ਫਾਜ਼ਿਲਕਾ: ਸਰਹੱਦੀ ਇਲਾਕੇ 'ਚ ਸਤਲੁਜ ਦਾ ਕਹਿਰ, ਰਾਤੋ-ਰਾਤ ਆ ਸਕਦੈ ਹੜ੍ਹ (ਵੀਡੀਓ)

08/23/2019 1:36:49 PM

ਫਾਜ਼ਿਲਕਾ (ਸੁਨੀਲ ਨਾਗਪਾਲ) - ਫਾਜ਼ਿਲਕਾ ਦੇ ਸਰਹੱਦੀ ਇਲਾਕੇ 'ਚ ਸਤਲੁਜ ਦਾ ਪਾਣੀ ਭਰਨਾ ਸ਼ੁਰੂ ਹੋ ਗਿਆ ਹੈ, ਜੋ ਵੱਖ-ਵੱਖ ਪਿੰਡਾਂ 'ਚ ਦਾਖਲ ਹੋ ਰਿਹਾ ਹੈ। ਫਾਜ਼ਿਲਕਾ ਦੇ ਨਾਲ ਲੱਗਦੇ ਪਿੰਡ ਢਾਣੀ ਸੰਘਾ ਸਿੰਘ ਦੇ ਖੇਤਾਂ 'ਚ ਸਤਲੁਜ ਦੇ ਆਏ ਪਾਣੀ ਨੇ ਪਿੰਡ ਦੇ 800 ਏਕੜ ਰਕਬੇ ਨੂੰ ਆਪਣੀ ਲਪੇਟ 'ਚ ਲੈ ਲਿਆ, ਜਿਸ ਕਾਰਨ ਕੁਲ 2 ਹਜ਼ਾਰ ਏਕੜ ਫਸਲ ਪਾਣੀ 'ਚ ਡੁੱਬ ਗਈ। ਘਰਾਂ 'ਚ ਪਾਣੀ ਦਾਖਲ ਹੋਣ ਕਾਰਨ ਪਿੰਡ ਵਾਸੀਆਂ ਨੇ ਬਚਾਅ ਲਈ ਆਪੋ-ਆਪਣੇ ਘਰਾਂ ਦਾ ਜਰੂਰੀ ਸਾਮਾਨ ਸੰਭਾਲਣਾ ਸ਼ੁਰੂ ਕਰ ਦਿੱਤਾ ਹੈ। ਉਧਰ ਪ੍ਰਸ਼ਾਸਨ ਦੀਆਂ ਟੀਮਾਂ ਪਿੰਡਾਂ ਦੇ ਹਾਲਾਤ ਜਾਨਣ ਲਈ ਵਿਸ਼ੇਸ਼ ਤੌਰ 'ਤੇ ਪਹੁੰਚ ਰਹੀਆਂ ਹਨ, ਜਿਨ੍ਹਾਂ ਵਲੋਂ ਰਾਹਤ ਵੀ ਦਿੱਤੀ ਜਾ ਰਹੀ ਹੈ।

ਪੰਚਾਇਤੀ ਵਿਭਾਗ ਵਲੋਂ ਪਿੰਡ 'ਚ ਐਨਾਊਸਮੈਂਟ ਕਰਵਾ ਲੋਕਾਂ ਨੂੰ ਪਾਣੀ ਦੇ ਸਬੰਧ 'ਚ ਆਗਾਹ ਕਰ ਦਿੱਤਾ ਗਿਆ ਹੈ, ਕਿਉਂਕਿ ਅਧਿਕਾਰੀਆਂ ਮੁਤਾਬਕ ਰਾਤ ਦੇ ਸਮੇਂ ਪਿੰਡਾਂ 'ਚ ਪਾਣੀ ਹੜ੍ਹ ਦੇ ਰੂਪ 'ਚ ਹੋਰ ਆ ਸਕਦਾ ਹੈ। ਦੱਸ ਦੇਈਏ ਕਿ ਹੜ੍ਹ ਦੀ ਸਥਿਤੀ ਨੂੰ ਨਿਪਟਣ ਲਈ ਪ੍ਰਸ਼ਾਸਨ ਵਲੋਂ ਪੂਰੇ ਪ੍ਰਬੰਧ ਹੋਣ ਦੀ ਗੱਲ ਕਹੀ ਜਾ ਰਹੀ ਹੈ ਪਰ ਵਧ ਰਹੇ ਪਾਣੀ ਨੂੰ ਵੇਖ ਕੇ ਲੋਕਾਂ ਦੇ ਮਨ੍ਹਾ ਅੰਦਰ ਡਰ ਦਾ ਮਾਹੌਲ ਪੈਦਾ ਹੋ ਰਿਹਾ ਹੈ।

rajwinder kaur

This news is Content Editor rajwinder kaur