ਫਾਦਰ ਐਂਥਨੀ ਦੇ ਗਾਇਬ ਹੋਏ ਪੈਸਿਆਂ ਦੇ ਮਾਮਲੇ 'ਚ ਹੁਣ ਤਕ 4.49 ਕਰੋੜ ਰੁਪਏ ਬਰਾਮਦ

05/05/2019 10:06:44 AM

ਪਟਿਆਲਾ/ਜਲੰਧਰ(ਬਲਜਿੰਦਰ): ਜਲੰਧਰ ਦੇ ਪਾਦਰੀ ਫਾਦਰ ਐਂਥਨੀ ਦੀ ਗਾਇਬ ਹੋਈ ਕਰੋੜਾਂ ਰੁਪਏ ਦੀ ਰਾਸ਼ੀ ਬਕਾਇਆ ਬਰਾਮਦਗੀ ਲਈ ਸ਼ਨੀਵਾਰ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਐੱਸ.ਆਈ.ਟੀ.) ਦੇ ਮੁਖੀ ਪ੍ਰਵੀਨ ਕੁਮਾਰ ਸਿਨ੍ਹਾ ਤੇ ਡੀ. ਆਈ. ਜੀ. ਰਾਕੇਸ਼ ਕੌਸ਼ਲ ਪਟਿਆਲਾ ਪਹੁੰਚੇ। ਜਿਥੇ ਉਨ੍ਹਾਂ ਨੇ ਐੱਸ.ਆਈ.ਟੀ. ਵੱਲੋਂ ਐੱਸ.ਐੱਸ.ਪੀ. ਮਨਦੀਪ ਸਿੰਘ ਸਿੱਧੂ, ਐੱਸ.ਪੀ. ਡੀ. ਹਰਮੀਤ ਹੁੰਦਲ ਤੇ ਇੰਸਪੈਕਟਰ ਸ਼ਮਿੰਦਰ ਸਿੰਘ ਨੂੰ ਨਾਲ ਲੈ ਕੇ ਪੂਰੀ ਟੀਮ ਸਮੇਤ ਪੁੱਛਗਿੱਛ ਤੋਂ ਬਾਅਦ ਦੋ ਥਾਵਾਂ 'ਤੇ ਛਾਪਾ ਮਾਰਿਆ। ਜਿਸ ਦੌਰਾਨ ਦੋਵਾਂ ਥਾਵਾਂ ਤੋਂ 2 ਕਰੋੜ 10 ਲੱਖ ਰੁਪਏ ਬਰਾਮਦ ਕੀਤੇ ਗਏ। ਇਸ ਤਰ੍ਹਾਂ ਹੁਣ ਤੱਕ ਇਸ ਮਾਮਲੇ 'ਚ ਕੁਲ 4 ਕਰੋੜ 49 ਲੱਖ 50 ਹਜ਼ਾਰ ਰੁਪਏ ਦੀ ਬਰਾਮਦਗੀ ਹੋ ਚੁੱਕੀ ਹੈ।

ਇਸ ਸਬੰਧੀ ਐੱਸ. ਐੱਸ. ਪੀ. ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਪਹਿਲਾ ਛਾਪਾ ਜੋਗਿੰਦਰ ਸਿੰਘ ਦੇ ਘਰ ਦੇ ਕੋਲ ਪਟਿਆਲਾ-ਸੰਗਰੂਰ ਰੋਡ 'ਤੇ ਪਿੰਡ ਚੋਰਾ ਦੇ ਰਕਬੇ 'ਚ ਬਣੀ ਬਲਵੀਰ ਕਾਲੋਨੀ ਦੇ ਖਾਲੀ ਪਲਾਟ ਵਿਖੇ ਮਾਰਿਆ ਗਿਆ। ਇਥੇ ਇਕ ਬੈਗ 'ਚ ਪਾ ਕੇ ਦੱਬੇ ਹੋਏ ਇਕ ਕਰੋੜ 10 ਲੱਖ ਰੁਪਏ ਬਰਾਮਦ ਕੀਤੇ ਗਏ, ਜਿਨ੍ਹਾਂ ਨੂੰ ਐੱਸ.ਆਈ.ਟੀ. ਤੇ ਡਿਊਟੀ ਮੈਜਿਸਟਰੇਟ ਦੀ ਹਾਜ਼ਰੀ 'ਚ ਬਰਾਮਦ ਕੀਤਾ ਗਿਆ। ਇਸ ਪਲਾਟ 'ਚ ਲੋਕ ਆਪਣੇ ਕੁੱਤੇ ਘੁੰਮਾਉਣ ਦਾ ਕੰਮ ਕਰਦੇ ਸਨ ਪਰ ਕਿਸੇ ਨੂੰ ਵੀ ਅਹਿਸਾਸ ਨਹੀਂ ਸੀ ਕਿ ਇਥੇ ਇੰਨੇ ਪੈਸੇ ਦੱਬੇ ਹੋ ਸਕਦੇ ਹਨ। ਅਹਿਮ ਗੱਲ ਇਹ ਹੈ ਕਿ ਪੁਲਸ ਦੇ ਜਾਣ ਤੋਂ ਬਾਅਦ ਕੁਝ ਹੋਰ ਲੋਕ ਉਥੇ ਖੁਦਾਈ ਕਰਦੇ ਦਿਖਾਈ ਦਿੱਤੇ ਕਿ ਸ਼ਾਇਦ ਉਨ੍ਹਾਂ ਨੂੰ ਵੀ ਕੁਝ ਬਰਾਮਦ ਹੋ ਜਾਵੇ। ਦੂਜਾ ਛਾਪਾ ਗ੍ਰਿਫਤਾਰ ਏ.ਐੱਸ.ਆਈ. ਰਾਜਪ੍ਰੀਤ ਸਿੰਘ ਦੇ ਨਿਊ ਮਹਿੰਦਰਾ ਕਾਲੋਨੀ ਨੇੜੇ ਘਲੋੜੀ ਗੇਟ ਵਿਖੇ ਮਾਰਿਆ ਗਿਆ। ਜਿਸ ਵਿਚ ਰਾਜਪ੍ਰੀਤ ਸਿੰਘ ਨੇ ਇਕ ਪੇਂਟ ਵਾਲੇ ਡੱਬੇ 'ਚ ਬੰਦ ਕਰ ਕੇ ਪੈਸੇ ਲਕੋਏ ਹੋਏ ਸਨ। ਇਥੋਂ ਪੁਲਸ ਨੂੰ ਇਕ ਕਰੋੜ ਰੁਪਏ ਬਰਾਮਦ ਹੋਏ। ਪੁਲਸ ਨੂੰ ਇੰਨੇ ਨੋਟ ਗਿਣਨ ਲਈ ਨੋਟ ਗਿਣਨ ਵਾਲੀ ਮਸ਼ੀਨ ਮੰਗਵਾਉਣੀ ਪਈ। ਇਸ ਤੋਂ ਇਲਾਵਾ ਪੁਲਸ ਨੂੰ ਗੁਰਪ੍ਰੀਤ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਸਿਤਾਰਗੰਜ ਜ਼ਿਲਾ ਰੁਦਰਪੁਰ (ਉੱਤਰਾਖੰਡ) ਵੱਲੋਂ ਡੇਢ ਲੱਖ ਰੁਪਏ ਸੌਂਪੇ ਗਏ ਹਨ। ਇਸ ਤਰ੍ਹਾਂ ਕੁਲ ਮਿਲਾ ਕੇ ਹੁਣ ਤੱਕ 4 ਕਰੋੜ 49 ਲੱਖ 50 ਹਜ਼ਾਰ ਰੁਪਏ ਬਰਾਮਦ ਕੀਤੇ ਜਾ ਚੁੱਕੇ ਹਨ। ਪੁਲਸ ਵੱਲੋਂ ਅਜੇ ਪੁੱਛਗਿੱਛ ਜਾਰੀ ਹੈ।

