁਰ ਸ਼ਹਿਰੀ ਪਰਮਿੰਦਰ ਸਿੰਘ ਪਿੰਕੀ ਨੇ ਕਿਹਾ ਕਿ ਪੀ.ਜੀ.ਆਈ. ਹਸਪਤਾਲ ਸਿਰਫ 100 ਬੈੱਡਾਂ ਤੱਕ ਸੀਮਤ ਨਹੀਂ ਹੋਵੇਗਾ ਸਗੋਂ 400 ਬੈੱਡਾਂ ਦਾ ਵੱਡਾ ਹਸਪਤਾਲ ਬਣੇਗਾ। ਇਸ 'ਚ ਨਰਸਿੰਗ ਇੰਸਟੀਚਿਊਟ ਅਤੇ ਮੈਡੀਕਲ ਕਾਲਜ ਦੀ ਸਹੂਲਤ ਵੀ ਹੋਵੇਗੀ। ਸੈਂਟਰ ਦੇ ਨਿਰਮਾਣ ਮਗਰੋਂ 15 ਤੋਂ 20 ਹਜ਼ਾਰ ਲੋਕਾਂ ਨੂੰ ਪ੍ਰਤੱਖ ਤਰੀਕੇ ਨਾਲ ਰੋਜ਼ਗਾਰ ਮਿਲੇਗਾ।

ਪੀ.ਜੀ.ਆਈ. ਸੈਂਟਰ ਨੂੰ ਹਾਈਵੇ 'ਤੇ ਲਿਜਾਉਣ ਦਾ ਮਕਸਦ ਸੀ, ਕਿਉਂਕਿ ਉਥੇ ਟ੍ਰੈਫਿਕ ਦੀ ਸਮੱਸਿਆ ਪੈਦਾ ਨਹੀਂ ਹੋਵੇਗੀ। ਉਸ ਕੋਲ ਗੁ. ਜਾਮਨੀ ਸਾਹਿਬ ਸਥਿਤ ਹੈ, ਜਿਥੇ ਲੋਕਾਂ ਦੇ ਰਹਿਣ ਵਾਸਤੇ ਸਰਾਂ ਹੈ ਅਤੇ ਲੰਗਰ ਦੀ ਸੇਵਾ ਦਿਨ-ਰਾਤ ਉਪਲੱਬਧ ਹੈ।ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਜ਼ਿਲੇ ਦੇ ਲੋਕਾਂ ਨਾਲ ਕੀਤਾ ਗਿਆ ਇਕ-ਇਕ ਵਾਅਦਾ ਪੂਰਾ ਕਰਨਗੇ ਅਤੇ ਪੀ.ਜੀ.ਆਈ. ਸੈਂਟਰ ਦੇ ਨਿਰਮਾਣ ਨਾਲ ਫਿਰੋਜ਼ਪੁਰ ਜ਼ਿਲਾ ਤੇਜ਼ੀ ਨਾਲ ਅੱਗੇ ਵਧੇਗਾ ਅਤੇ ਸਰਹੱਦੀ ਜ਼ਿਲੇ 'ਚ ਰੋਜ਼ਗਾਰ ਅਤੇ ਵਧੀਆ ਸਿਹਤ ਸੇਵਾਵਾਂ ਸਬੰਧੀ ਕਈ ਮੌਕੇ ਪੈਦਾ ਹੋਣਗੇ।  

 

rajwinder kaur

This news is Content Editor rajwinder kaur