ਬਸੰਤ ਪੰਚਮੀ ’ਤੇ ਫਿਰੋਜ਼ਪੁਰੀਆਂ ਨੇ ਕੀਤੀਆਂ ‘ਘੈਂਟ ਤਿਆਰੀਆਂ’ (ਵੀਡੀਓ)

01/29/2020 12:33:53 PM

ਫਿਰੋਜ਼ਪੁਰ (ਕੁਮਾਰ, ਸੰਨੀ) - ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਲਈ ਪਤੰਗਬਾਜ਼ੀ ਦੇ ਸ਼ੋਕੀਨ ਲੋਕ ਦੇਸ਼ ਵਿਦੇਸ਼ਾਂ ਤੋਂ ਫਿਰੋਜ਼ਪੁਰ ’ਚ ਪਹੁੰਚ ਗਏ ਹਨ। ਫਿਰੋਜ਼ਪੁਰ ਸ਼ਹਿਰ ਅਤੇ ਛਾਉਣੀ ’ਚ ਡੋਰ ਦੀਆਂ ਚਰਖੀਆਂ ਅਤੇ ਪਤੰਗਾਂ ਦੀ ਖਰੀਦੋ ਫਰੋਖਤ ਤੇਜ਼ੀ ਨਾਲ ਸ਼ੁਰੂ ਹੋ ਗਈ ਹੈ। ਜੰਮੂ ਕਸ਼ਮੀਰ, ਮੁੰਬਈ, ਦਿੱਲੀ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਨਿਊਜੀਲੈਂਡ ਆਦਿ ਤੋਂ ਛੋਟੀ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਲੋਕ, ਔਰਤਾਂ ਤੇ ਬੱਚਿਆਂ ’ਚ ਬਸੰਤ ਪਚੰਮੀ ਨੂੰ ਲੈ ਕੇ ਭਾਰੀ ਉਤਸ਼ਾਹ ਹੈ। ਕੈਨੇਡਾ ਤੋਂ ਫਿਰੋਜ਼ਪੁਰ ਪਹੁੰਚੇ ਰੁਧੀਰ ਗੁਲਾਟੀ ਨੇ ਦੱਸਿਆ ਕਿ ਉਹ ਬਸੰਤ ਪੰਚਮੀ ਦਾ ਤਿਉਹਾਰ ਮਨਾਉਣ ਫਿਰੋਜ਼ਪੁਰ ਆਉਣ ਦੇ ਲਈ 2-3 ਮਹੀਨੇ ਪਹਿਲਾਂ ਹੀ ਟਿਕਟਾਂ ਬੁੱਕ ਕਰਵਾ ਦਿੰਦੇ ਹਨ ਅਤੇ ਇਸ ਦਿਨ ਦਾ ਉਹ ਬੜੀ ਬੇਸਬਰੀ ਨਾਲ ਇੰਤਜਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਬਸੰਤ ਪੰਚਮੀ ਦੇ ਤਿਉਹਾਰ ਦੇ ਨਾਲ ਉਨ੍ਹਾਂ ਦੀਆਂ ਬਚਪਨ ਦੀਆਂ ਯਾਦਾ ਜੁੜੀਆਂ ਹੋਈਆਂ ਹਨ। ਫਿਰੋਜ਼ਪੁਰ ’ਚ ਬਸੰਤ ਪੰਚਮੀ ਦੇ ਤਿਉਹਾਰ ’ਤੇ ਪਤੰਗਾਂ ਉਡਾ ਕੇ ਉਨ੍ਹਾਂ ਨੂੰ ਬਹੁਤ ਸਕੂਨ ਮਿਲਦਾ ਹੈ। ਜੰਮੂ ਤੋਂ ਆਪਣੇ ਪਰਿਵਾਰ ਸਮੇਤ ਆਏ ਡਾ.ਨੀਖਿਲ ਸ਼ਰਮਾ ਅਤੇ ਡਾ. ਰੀਤ ਸ਼ਰਮਾ ਨੇ ਦੱਸਿਆ ਕਿ ਉਹ ਆਪਣੇ ਬੱਚੇ ਨੂੰ ਬਸੰਤ ਪੰਚਮੀ ਦੇ ਤਿਉਹਾਰ ਨਾਲ ਜੋੜਨਾ ਚਾਹੁੰਦੇ ਹਨ। ਉਹ ਚਾਹੁੰਦੇ ਹਨ ਕਿ ਉਨ੍ਹਾਂ ਦਾ ਬੱਚਾ ਵੀ ਬਾਕੀ ਬੱਚਿਆਂ ਵਾਂਗ ਪਤੰਗ ਉਡਾਵੇ।

