ਕੈਪਟਨ ਸਰਕਾਰ ਨੇ ਮਿਆਰੀ ਸਿਹਤ ਸਹੂਲਤਾਂ ਦੇਣ ਦਾ ਵਾਅਦਾ ਨਿਭਾਇਆ : ਘੁਬਾਇਆ

08/21/2019 10:57:44 AM

ਫਾਜ਼ਿਲਕਾ (ਨਾਗਪਾਲ, ਲੀਲਾਧਰ) - ਰਾਜ ਦੇ ਸਭ ਤੋਂ ਘੱਟ ਉਮਰ ਦੇ ਫ਼ਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਫਾਜ਼ਿਲਕਾ ਦੇ ਡੀ.ਸੀ. ਮਨਪ੍ਰੀਤ ਸਿੰਘ ਛੱਤਵਾਲ ਨਾਲ ਮਿਲ ਕੇ ਸਰਬੱਤ ਸਿਹਤ ਬੀਮਾ ਯੋਜਨਾ ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਸੂਬਾ ਪੱਧਰ 'ਤੇ ਸਰਬੱਤ ਸਿਹਤ ਬੀਮਾ ਸਕੀਮ ਦੀ ਸ਼ੁਰੂਆਤ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਲੋਕਾਂ ਨੂੰ ਮਿਆਰੀ ਸਿਹਤ ਸਹੂਲਤਾਂ ਦੇਣ ਦਾ ਆਪਣਾ ਵਾਅਦਾ ਨਿਭਾਇਆ ਹੈ। ਇਸ ਸਕੀਮ ਦੀ ਸਰਹੱਦੀ ਜ਼ਿਲੇ ਫ਼ਾਜ਼ਿਲਕਾ 'ਚ ਬਹੁਤ ਲੋੜ ਸੀ, ਕਿਉਂਕਿ ਬਹੁਤ ਸਾਰੇ ਲੋਕ ਗਰੀਬੀ ਕਾਰਨ ਆਪਣਾ ਇਲਾਜ ਕਰਾਉਣ ਤੋਂ ਅਸਮਰੱਥ ਸਨ। ਸਮਾਗਮ ਨੂੰ ਸੰਬੋਧਨ ਕਰਦਿਆਂ ਫਾਜ਼ਿਲਕਾ ਦੇ ਡੀ.ਸੀ. ਨੇ ਦੱਸਿਆ ਕਿ ਪੰਜਾਬ ਭਰ 'ਚ ਕਰੀਬ 7 ਲੱਖ 48 ਹਜ਼ਾਰ 50 ਲੋਕਾਂ ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਰਜਿਸਟਰਡ ਕੀਤਾ ਗਿਆ ਸੀ, ਜਿਸ 'ਚੋਂ 1.23 ਲੱਖ ਲਾਭਪਾਤਰੀ ਇਕੱਲੇ ਫ਼ਾਜ਼ਿਲਕਾ ਜ਼ਿਲੇ 'ਚੋਂ ਰਜਿਸਟਰਡ ਕੀਤੇ ਗਏ ਹਨ। ਜ਼ਿਲੇ ਦੇ ਕਰੀਬ 75 ਫ਼ੀਸਦੀ ਪਰਿਵਾਰ ਇਸ ਸਕੀਮ ਅਧੀਨ ਲਿਆਂਦੇ ਜਾ ਚੁੱਕੇ ਹਨ।

