ਭਗਵੰਤ ਮਾਨ ਨੂੰ ਮੁੜ ਪ੍ਰਧਾਨ ਬਣਾਉਣਾ ਥੁੱਕ ਕੇ ਚੱਟਣ ਦੇ ਬਰਾਬਰ : ਖਹਿਰਾ

01/31/2019 12:57:00 PM

ਫਾਜ਼ਿਲਕਾ— ਕੇਜਰੀਵਾਲ ਵੱਲੋਂ ਮਜੀਠੀਆ ਤੋਂ ਨਸ਼ੇ ਦੇ ਮੁੱਦੇ 'ਤੇ ਮੁਆਫੀ ਮੰਗਣ ਦੇ ਰੋਸ 'ਚ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਵਾਲੇ ਸੰਸਦ ਮੈਂਬਰ ਭਗਵੰਤ ਮਾਨ ਨੂੰ ਮੁੜ ਬੁੱਧਵਾਰ ਨੂੰ ਪਾਰਟੀ ਦਾ ਪੰਜਾਬ ਪ੍ਰਧਾਨ ਬਣਾਏ ਜਾਣ 'ਤੇ ਸੁਖਪਾਲ ਖਹਿਰਾ ਨੇ ਵੱਡਾ ਬਿਆਨ ਦਿੰਦਿਆਂ ਕਿਹਾ ਕਿ ਇਹ ਤਾਂ 'ਥੁੱਕ ਕੇ ਚੱਟਣ' ਵਾਲੀ ਗੱਲ ਹੋ ਗਈ। ਉਨ੍ਹਾਂ ਕਿਹਾ ਕਿ ਮਾਨ ਨੇ ਸਾਲ ਪਹਿਲਾਂ ਕਿਹਾ ਸੀ ਕਿ ਕੇਜਰੀਵਾਲ ਨੇ ਮਜੀਠੀਆ ਤੋਂ ਮੁਆਫੀ ਮੰਗ ਕੇ ਗਲਤ ਕੀਤਾ ਹੈ, ਜਿਸ ਕਾਰਨ ਉਸ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸਾਲ ਭਰ ਲੋਕਾਂ ਨੂੰ ਇਹ ਕਹਿ ਕੇ ਮੂਰਖ ਬਣਾਉਂਦਾ ਰਿਹਾ ਹੈ ਕਿ ਮੈਂ ਕੇਜਰੀਵਾਲ ਨੂੰ ਮਿਲ ਨਹੀਂ ਸਕਿਆ। ਉਥੇ ਹੀ ਦੂਜੇ ਪਾਸੇ ਕੇਜਰੀਵਾਲ ਕਹਿੰਦਾ ਸੀ ਕਿ ਭਗਵੰਤ ਮਾਨ ਮੈਨੂੰ ਦਿਨ ਵਿਚ 10 ਵਾਰ ਫੋਨ ਕਰਦਾ ਹੈ। ਇਸੇ ਤਰ੍ਹਾਂ ਲੋਕਾਂ ਨੂੰ ਮੂਰਖ ਬਣਾ ਕੇ ਮਾਨ ਨੇ ਬਿਨਾਂ ਕਿਸੇ ਸ਼ਰਤ ਦੇ ਹੁਣ ਫਿਰ ਪ੍ਰਧਾਨਗੀ ਵਾਪਸ ਲੈ ਲਈ ਹੈ। ਉਨ੍ਹਾਂ ਕਿਹਾ ਕਿ ਮਾਨ ਨੂੰ ਸਿਰਫ ਪ੍ਰਧਾਨਗੀ ਦੀ ਕੁਰਸੀ ਚਾਹੀਦੀ ਹੈ, ਹੋਰ ਕੁੱਝ ਨਹੀਂ।

ਦੱਸਣਯੋਗ ਹੈ ਕਿ ਬੁੱਧਵਾਰ ਨੂੰ ਕੇਜਰੀਵਾਲ ਵੱਲੋਂ ਮਜੀਠੀਆ ਤੋਂ ਨਸ਼ੇ ਦੇ ਮੁੱਦੇ 'ਤੇ ਮੁਆਫੀ ਮੰਗਣ 'ਤੇ ਸਪਸ਼ਟੀਕਰਨ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਸੀ ਕਿ ਕੇਜਰੀਵਾਲ ਨੇ ਮੁਆਫੀ ਸਿਰਫ ਬਿਕਰਮ ਮਜੀਠੀਆ ਤੋਂ ਨਹੀਂ ਸਗੋਂ 34 ਦੇ ਕਰੀਬ ਮਾਮਲਿਆਂ 'ਚ ਮੰਗੀ ਹੈ ਪਰ ਉਨ੍ਹਾਂ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿੱਤੀ ਹੈ। ਮਾਨ ਦਾ ਕਹਿਣਾ ਹੈ ਕਿ ਉਹ ਹਾਲੇ ਵੀ ਛਾਤੀ ਠੋਕ ਕੇ ਕਹਿੰਦੇ ਹਨ ਕਿ ਬਿਕਰਮ ਸਿੰਘ ਮਜੀਠੀਆ ਨਸ਼ੇ ਦਾ ਸੌਦਾਗਰ ਹੈ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ 'ਤੇ ਲਾਉਣ ਦਾ ਦੋਸ਼ੀ ਹੈ।

cherry

This news is Content Editor cherry