ਮੀਂਹ ਦੇ ਕਾਰਨ ਪਤੰਗਬਾਜ਼ਾਂ ’ਚ ਉਦਾਸੀ
ਫਿਰੋਜ਼ਪੁਰ ’ਚ ਬੀਤੇ ਦਿਨ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪਤੰਗਬਾਜ਼ਾਂ ’ਚ ਉਦਾਸੀ ਦਾ ਮਾਹੌਲ ਹੈ। ਉਹ ਪ੍ਰਮਾਤਮਾ ਅੱਗੇ ਪ੍ਰਾਰਥਨਾਵਾਂ ਕਰ ਰਹੇ ਹਨ ਕਿ ਮੌਸਮ ਸਾਫ ਅਤੇ ਪਤੰਗ ਉਡਾਉਣ ਵਾਲਾ ਬਣ ਜਾਵੇ ਤਾਂ ਜੋ ਉਹ ਬਸੰਤ ਪੰਚਮੀ ਦਾ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾ ਸਕਣ।

ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਨੇ ਸਕੂਲਾਂ ਕਾਲਜਾਂ ’ਚ 30 ਦੀ ਬਸੰਤ ਪੰਚਮੀ ਲਈ ਛੁੱਟੀ ਕੀਤੀ
ਇਸ ਵਾਰ ਫਿਰੋਜ਼ਪੁਰ ਦੇ ਲੋਕ ਇਸ ਦੁਵਿਧਾ ’ਚ ਹਨ ਕਿ ਬਸੰਤ ਪੰਚਮੀ ਦਾ ਤਿਉਹਾਰ 29 ਜਨਵਰੀ ਨੂੰ ਮਨਾਈਏ ਜਾਂ 30 ਜਨਵਰੀ ਨੂੰ ਮਨਾਈਏ? ਫਿਰੋਜ਼ਪੁਰ ਦੇ ਜ਼ਿਆਦਾਤਰ ਪਤੰਗਬਾਜ਼ 29 ਮਈ ਨੂੰ ਬਸੰਤ ਮਨਾਉਣਗੇ ਅਤੇ 29 ਮਈ ਲਈ ਉਨ੍ਹਾਂ ਨੇ ਡੀ. ਜੇ. ਵੀ ਬੁੱਕ ਕਰਵਾ ਦਿੱਤੇ ਹਨ। ਦੂਜੇ ਪਾਸੇ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸਨ ਨੇ ਬਸੰਤ ਪੰਚਮੀ ਤਿਉਹਾਰ ਦੇ ਲਈ ਸਕੂਲਾਂ ਕਾਲਜਾਂ ’ਚ 30 ਜਨਵਰੀ ਨੂੰ ਛੁੱਟੀ ਕਰ ਦਿੱਤੀ। ਪਹਿਲਾਂ 26 ਜਨਵਰੀ ਨੂੰ ਸਮਾਰੋਹ ਵਾਲੇ ਦਿਨ 29 ਜਨਵਰੀ ਨੂੰ ਛੁੱਟੀ ਐਲਾਨੀ ਗਈ ਸੀ, ਜੋ ਬਾਅਦ ’ਚ 30 ਜਨਵਰੀ ਦੀ ਛੁੱਟੀ ਐਲਾਨੀ ਗਈ। ਫਿਰੋਜ਼ਪੁਰ ’ਚ ਇਸ ਗੱਲ ਦਾ ਢਿੰਢੋਰਾ ਪਿੱਟਿਆ ਜਾ ਰਿਹਾ ਹੈ ਕਿ ਫਿਰੋਜ਼ਪਰ ’ਚ ਬਸੰਤ ਪੰਚਮੀ ਦਾ ਤਿਉਹਾਰ 30 ਜਨਵਰੀ ਨੂੰ ਮਨਾਇਆ ਜਾਵੇਗਾ।