ਅਸਲੀ ਰਾਸ਼ੀ ਬਾਰੇ ਅਜੇ ਕੁਝ ਸਪੱਸ਼ਟ ਨਹੀਂ : ਆਈ.ਜੀ. ਸਿਨ੍ਹਾ

ਇਸ ਮਾਮਲੇ 'ਚ ਬਣਾਈ ਗਈ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦੇ ਮੁਖੀ ਆਈ. ਜੀ. ਪ੍ਰਵੀਨ ਕੁਮਾਰ ਸਿਨ੍ਹਾ ਦਾ ਕਹਿਣਾ ਹੈ ਕਿ ਅਸਲੀ ਗਾਇਬ ਰਾਸ਼ੀ ਕਿੰਨੀ ਸੀ। ਇਹ ਅਜੇ ਪੂਰੀ ਤਰ੍ਹਾਂ ਰਿਕਾਰਡ 'ਤੇ ਨਹੀਂ ਕਿਉਂਕਿ ਫਾਦਰ ਐਂਥਨੀ ਅਜੇ ਇੰਗਲੈਂਡ ਗਏ ਹੋਏ ਹਨ ਤੇ ਜਿਉਂ ਹੀ ਆਉਣਗੇ ਤਾਂ ਹੀ ਸਪੱਸ਼ਟ ਹੋਵੇਗਾ ਕਿ ਕਿੰਨੀ ਰਾਸ਼ੀ ਗਾਇਬ ਹੋਈ ਸੀ। ਉਂਝ ਉਨ੍ਹਾਂ ਵੱਲੋਂ ਹੁਣ ਤੱਕ 4 ਕਰੋੜ 49 ਲੱਖ 50 ਹਜ਼ਾਰ ਰੁਪਏ ਬਰਾਮਦ ਕਰ ਲਏ ਗਏ ਤੇ ਅੱਗੇ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।
ਹੁਣ ਤੱਕ ਹੋਈ ਬਰਾਮਦਗੀ
ਇਕ ਕਰੋੜ ਨਿਰਮਲ ਸਿੰਘ ਵਾਸੀ ਪਿੰਡ ਰਾਏਪੁਰ ਜ਼ਿਲਾ ਮਾਨਸਾ ਤੋਂ, ਸੁਰਿੰਦਰਪਾਲ ਉਰਫ ਚਿੜੀਆ ਵਾਸੀ ਪਾਤੜਾਂ ਤੋਂ 30 ਲੱਖ ਰੁਪਏ, ਮੁਹੰਮਦ ਸ਼ਕੀਲ ਵਾਸੀ ਬਲਬੀਰ ਖਾਨ ਕਾਲੋਨੀ ਤੋਂ 20 ਲੱਖ, ਹੌਲਦਾਰ ਅਮਰੀਕ ਸਿੰਘ ਥਾਣਾ ਸਿਵਲ ਲਾਈਨ ਪਟਿਆਲਾ ਤੋਂ 30 ਲੱਖ, ਦਵਿੰਦਰ ਕੁਮਾਰ ਉਰਫ ਕਾਲਾ ਵਾਸੀ ਮੂਣਕ ਤੋਂ 30 ਲੱਖ ਤੇ ਸੰਜੀਵ ਕੁਮਾਰ ਵਾਸੀ ਰਾਮਪੁਰ ਗੁੱਜਰਾਂ ਜ਼ਿਲਾ ਸੰਗਰੂਰ ਤੋਂ 18 ਲੱਖ ਰੁਪਏ ਬਰਾਮਦ ਹੋਏ ਹਨ।