ਸੜਕ ''ਚ ਲੱਗੇ ਗੰਦਗੀ ਦੇ ਢੇਰਾਂ ਤੋਂ ਬੀਮਾਰੀਆਂ ਫੈਲਣ ਦਾ ਡਰ

09/17/2017 7:05:55 AM

ਸੁਲਤਾਨਪੁਰ ਲੋਧੀ, (ਸੋਢੀ)- 'ਸਵੱਛ ਭਾਰਤ ਮੁਹਿੰਮ' ਦੀ ਤੀਜੀ ਵਰ੍ਹੇਗੰਢ 'ਤੇ ਸਥਾਨਿਕ ਪ੍ਰਸ਼ਾਸਨ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਨਰੇਗਾ ਵਰਕਰਾਂ ਨੂੰ ਆਪਣੇ ਆਲੇ-ਦੁਆਲੇ ਦੀ ਸਫਾਈ ਕਰਨ, ਸੜਕਾਂ ਤੇ ਪਾਰਕਾਂ, ਸਿਹਤ ਸੰਸਥਾਵਾਂ ਦੀ ਸਫਾਈ ਰੱਖਣ ਲਈ ਪ੍ਰਣ ਦਿਵਾਇਆ ਜਾ ਰਿਹਾ ਹੈ ਪਰ ਇਸ ਸਭ ਦੇ ਬਾਵਜੂਦ ਵੀ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੀ ਗਰੀਬਾਂ ਦੀ ਇਕ ਬਸਤੀ 'ਚ ਫੈਲੀ ਗੰਦਗੀ ਤੇ ਕੂੜੇ ਦੇ ਢੇਰ ਦੇਖ ਕੇ ਪ੍ਰਸ਼ਾਸਨ ਦੇ ਸਵੱਛ ਹੀ ਸੇਵਾ ਮਿਸ਼ਨ ਦੇ ਪ੍ਰਣ ਕਰਨ ਦੇ ਸਾਰੇ ਵਾਅਦੇ ਖੋਖਲੇ ਸਾਬਤ ਹੋ ਰਹੇ ਹਨ। ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਵਿਖੇ ਬਣੀ ਗਊਸ਼ਾਲਾ ਤੋਂ ਐੱਫ. ਸੀ. ਆਈ. ਦਫ਼ਤਰ ਦੇ ਪਿਛਲੇ ਪਾਸੇ ਤੇ ਫੂਡ ਸਪਲਾਈ ਦਫ਼ਤਰ ਤੋਂ ਥੋੜ੍ਹਾ ਅੱਗੇ ਬਣੀ ਸੜਕ ਦੇ ਨੇੜੇ ਗੰਦਗੀ ਤੇ ਕੂੜੇ ਦੇ ਢੇਰਾਂ ਤੋਂ ਆਉਂਦੀ ਬਦਬੂ ਕਾਰਨ ਪਵਿੱਤਰ ਨਗਰੀ 'ਚ ਭਿਆਨਕ ਬੀਮਾਰੀਆਂ ਫੈਲ ਰਹੀਆਂ ਹਨ। 
ਜਾਣਕਾਰੀ ਅਨੁਸਾਰ ਨਗਰ ਕੌਂਸਲ ਸੁਲਤਾਨਪੁਰ ਲੋਧੀ ਵਲੋਂ ਇਥੇ ਸ਼ਹਿਰ ਦੀ ਗੰਦਗੀ ਤੇ ਕੂੜਾ ਸੁੱਟਣ ਲਈ ਇਕ ਆਰਜ਼ੀ ਡੰਪ ਬਣਾਇਆ ਗਿਆ ਸੀ, ਜਿਥੋਂ ਇਕੱਠਾ ਹੋਇਆ ਕੂੜਾ ਟਰਾਲੀਆਂ 'ਚ ਭਰਕੇ ਸ਼ਹਿਰੋਂ ਬਾਹਰ ਦੂਰ ਬਣੇ ਇਕ ਹੋਰ ਵੱਡੇ ਡੰਪ 'ਤੇ ਸੁੱਟਿਆ ਜਾਂਦਾ ਸੀ ਪਰ ਹੁਣ ਸ਼ਹਿਰ ਦੀ ਲੋਹੀਆਂ ਚੁੰਗੀ ਦੀ ਹਦੂਦ ਅੰਦਰ ਹੀ ਸ਼ਹਿਰ ਦੀ ਪ੍ਰਵੇਸ਼ ਰੋਡ ਦੇ ਨਾਲ-ਨਾਲ ਗੰਦਗੀ ਤੇ ਕੂੜੇ ਦੇ ਢੇਰਾਂ 'ਚ ਪਸ਼ੂ ਮੂੰਹ ਮਾਰਦੇ ਹਨ ਤੇ ਬਦਬੂ ਨਾਲ ਆਲੇ-ਦੁਆਲੇ ਤੋਂ ਲੰਘਣ ਵਾਲਿਆਂ ਨੂੰ ਬਹੁਤ ਪ੍ਰੇਸ਼ਾਨੀ ਹੋ  ਰਹੀ ਹੈ। 