ਫਿਰੋਜ਼ਪੁਰ ’ਚ ਡੋਰ ਤੇ ਪਤੰਗਾਂ ਦੀ ਵਿੱਕਰੀ ਪਹਿਲਾਂ ਨਾਲੋਂ ਘੱਟ
ਬਸੰਤ ਪੰਚਮੀ ’ਤੇ ਫਿਰੋਜ਼ਪੁਰ ਸ਼ਹਿਰ ਛਾਉਣੀ ਵਿਚ ਡੋਰ ਅਤੇ ਪਤੰਗਾਂ ਦਾ ਕਰੋੜਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ, ਪਰ ਇਸ ਵਾਰ ਪਹਿਲਾਂ ਦੇ ਮੁਕਾਬਲੇ ਇਹ ਵਿਕਰੀ ਕੁਝ ਘੱਟ ਹੈ। ਇਸਦੀ ਇਕ ਵਜ੍ਹਾ ਲੋਕਾਂ ਦੇ ਕੋਲ ਪੈਸਾ ਘੱਟ ਹੋਣਾ ਅਤੇ ਦੂਸਰੀ ਵਜ੍ਹਾ ਜ਼ਿਲਾ ਫਿਰੋਜ਼ਪੁਰ ਪ੍ਰਸ਼ਾਸ਼ਨ ਵਲੋਂ ਚਾਈਨਾਂ ਡੋਰ ਦੀ ਵਿਕਰੀ ’ਤੇ ਲਾਈ ਗਈ ਪਾਬੰਦੀ ਹੈ। ਫਿਰੋਜ਼ਪੁਰ ਦੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਫਿਰੋਜ਼ਪੁਰ ਦੇ ਲੋਕ ਵੱਡੇ ਪੱਧਰ ’ਤੇ ਬਸੰਤ ਮਨਾਉਣ ਲਈ ਚਾਈਨਾਂ ਡੋਰ ਅੰਮ੍ਰਿਤਸਰ ਅਤੇ ਹੋਰ ਵੱਡੇ ਸ਼ਹਿਰਾਂ ਤੋਂ ਲਿਆ ਰਹੇ ਹਨ, ਜਦਕਿ ਸਧਾਰਨ ਬਰੇਲੀ ਆਦਿ ਡੋਰ ਦੀ ਮੰਗ ਬਹੁਤ ਘੱਟ ਹੈ। ਬਸੰਤ ਪੰਚਮੀ ਦੇ ਤਿਉਹਾਰ ਨੂੰ ਲੈ ਕੇ ਫਿਰੋਜ਼ਪੁਰ ਵਿਚ “ਜੇ ਵੇਖਣਾ ਬਸੰਤ ਗੋਰੀਏ ਤੈਨੂੰ ਪੈਣਾ ਫਿਰੋਜ਼ਪੁਰ ਆਉਣਾ” ਪੰਜਾਬੀ ਗੀਤ ਗੂੰਜਣ ਲੱਗਾ ਹੈ ਅਤੇ ਹਰ ਪਾਸੇ ਇਹ ਗੀਤ ਪ੍ਰਚਲਿਤ ਹੋ ਰਿਹਾ ਹੈ ਅਤੇ ਲੋਕਾਂ ਵਿਚ ਭਾਰੀ ਉਤਸ਼ਾਹ ਹੈ।

rajwinder kaur

This news is Content Editor rajwinder kaur