ਫਤਿਹਗੜ੍ਹ ਸਾਹਿਬ 'ਚ ਹੋਈ 65.65 ਫ਼ੀਸਦੀ ਪੋਲਿੰਗ

05/20/2019 2:23:30 AM

ਫਤਿਹਗੜ੍ਹ ਸਾਹਿਬ (ਵਿਪਨ, ਜਟਾਣਾ)— ਫ਼ਤਿਹਗਡ਼੍ਹ ਸਾਹਿਬ ਲੋਕ ਸਭਾ ਹਲਕੇ ਵਿਚ ਅੱਜ ਵੋਟਾਂ ਪਾਉਣ ਦਾ ਕੰਮ ਸ਼ਾਂਤੀਪੂਰਵਕ ਸੰਪੰਨ ਹੋਇਆ ਅਤੇ ਹਲਕੇ ਵਿਚ 65.65 ਫੀਸਦੀ ਵੋਟਾਂ ਪਈਆਂ। ਸਮੁੱਚੇ ਹਲਕੇ ਵਿਚ ਬਣਾਏ 1750 ਪੋਲਿੰਗ ਬੂਥਾਂ ’ਤੇ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਪੂਰੇ ਉਤਸ਼ਾਹ ਨਾਲ ਕੀਤਾ ਅਤੇ ਪਹਿਲੀ ਵਾਰ ਵੋਟ ਪਾਉਣ ਪੁੱਜੇ ਨੌਜਵਾਨਾਂ ਵਿਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਇਹ ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਡਾ. ਪ੍ਰਸ਼ਾਂਤ ਕੁਮਾਰ ਗੋਇਲ ਨੇ ਕਿਹਾ ਕਿ ਹਲਕੇ ਵਿਚ ਚੋਣਾਂ ਅਮਨ ਤੇ ਸ਼ਾਂਤੀ ਨਾਲ ਨੇਪਰੇ ਚਡ਼੍ਹਾਉਣ ਲਈ ਹਲਕੇ ਦੇ ਵੋਟਰ ਅਤੇ ਵੋਟਾਂ ਪਵਾਉਣ ਦੇ ਕੰਮ ਵਿਚ ਲੱਗਿਆ ਚੋਣ ਅਮਲਾ ਵਧਾਈ ਦਾ ਪਾਤਰ ਹੈ।

ਡਾ. ਗੋਇਲ ਨੇ ਦੱਸਿਆ ਕਿ ਵੋਟਾਂ ਪੈਣ ਉਪਰੰਤ ਈ. ਵੀ. ਐੱਮਜ਼ ਤੇ ਵੀ. ਵੀ. ਪੈਟ ਮਸ਼ੀਨਾਂ ਸੁਰੱਖਿਆ ਬਲਾਂ ਦੀ ਨਿਗਰਾਨੀ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫ਼ਤਿਹਗਡ਼੍ਹ ਸਾਹਿਬ ਅਤੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਖੇ ਬਣਾਏ ਗਏ ਸਟਰਾਂਗ ਰੂਮਾਂ ਵਿਚ ਰਖਵਾ ਦਿੱਤੀਆਂ ਗਈਆਂ ਹਨ। ਇਹ ਮਸ਼ੀਨਾਂ ਗਿਣਤੀ ਵਾਲੇ ਦਿਨ ਚੋਣ ਆਬਜ਼ਰਵਰਾਂ ਤੇ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਦੀ ਹਾਜ਼ਰੀ ਵਿਚ ਖੋਲ੍ਹੀਆਂ ਜਾਣਗੀਆਂ। ਲੋਕ ਸਭਾ ਹਲਕਾ ਫ਼ਤਿਹਗਡ਼੍ਹ ਸਾਹਿਬ ਵਿਚ 65.65 ਫ਼ੀਸਦੀ ਵੋਟਿੰਗ ਹੋਈ।

ਵੋਟਾਂ ਦਾ ਕੰਮ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਡ਼੍ਹਨ ’ਤੇ ਜ਼ਿਲਾ ਪੁਲਸ ਮੁਖੀ ਅਮਨੀਤ ਕੌਂਡਲ ਨੇੇ ਜਿਥੇ ਹਲਕੇ ਦੇ ਵੋਟਰਾਂ ਅਤੇ ਲੋਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਹੈ, ਉਥੇ ਹੀ ਅਮਨ-ਕਾਨੂੰਨ ਦੀ ਵਿਵਸਥਾ ਨੂੰ ਕਾਇਮ ਰੱਖਣ ਲਈ ਪੈਰਾਮਿਲਟਰੀ ਫੋਰਸਿਜ਼ ਅਤੇ ਪੰਜਾਬ ਪੁਲਸ ਦੇ ਜਵਾਨਾਂ ਅਤੇ ਡਿਊਟੀ ਵਿਚ ਲੱਗੇ ਅਧਿਕਾਰੀਆਂ ਦਾ ਵੀ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ।

 

5 ਵਜੇ ਤੱਕ ਹੋਈ ਇੰਨੇ ਫੀਸਦੀ ਵੋਟਿੰਗ

ਬੱਸੀ ਪਠਾਣਾਂ 58.00 ਫੀਸਦੀ
ਫਤਿਹਗੜ੍ਹ ਸਾਹਿਬ 54.00 ਫੀਸਦੀ
ਅਮਲੋਹ 52.00 ਫੀਸਦੀ
ਖੰਨਾ 56.00 ਫੀਸਦੀ
ਸਮਰਾਲਾ 56.00 ਫੀਸਦੀ
ਸਾਹਨੇਵਾਲ  46.65 ਫੀਸਦੀ
ਪਾਇਲ 60.00 ਫੀਸਦੀ
ਰਾਏਕੋਟ 46.40 ਫੀਸਦੀ
ਅਮਰਗੜ੍ਹ  61.26 ਫੀਸਦੀ

 

ਦੱਸ ਦੇਈਏ ਕਿ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਉਮੀਦਵਾਰ ਡਾ. ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਸਾਂਝੇ ਉਮੀਦਵਾਰ ਦਰਬਾਰਾ ਸਿੰਘ ਗੁਰੂ, 'ਆਪ' ਉਮੀਦਵਾਰ ਬਨਦੀਪ ਸਿੰਘ ਦੂਲੋ, ਪੰਜਾਬ ਡੈਮੋਕ੍ਰੇਟਿਕ ਅਲਾਂਇੰਸ ਦੇ ਉਮੀਦਵਾਰ ਮਨਵਿੰਦਰ ਸਿੰਘ ਨਾਲ ਹੈ।

Shyna

This news is Content Editor Shyna