ਇਥੇ ਰਹਿੰਦੇ ਮਜ਼ਦੂਰਾਂ 'ਚੋਂ ਇਕ ਨੇ ਆਪਣਾ ਨਾਮ ਅਜੈ ਕੁਮਾਰ ਦੱਸਦੇ ਹੋਏ ਕਿਹਾ ਕਿ ਇਥੇ ਸੀਵਰੇਜ ਵੀ ਸੜਕ 'ਚ ਪਿਆ ਹੋਇਆ ਹੈ ਪਰ ਸੀਵਰੇਜ ਦੇ ਪਾਣੀ ਦੀ ਨਿਕਾਸੀ ਦਾ ਪ੍ਰਬੰਧ ਵੀ ਨਹੀਂ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਥੇ ਗਰੀਬ ਪਰਿਵਾਰ ਹੀ ਵੱਸਦੇ ਹਨ ਤੇ ਸਭ ਕੂੜੇ ਤੇ ਗੰਦਗੀ ਕਾਰਨ ਬੀਮਾਰ ਹਨ ਪਰ ਉਨ੍ਹਾਂ ਦੀ ਕੋਈ ਵੀ ਸੁਣ ਨਹੀਂ ਰਿਹਾ। ਲੋਕਾਂ ਨੇ ਦੱਸਿਆ ਕਿ ਇਥੇ ਕੂੜਾ ਸੁੱਟ ਕੇ ਕਦੇ ਵੀ ਕੋਈ ਚੁੱਕਣ ਲਈ ਨਹੀਂ ਆਇਆ। ਵੱਖ-ਵੱਖ ਸ਼ੈਲਰਾਂ ਦੇ ਨਾਲ ਲੱਗਦੇ ਇਸ ਕੂੜੇ ਦੇ ਡੰਪ ਤੇ ਗੰਦਗੀ ਦੀ ਸਫਾਈ ਨਾ ਹੋਣ ਤੋਂ ਭਾਰੀ ਨਿਰਾਸ਼ ਰਾਈਸ ਮਿਲਰ ਤੇ ਸਮਾਜ ਸੇਵਕ ਅਨਿਲ ਭੋਲਾ ਨੇ ਵੀ ਪੰਜਾਬ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਧਿਕਾਰੀ ਇਥੇ ਮੌਕਾ ਦੇਖ ਕੇ ਤੁਰੰਤ ਇਲਾਕੇ ਦੀ ਸਫਾਈ ਕਰਵਾਉਣ ਨਹੀਂ ਤਾਂ ਸ਼ਹਿਰ 'ਚ ਖਤਰਨਾਕ ਬੀਮਾਰੀਆਂ ਫੈਲ ਸਕਦੀਆਂ ਹਨ।
ਇਸ ਸੰਬੰਧੀ ਨਗਰ ਕੌਂਸਲ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਵਿਨੋਦ ਗੁਪਤਾ ਨੇ ਦੱਸਿਆ ਕਿ ਇਥੇ ਨਗਰ ਕੌਂਸਲ ਦਾ ਕੂੜਾ ਸੁੱਟਣ ਲਈ ਡੰਪ ਬਣਾਇਆ ਗਿਆ ਹੈ, ਜਿਥੋਂ ਟਰਾਲੀਆਂ ਰਾਹੀਂ ਕੂੜਾ ਚੁੱਕ ਕੇ ਬਾਹਰ ਸੁੱਟ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਰਿਹਾਇਸ਼ੀ ਥਾਂ ਨਹੀਂ ਹੈ ਤੇ ਨਾ ਹੀ ਇਥੇ ਕੋਈ ਰਹਿੰਦਾ ਹੈ ਪਰ ਫਿਰ ਵੀ ਇਸਦੀ ਲੋੜੀਂਦੀ ਸਫਾਈ ਕਰਵਾਈ ਜਾਵੇਗੀ।