ਕਲਯੁਗੀ ਬਾਪ ਆਪਣੀਆਂ ਹੀ ਧੀਆਂ ਨਾਲ ਕਰਦਾ ਰਿਹਾ ਜਬਰ-ਜ਼ਨਾਹ

02/14/2018 12:41:37 AM

ਸਾਹਨੇਵਾਲ, (ਜਗਰੂਪ)- ਹਵਸ ਦੇ ਭੁੱਖੇ ਭੇੜੀਏ ਇਕ ਕਲਯੁੱਗੀ ਬਾਪ ਵੱਲੋਂ ਆਪਣੀਆਂ ਹੀ ਦੋ ਨਾਬਾਲਗ ਧੀਆਂ ਨਾਲ ਲਗਾਤਾਰ 4-5 ਸਾਲ ਤੱਕ ਕਥਿਤ ਜਬਰ-ਜ਼ਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਪਤਾ ਉਸ ਸਮੇਂ ਲੱਗਿਆ, ਜਦੋਂ ਦੋਵੇਂ ਪੀੜਤ ਲੜਕੀਆਂ ਨੇ ਇਸ ਘਟਨਾ ਦਾ ਜ਼ਿਕਰ ਆਪਣੀਆਂ ਸਹਿਪਾਠਣਾਂ ਕੋਲ ਕੀਤਾ।
ਸਹਿਪਾਠਣਾਂ ਨੇ ਹੌਸਲਾ ਵਿਖਾਉਂਦੇ ਹੋਏ ਇਸ ਬਾਰੇ ਆਪਣੇ ਸਕੂਲ ਦੀਆਂ ਅਧਿਆਪਕਾਂ ਰਾਹੀਂ ਪ੍ਰਿੰਸੀਪਲ ਤੱਕ ਸਾਰੀ ਗੱਲ ਪਹੁੰਚਾਈ, ਜਿਸ 'ਤੇ ਤੁਰੰਤ ਕਾਰਵਾਈ ਕਰਦੇ ਹੋਏ ਪ੍ਰਿੰਸੀਪਲ ਨੇ ਬਿਨਾਂ ਕਿਸੇ ਦੇਰੀ ਦੇ ਚਾਈਲਡ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਦੇ ਸਹਿਯੋਗ ਨਾਲ ਪੂਰਾ ਮਾਮਲਾ ਚੌਕੀ ਰਾਮਗੜ੍ਹ ਦੀ ਪੁਲਸ ਦੇ ਧਿਆਨ 'ਚ ਲਿਆਂਦਾ। ਚੌਕੀ ਇੰਚਾਰਜ ਹਰਭਜਨ ਸਿੰਘ ਨੇ ਤੁਰੰਤ ਆਪਣੀ ਪੁਲਸ ਪਾਰਟੀ ਸਮੇਤ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਚੌਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਪਿੰਡ ਗੋਬਿੰਦਗੜ੍ਹ ਦੇ ਰਹਿਣ ਵਾਲੇ ਬਿਸ਼ੇਸ਼ਵਰ ਸ਼ਾਹ ਆਪਣੀਆਂ ਦੋ 14 ਅਤੇ 9 ਸਾਲ ਦੀਆਂ ਨਾਬਾਲਗ ਲੜਕੀਆਂ ਨਾਲ ਪਿਛਲੇ ਕਾਫੀ ਸਾਲਾਂ ਤੋਂ ਕਥਿਤ ਜਬਰ-ਜ਼ਨਾਹ ਕਰਦਾ ਆ ਰਿਹਾ ਸੀ।
ਪ੍ਰਿੰਸੀਪਲ ਤੇ ਚਾਈਲਡ ਵੈੱਲਫੇਅਰ ਸੁਸਾਇਟੀ ਨਿੱਤਰੀ ਬੱਚੀਆਂ ਦੇ ਹੱਕ 'ਚ  
ਪ੍ਰਿੰਸੀਪਲ ਸਮੇਤ ਚਾਈਲਡ ਵੈੱਲਫੇਅਰ ਸੁਸਾਇਟੀ ਦੇ ਮੈਂਬਰਾਂ ਬਲਰਾਜ ਸਿੰਘ ਗਰੇਵਾਲ, ਮੈਡਮ ਰਮਨਜੋਤ ਕੌਰ ਗਰੇਵਾਲ ਅਤੇ ਸੁਖਧੀਰ ਸਿੰਘ ਸੇਖੋਂ ਨੇ ਇਨ੍ਹਾਂ ਬੱਚੀਆਂ ਨਾਲ ਵਾਪਰ ਰਹੇ ਇਸ ਦੁਖਦ ਵਰਤਾਰੇ ਦਾ ਪਤਾ ਲੱਗਦੇ ਹੀ ਤੁਰੰਤ ਹਰਕਤ 'ਚ ਆਉਂਦਿਆਂ ਸਥਾਨਕ ਪੁਲਸ ਤੱਕ ਸਾਰਾ ਮਾਮਲਾ ਪਹੁੰਚਾਇਆ, ਜਿਸ ਦੇ ਬਾਅਦ ਚੌਕੀ ਇੰਚਾਰਜ ਹਰਭਜਨ ਸਿੰਘ ਨੇ ਤੁਰੰਤ ਕਥਿਤ ਦੋਸ਼ੀ ਬਾਪ ਨੂੰ ਗ੍ਰਿਫਤਾਰ ਕਰ ਲਿਆ। 
ਪਤਨੀ ਨੂੰ ਵੀ ਸੀ ਜਾਣਕਾਰੀ 
ਚੌਕੀ ਇੰਚਾਰਜ ਹਰਭਜਨ ਸਿੰਘ ਨੇ ਦੱਸਿਆ ਕਿ ਆਪਣੀਆਂ ਮਾਸੂਮ ਧੀਆਂ ਨਾਲ ਵਾਪਰ ਰਹੇ ਇਸ ਘਟੀਆ ਵਰਤਾਰੇ ਬਾਰੇ ਬੱਚੀਆਂ ਦੀ ਮਾਂ ਨੂੰ ਵੀ ਜਾਣਕਾਰੀ ਸੀ, ਜੋ ਆਪਣੇ ਹਵਸੀ ਪਤੀ ਨਾਲ ਉਸ ਦੇ ਅਪਰਾਧ 'ਚ ਬਰਾਬਰ ਦੀ ਸ਼ਰੀਕ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਪੁਲਸ ਵੱਲੋਂ ਭਲਕੇ ਦੋਵੇਂ ਬੱਚੀਆਂ ਦਾ ਮੈਡੀਕਲ ਕਰਵਾਉਣ ਦੇ ਨਾਲ ਹੀ ਅੱਗੇ ਦੀ ਕਾਰਵਾਈ ਨੂੰ ਅਮਲ 'ਚ ਲਿਆਂਦਾ ਜਾਵੇਗੀ।