ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ’ਚ ਨਹਾਉਣ ਗਏ ਪਿਓ-ਪੁੱਤ ਡੁੱਬੇ, ਤਿੰਨ ਦਿਨ ਬਾਅਦ ਸੀ ਵੱਡੇ ਪੁੱਤ ਦਾ ਵਿਆਹ

06/30/2023 8:23:03 AM

ਤਰਨਤਾਰਨ/ਸ਼ਾਹਬਾਜ਼ਪੁਰ (ਰਮਨ ਚਾਵਲਾ, ਗੁਰਿੰਦਰਬੀਰ)- ਥਾਣਾ ਸਰਹਾਲੀ ਅਧੀਨ ਪੈਂਦੇ ਘਰਾਟ ਕੈਰੋਂ ਵਿਖੇ ਗਰਮੀ ਤੋਂ ਰਾਹਤ ਪਾਉਣ ਲਈ ਨਹਿਰ ’ਚ ਨਹਾਉਣ ਗਏ ਪਿਓ ਅਤੇ ਪੁੱਤ ਦੇ ਡੁੱਬ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਥਾਣਾ ਸਰਹਾਲੀ ਦੀ ਪੁਲਸ ਅਤੇ ਗੋਤਾਖੋਰਾਂ ਵਲੋਂ ਦੋਵਾਂ ਦੀਆਂ ਲਾਸ਼ਾਂ ਲੱਭਣ ਸਬੰਧੀ ਜੱਦੋ-ਜ਼ਹਿਦ ਜਾਰੀ ਹੈ। ਜ਼ਿਕਰਯੋਗ ਹੈ ਕਿ ਨਹਿਰ ’ਚ ਡੁੱਬਣ ਵਾਲੇ ਪਿਓ ਦੇ ਵੱਡੇ ਬੇਟੇ ਦਾ 3 ਦਿਨ ਬਾਅਦ ਵਿਆਹ ਸੀ, ਜਿਸ ਸਬੰਧੀ ਘਰ ’ਚ ਵਿਆਹ ਦੀਆਂ ਤਿਆਰੀਆਂ ਧਰੀਆਂ ਹੀ ਰਹਿ ਗਈਆਂ।

ਇਹ ਵੀ ਪੜ੍ਹੋ: ਵੁਹਾਨ ਖੋਜਕਰਤਾ ਦਾ ਦਾਅਵਾ: ਚੀਨ ਨੇ ਜਾਣਬੁੱਝ ਕੇ ਦੁਨੀਆ 'ਚ ਫੈਲਾਇਆ ਕੋਰੋਨਾ, 'ਜੈਵਿਕ ਹਥਿਆਰ' ਵਜੋਂ ਵਰਤਿਆ

ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦਿੱਤ ਸਿੰਘ (16) ਪੁੱਤਰ ਤੇਜਿੰਦਰ ਸਿੰਘ ਆਪਣੇ ਪਿਤਾ ਤਜਿੰਦਰ ਸਿੰਘ (48) ਪੁੱਤਰ ਦਰਸ਼ਨ ਸਿੰਘ ਵਾਸੀ ਪਿੰਡ ਜੌੜਾ ਗਰਮੀ ਤੋਂ ਸਤਾਏ ਹੋਣ ਕਾਰਨ ਜੌੜਾ ਵਾਲੀ ਮੁੱਖ ਨਹਿਰ ਘਰਾਟ ਕੈਰੋਂ ਵਿਖੇ ਨਹਾਉਣ ਚਲੇ ਗਏ। ਲੋਕਾਂ ਦੇ ਦੱਸਣ ਅਨੁਸਾਰ ਜਦੋਂ ਦੋਵੇਂ ਪਿਓ-ਪੁੱਤ ਨਹਾ ਰਹੇ ਸਨ, ਉਨ੍ਹਾਂ ਨੂੰ ਪਾਣੀ ਦਾ ਤੇਜ਼ ਵਹਾਅ ਰੋੜ੍ਹ ਕੇ ਲੈ ਗਿਆ। ਵੇਖਦੇ-ਵੇਖਦੇ ਦੋਵੇਂ ਪਿਓ-ਪੁੱਤ ਪਾਣੀ ’ਚ ਡੁੱਬਣਾ ਸ਼ੁਰੂ ਹੋ ਗਏ, ਜਿਨ੍ਹਾਂ ਨੂੰ ਬਚਾਉਣ ਲਈ ਆਸ-ਪਾਸ ਦੇ ਕੁਝ ਲੋਕਾਂ ਵਲੋਂ ਕੋਸ਼ਿਸ਼ ਵੀ ਕੀਤੀ ਗਈ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਕੋਸ਼ਿਸ਼ ਨਾਕਾਮ ਰਹੀ। ਇਸ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਰਹਾਲੀ ਦੀ ਪੁਲਸ ਅਤੇ ਗੋਤਾਖੋਰ ਮੌਕੇ ’ਤੇ ਆ ਪੁੱਜੇ, ਜਿਨ੍ਹਾਂ ਵਲੋਂ ਦੋਵਾਂ ਪਿਓ-ਪੁੱਤਰਾਂ ਦੀਆਂ ਲਾਸ਼ਾਂ ਨੂੰ ਲੱਭਣ ਦੀ ਦੇਰ ਸ਼ਾਮ ਤੱਕ ਕੋਸ਼ਿਸ਼ ਜਾਰੀ ਸੀ।

