ਫਤਿਹਵੀਰ ਨੂੰ ਬਚਾਉਣ ਲਈ ਤਰੁਣ ਚੁੱਘ ਨੇ ਹੱਥ ਜੋੜ ਕੈਪਟਨ ਨੂੰ ਕੀਤੀ ਅਪੀਲ (ਵੀਡੀਓ)

06/10/2019 6:45:57 PM

ਜਲੰਧਰ/ਸੰਗਰੂਰ— 90 ਘੰਟਿਆਂ ਤੋਂ ਬੋਰਵੈੱਲ 'ਚ ਫਸੇ 2 ਸਾਲਾ ਫਤਿਹਵੀਰ ਨੂੰ ਬਚਾਉਣ ਲਈ ਹੁਣ ਸਿਆਸੀ ਬਿਆਨਬਾਜ਼ੀ ਵੀ ਸ਼ੁਰੂ ਹੋ ਗਈ ਹੈ ਅਤੇ ਪੰਜਾਬ ਸਰਕਾਰ ਖਿਲਾਫ ਲੋਕਾਂ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ। ਭਾਜਪਾ ਆਗੂ ਤਰੁਣ ਚੁੱਘ ਨੇ ਹੱਥ ਜੋੜੇ ਕੇ ਜਿੱਥੇ ਫਤਿਹਵੀਰ ਲਈ ਅਰਦਾਸ ਉਥੇ ਹੀ ਪੰਜਾਬ ਸਰਕਾਰ ਨੂੰ ਵੀ ਲੰਮੇ ਹੱਥੀ ਲਿਆ। ਤਰੁਣ ਚੁੱਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਮੀਆਂ ਕਰਕੇ ਬੱਚਾ ਅਜੇ ਤੱਕ ਬੋਰਵੈੱਲ 'ਚ ਫਸਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਇੰਨੀ ਮਸ਼ੀਨਰੀ ਲੱਗਣ ਦੇ ਬਾਵਜੂਦ ਵੀ ਸਰਕਾਰ ਦਾ ਮੰਨ ਹੋਣਾ ਚਾਹੀਦਾ ਸੀ ਕਿ ਉਹ ਬਾਹਰ ਨਿਕਲ ਕੇ ਦੇਖਦੀ ਕਿ ਕਿੱਥੇ ਕਮੀ ਪਾਈ ਜਾ ਰਹੀ ਹੈ। 


ਤਰੁਣ ਚੁੱਘ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਫਤਿਹਵੀਰ ਨੂੰ ਬਚਾਉਣ ਲਈ ਡਿਜਾਸਟਰ ਮੈਨੇਜਮੈਂਟ ਦੀ ਟੀਮ ਨੂੰ ਬੁਲਾਇਆ ਜਾਵੇ ਅਤੇ ਕੇਂਦਰ ਸਰਕਾਰ ਤੋਂ ਮਦਦ ਲੈ ਕੇ ਫਤਿਹਵੀਰ ਨੂੰ ਸਹੀ ਸਲਾਮਤ ਜ਼ਰੂਰ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਬੱਚੇ ਨੂੰ ਫਸੇ ਹੋਏ 90 ਘੰਟਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਾ ਹੈ ਅਤੇ 90 ਘੰਟਿਆਂ ਦਾ ਸਮਾਂ ਬਹੁਤ ਹੀ ਲੰਮਾ ਹੁੰਦਾ ਹੈ।

ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਦੇਖਣਾ ਚਾਹੀਦਾ ਹੈ ਕਿ ਆਖਿਰ ਕਿੱਥੇ ਕਮੀਆਂ ਪਾਈਆਂ ਜਾ ਰਹੀਆਂ ਹਨ। ਉਨ੍ਹਾਂ ਨੇ ਹੱਥ ਜੋੜ ਪ੍ਰਾਥਨਾ ਕਰਦੇ ਹੋਏ ਕਿਹਾ ਕਿ ਮੇਰੀ ਰੱਬ ਅੱਗੇ ਅਰਦਾਸ ਹੈ ਕਿ ਫਤਿਹਵੀਰ ਜਲਦੀ ਤੋਂ ਜਲਦੀ ਸਹੀ ਸਲਾਮਤ ਬਾਹਰ ਆਏ ਅਤੇ ਆਪਣੇ ਪਰਿਵਾਰ ਨਾਲ ਆਪਣਾ ਜਨਮਦਿਨ ਮਨਾਏ।


ਜ਼ਿਕਰਯੋਗ ਹੈ ਕਿ ਸੰਗਰੂਰ ਵਿਖੇ ਸੁਨਾਮ ਦੇ ਪਿੰਡ ਭਗਵਾਨਪੁਰਾ 'ਚ ਫਤਿਹਵੀਰ 6 ਜੂਨ ਨੂੰ ਘਰ ਦੇ ਬਾਹਰ ਖੇਡਦਾ-ਖੇਡਦਾ 150 ਫੁੱਟ ਡੂੰਘੇ ਬੋਰਵੈੱਲ 'ਚ ਡਿੱਗ ਗਿਆ ਸੀ ਅਤੇ ਉਹ ਇਥੇ ਕਰੀਬ 120 ਡੂੰਘੇ ਬੋਰਵੈੱਲ 'ਚ ਫਸਿਆ ਹੋਇਆ ਹੈ। ਪ੍ਰਸ਼ਾਸਨ ਅਤੇ ਐੱਨ. ਡੀ. ਆਰ. ਐੱਫ. ਤੋਂ ਇਲਾਵਾ ਹੋਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਰੈਸਕਿਊ ਆਪਰੇਸ਼ਨ ਆਰੰਭਿਆ ਹੋਇਆ ਹੈ, ਜਿਸ 'ਚ ਡੇਰਾ ਪ੍ਰੇਮੀਆਂ ਵੱਲੋਂ ਵੀ ਪੂਰਾ ਸਹਿਯੋਗ ਜਾ ਰਿਹਾ ਹੈ। ਕੈਮਰੇ ਰਾਹੀਂ ਫਤਿਹਵੀਰ 'ਤੇ ਨਜ਼ਰ ਰੱਖੀ ਜਾ ਰਹੀ ਸੀ। 


ਦੂਜੇ ਪਾਸੇ ਪ੍ਰਸ਼ਾਸਨ ਵੱਲੋਂ ਘਟਨਾ ਸਥਾਨ 'ਤੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਫਤਿਹਵੀਰ ਸਿੰਘ ਦੀ ਉਡੀਕ 'ਚ ਪਿਛਲੇ ਕਈ ਘੰਟਿਆਂ ਤੋਂ ਡਾਕਟਰਾਂ ਦੀਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਹੈ। ਇਸ ਤੋਂ ਇਲਾਵਾ ਫਤਿਹਵੀਰ ਦੇ ਇਲਾਜ ਨੂੰ ਲੈ ਕੇ ਸੰਗਰੂਰ, ਲੁਧਿਆਣਾ ਅਤੇ ਚੰਡੀਗੜ੍ਹ ਦੇ ਹਸਪਤਾਲ 'ਚ ਵੀ ਤਿਆਰੀ ਕਰ ਲਈ ਗਈ ਹੈ।

shivani attri

This news is Content Editor shivani attri