ਉਨ੍ਹਾਂ ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੂੰ ਅਪੀਲ ਕੀਤੀ ਕਿ ਉਹ ਇਸ ਸਕੀਮ ਅਧੀਨ ਜ਼ਿਲੇ ਦੇ ਹਸਪਤਾਲਾਂ 'ਚ ਲੋਕਾਂ ਦਾ ਮਿਆਰੀ ਇਲਾਜ ਅਤੇ ਉਨ੍ਹਾਂ ਨੂੰ ਆਧੁਨਿਕ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਯਕੀਨੀ ਬਣਾਉਣ। ਇਸ ਮੌਕੇ ਕਾਂਗਰਸ ਦੇ ਜ਼ਿਲਾ ਪ੍ਰਧਾਨ ਰੰਜਮ ਕਾਮਰਾ ਅਤੇ ਜ਼ਿਲੇ ਦੇ ਸੀਨੀਅਰ ਕਾਂਗਰਸੀ ਆਗੂ ਸੰਦੀਪ ਜਾਖੜ ਨੇ ਇਸ ਸਕੀਮ ਬਾਰੇ ਜ਼ਿਲੇ ਦੇ ਹਰ ਬਾਸ਼ਿੰਦੇ ਨੂੰ ਜਾਣੂ ਕਰਾਉਣ ਲਈ ਜਨਤਕ ਥਾਵਾਂ 'ਤੇ ਬੈਨਰ ਅਤੇ ਹੋਰ ਪ੍ਰਚਾਰ ਸਮੱਗਰੀ ਲਾਉਣ ਦੀ ਅਪੀਲ ਕੀਤੀ। ਯੋਗ ਲਾਭਪਾਤਰੀ ਸਰਕਾਰੀ ਤੇ ਸੂਚੀ ਬੱਧ ਹਸਪਤਾਲਾਂ 'ਚ ਬਿਲਕੁਲ ਮਫ਼ਤ ਤੇ ਕਾਮਨ ਸਰਵਿਸ ਸੈਂਟਰਾਂ ਰਾਹੀਂ ਮਹਿਜ਼ 30 ਰੁਪਏ ਦਾ ਭੁਗਤਾਨ ਕਰਕੇ ਸਕੀਮ ਦੇ ਈ-ਕਾਰਡ ਬਣਾ ਸਕਦੇ ਹਨ। 5 ਲੱਖ ਰੁਪਏ ਪ੍ਰਤੀ ਪਰਿਵਾਰ ਦਾ ਸਾਲਾਨਾ ਸਿਹਤ ਬੀਮਾ ਕੀਤਾ ਜਾਵੇਗਾ ਅਤੇ ਸੈਕੰਡਰੀ ਅਤੇ ਟਰਸ਼ਰੀ ਪੱਧਰ ਦੀਆਂ ਸਿਹਤ ਸੇਵਾਵਾਂ ਯਕੀਨੀ ਬਣਾਈਆਂ ਜਾਣਗੀਆਂ। ਸਹਾਇਕ ਸਿਵਲ ਸਰਜਨ ਡਾ. ਦਵਿੰਦਰ ਕੁਮਾਰ ਭੁੱਕਲ ਨੇ ਦੱਸਿਆ ਕਿ ਯੋਜਨਾ ਤਹਿਤ ਜ਼ਿਲੇ ਦੇ 1 ਲੱਖ 91 ਹਜ਼ਾਰ ਲਾਭਪਾਤਰੀ ਪਰਿਵਾਰਾਂ ਦੀ ਰਜਿਸਟ੍ਰੇਸ਼ਨ ਕਰ ਕੇ ਲਾਭ ਦਿੱਤਾ ਜਾਵੇਗਾ। ਸਮਾਗਮ ਦੌਰਾਨ ਮਹਿਮਾਨਾਂ ਨੇ ਯੋਜਨਾ ਅਧੀਨ ਬਣਾਏ ਗਏ ਈ-ਕਾਰਡ ਜਾਰੀ ਕਰ ਕੇ ਜ਼ਿਲਾ ਪੱਧਰ 'ਤੇ ਇਸ ਸਕੀਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਜ਼ਿਲਾ ਮਾਸ ਮੀਡੀਆ ਅਫ਼ਸਰ ਸਿਹਤ ਵਿਭਾਗ ਅਨਿਲ ਧਾਮੂ, ਸੀਨੀਅਰ ਕਾਂਗਰਸੀ ਆਗੂ ਬੀ.ਡੀ. ਕਾਲੜਾ, ਰਾਜ ਬਖ਼ਸ ਆਦਿ ਹਾਜ਼ਰ ਸਨ।

rajwinder kaur

This news is Content Editor rajwinder kaur