ਇਹ ਵੀ ਪੜ੍ਹੋ: 'ਟਾਇਟੈਨਿਕ' ਵੇਖਣ ਗਈ ਪਣਡੁੱਬੀ ਦਾ ਮਿਲਿਆ ਮਲਬਾ, 'ਮਨੁੱਖੀ ਅਵਸ਼ੇਸ਼' ਵੀ ਬਰਾਮਦ (ਵੇਖੋ ਤਸਵੀਰਾਂ)

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਤੇਜਿੰਦਰ ਸਿੰਘ ਦੇ ਵੱਡੇ ਬੇਟੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ 2 ਜੁਲਾਈ ਨੂੰ ਵਿਆਹ ਹੋਣਾ ਹੈ, ਜਿਸ ਸਬੰਧੀ ਘਰ ’ਚ ਖੁਸ਼ੀਆਂ ਦਾ ਮਾਹੌਲ ਬਣਿਆ ਹੋਇਆ ਸੀ ਅਤੇ ਤਿਆਰੀਆਂ ਜ਼ੋਰਾਂ ਨਾਲ ਚੱਲ ਰਹੀਆਂ ਸਨ। ਜ਼ਿਆਦਾ ਗਰਮੀ ਮਹਿਸੂਸ ਕਰਨ ਤੋਂ ਬਾਅਦ ਉਸ ਦਾ ਪਿਤਾ ਅਤੇ ਛੋਟਾ ਭਰਾ ਨਹਿਰ ’ਚ ਨਹਾਉਣ ਚਲੇ ਗਏ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਪੱਟੀ ਸਤਨਾਮ ਸਿੰਘ ਨੇ ਦੱਸਿਆ ਕਿ ਨਹਿਰ ’ਚ ਡੁੱਬਣ ਵਾਲੇ ਦੋਵਾਂ ਪਿਓ-ਪੁੱਤ ਦੀਆਂ ਲਾਸ਼ਾਂ ਨੂੰ ਲੱਭਣ ਲਈ ਗੋਤਾਖੋਰ ਡਿਊਟੀ ਕਰ ਰਹੇ ਹਨ, ਜਿਸ ਤੋਂ ਬਾਅਦ ਅਗਲੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

ਇਹ ਵੀ ਪੜ੍ਹੋ: ਭਿਆਨਕ ਟੱਕਰ ਮਗਰੋਂ ਲੀਹੋਂ ਲੱਥੀ ਟਰੇਨ, ਚਕਨਾਚੂਰ ਹੋਇਆ ਟਰੱਕ, ਡੇਢ ਦਰਜਨ ਦੇ ਕਰੀਬ ਯਾਤਰੀ ਜ਼ਖ਼ਮੀ

cherry

This news is Content Editor cherry