ਫਤਿਹਗੜ੍ਹ ਸਾਹਿਬ ਰਾਖਵੀਂ ਸੀਟ 'ਤੇ ਦੋ ਸਾਬਕਾ ਆਈ. ਏ. ਐੱਸ. ਅਧਿਕਾਰੀਆਂ 'ਚ ਟੱਕਰ

05/08/2019 1:53:30 PM

ਫਤਿਹਗੜ੍ਹ ਸਾਹਿਬ (ਬਖਸ਼ੀ)—ਪੰਜਾਬ ਨਾਲ ਸਬੰਧਿਤ ਦੋ ਸਾਬਕਾ ਆਈ. ਏ. ਐੱਸ. ਅਧਿਕਾਰੀ ਜੋ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਹਾਰ ਗਏ ਸਨ, ਨੂੰ ਮੁੜ ਕਾਂਗਰਸ ਅਤੇ ਅਕਾਲੀ-ਭਾਜਪਾ ਵਲੋਂ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਬਣਾਏ ਜਾਣ ਕਾਰਨ ਮੁਕਾਬਲਾ ਦਿਲਚਸਪ ਬਣ ਚੁੱਕਾ ਹੈ। ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਰਿਜ਼ਰਵ ਤੋਂ ਕਾਂਗਰਸ ਪਾਰਟੀ ਵਲੋਂ ਸਾਬਕਾ ਆਈ. ਏ. ਐੱਸ. ਅਧਿਕਾਰੀ ਡਾ. ਅਮਰ ਸਿੰਘ, ਅਕਾਲੀ-ਭਾਜਪਾ ਵਲੋਂ ਦਰਬਾਰਾ ਸਿੰਘ ਗੁਰੂ, 'ਆਪ' ਵਲੋਂ ਬਨਦੀਪ ਸਿੰਘ ਦੂਲੋ, ਲੋਕ ਇਨਸਾਫ ਪਾਰਟੀ ਵਲੋਂ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਉਮੀਦਵਾਰ ਬਣਾਇਆ ਗਿਆ ਜਦੋਂਕਿ ਹੋਰ ਪਾਰਟੀਆਂ ਅਤੇ ਆਜ਼ਾਦ ਸਮੇਤ 20 ਉਮੀਦਵਾਰ ਮੈਦਾਨ ਵਿਚ ਹਨ।

ਸਾਬਕਾ ਆਈ. ਏ. ਐੱਸ. ਡਾ. ਅਮਰ ਸਿੰਘ ਰਾਏਕੋਟ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਦੇ ਪ੍ਰਿੰਸੀਪਲ ਸੈਕਟਰੀ ਅਤੇ ਸਾਬਕਾ ਆਈ. ਏ. ਐੱਸ. ਦਰਬਾਰਾ ਸਿੰਘ ਗੁਰੂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਰਹਿ ਚੁੱਕੇ ਹਨ। ਇਨ੍ਹਾਂ ਦੋਵੇਂ ਸਾਬਕਾ ਅਧਿਕਾਰੀਆਂ ਨੂੰ ਪਿਛਲੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ ਵਿਧਾਨ ਸਭਾ ਹਲਕਾ ਬੱਸੀ ਪਠਾਣਾਂ ਤੋਂ ਅਤੇ ਕਾਂਗਰਸ ਦੇ ਡਾ. ਅਮਰ ਸਿੰਘ ਹਲਕਾ ਰਾਏਕੋਟ ਤੋਂ ਚੋਣ ਹਾਰ ਗਏ ਸਨ ਅਤੇ ਇਹ ਦੋਵੇਂ ਸਾਬਕਾ ਅਧਿਕਾਰੀ ਆਪਣੀਆਂ-ਆਪਣੀਆਂ ਪਾਰਟੀਆਂ ਵਿਚ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਜਿਸ ਕਾਰਨ ਇਨ੍ਹਾਂ ਨੂੰ ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਤੋਂ ਮੁੜ ਟਿਕਟਾਂ ਦੇ ਕੇ ਨਿਵਾਜਿਆ ਗਿਆ ਹੈ।

ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਦੇ 14 ਲੱਖ 74 ਹਜ਼ਾਰ 947 ਵੋਟਰ ਬਣ ਚੁੱਕੇ ਹਨ, ਜਿਨ੍ਹਾਂ ਵਿਚ 7 ਲੱਖ 85 ਹਜ਼ਾਰ 807 ਪੁਰਸ਼, 6 ਲੱਖ 89 ਹਜ਼ਾਰ 104 ਮਹਿਲਾਵਾਂ ਅਤੇ 36 ਹੋਰ ਜੈਂਡਰ ਨਾਲ ਸਬੰਧਿਤ ਵੋਟਰ ਹਨ। ਇਨ੍ਹਾਂ 9 ਹਲਕਿਆਂ ਬੱਸੀ ਪਠਾਣਾਂ, ਫਤਿਹਗੜ੍ਹ ਸਾਹਿਬ, ਅਮਲੋਹ, ਖੰਨਾ, ਸਮਰਾਲਾ, ਸਾਹਨੇਵਾਲ, ਪਾਇਲ, ਰਾਏਕੋਟ ਅਤੇ ਅਮਰਗੜ੍ਹ ਵਿਚ ਵੋਟਰਾਂ ਲਈ 1750 ਪੋਲਿੰਗ ਬੂਥ ਬਣਾਏ ਗਏ ਹਨ। ਲੋਕ ਸਭਾ ਹਲਕਾ ਫਤਿਹਗੜ੍ਹ ਸਾਹਿਬ ਵਿਚ ਚੋਣ ਅਮਲੇ ਦੇ 8753 ਕਰਮਚਾਰੀ ਅਤੇ 2904 ਪੁਲਸ ਅਧਿਕਾਰੀ/ਕਰਮਚਾਰੀ ਤਾਇਨਾਤ ਹੋਣਗੇ। 9 ਵਿਧਾਨ ਸਭਾ ਹਲਕਿਆਂ ਵਿਚੋਂ 7 ਹਲਕਿਆਂ 'ਤੇ ਕਾਂਗਰਸ ਦੇ ਵਿਧਾਇਕ ਹਨ, ਜਦੋਂਕਿ 2 ਹਲਕਿਆਂ ਵਿਚ ਅਕਾਲੀ ਦਲ ਦੇ ਵਿਧਾਇਕ ਹਨ।
ਡਾ. ਅਮਰ ਸਿੰਘ ਕਾਂਗਰਸ ਸਾਬਕਾ ਆਈ.ਏ.ਐੱਸ ਅਧਿਕਾਰੀ 
ਲੋਕ ਸਭਾ ਹਲਕੇ ਵਿਚ ਪੈਂਦੇ 9 ਹਲਕਿਆਂ 'ਚੋਂ 7 ਹਲਕਿਆਂ 'ਚ ਕਾਂਗਰਸੀ ਵਿਧਾਇਕ ਹੋਣਾ।
ਨਿੱਜੀ ਜ਼ਿੰਦਗੀ 'ਤੇ ਕੋਈ ਦੋਸ਼ ਨਾ ਲੱਗਣਾ।
ਈਮਾਨਦਾਰੀ ਅਤੇ ਪਿਆਰ ਨਾਲ ਗੱਲ ਕਰਨੀ।
ਲੋਕਾਂ ਦੀਆਂ ਸਾਂਝੀਆਂ ਸਮੱਸਿਆਵਾਂ ਨੂੰ ਦੂਰ ਕਰਨ ਦਾ ਤਜਰਬਾ।
ਆਈ. ਏ. ਐੱਸ. ਬਣ ਕੇ ਉੱਚ ਅਹੁਦਿਆਂ 'ਤੇ ਕੰਮ ਕਰਨ ਦਾ ਤਜਰਬਾ।
ਕਮਜ਼ੋਰੀਆਂ :
ਨਾਰਾਜ਼ ਆਗੂਆਂ ਤੱਕ ਨਹੀਂ ਕਰ ਸਕੇ ਪਹੁੰਚ।
ਹਲਕੇ ਦੇ ਵਿਧਾਇਕਾਂ ਜਾਂ ਇੰਚਾਰਜਾਂ ਦੇ ਵਿਰੋਧੀ ਕਾਂਗਰਸੀਆਂ ਕੋਲ ਨਾ ਜਾਣਾ।
ਚੋਣ ਭਾਸ਼ਣ ਦਮਦਾਰ ਨਾ ਹੋਣਾ।
ਟਿਕਟ ਨਾ ਮਿਲਣ ਕਾਰਨ ਕਾਂਗਰਸ ਤੋਂ ਬਾਗੀ ਹੋ ਕੇ ਖੜ੍ਹੇ ਉਮੀਦਵਾਰ।

ਦਰਬਾਰਾ ਸਿੰਘ ਗੁਰੂ
ਅਕਾਲੀ ਦਲ 
ਪੱਖ 'ਚ ਗੱਲਾਂ

ਅਕਾਲੀ ਦਲ ਦੇ ਆਗੂ ਗੁੱਟਬਾਜ਼ੀ ਭੁੱਲ ਕੇ ਗੁਰੂ ਨੂੰ ਜਿਤਾਉਣ ਲਈ ਇਕ ਹੋਏ।
ਲੋਕਾਂ ਦੀਆਂ ਸਮੱਸਿਆਵਾਂ ਸਬੰਧੀ ਜਾਗਰੂਕ ਹੋਣਾ ਅਤੇ ਦੂਰ ਕਰਨ ਦੇ ਵਾਅਦੇ ਕਰਨਾ।
ਕਾਂਗਰਸ ਦੀ ਵਧੀ ਹੋਈ ਗੁਟਬਾਜ਼ੀ ਦਾ ਲਾਭ ਮਿਲਣਾ।
ਹਰ ਆਗੂ ਤੱਕ ਪਹੁੰਚ ਕਰ ਕੇ ਉਸਨੂੰ ਨਾਲ ਤੋਰਨ ਦੀ ਕੋਸ਼ਿਸ਼।
ਆਈ. ਏ. ਐੱਸ. ਰਹਿੰਦੇ ਹੋਏ ਉੱਚ ਅਹੁਦਿਆਂ 'ਤੇ ਕੰਮ ਕਰਨ ਦਾ ਤਜਰਬਾ।
ਕਮਜ਼ੋਰੀਆਂ :
ਅਕਾਲੀ ਦਲ ਦਾ ਬੇਅਦਬੀ ਅਤੇ ਹੋਰ ਮਾਮਲਿਆਂ ਵਿਚ ਘਿਰੇ ਰਹਿਣਾ।
ਅਕਾਲੀ ਦਲ ਦੇ ਜ਼ਿਆਦਾਤਰ ਆਗੂਆਂ ਵਲੋਂ ਬਠਿੰਡਾ ਅਤੇ ਫਿਰੋਜ਼ਪੁਰ ਵਿਖੇ ਡੇਰੇ ਲਗਾਉਣੇ।
ਹੇਠਲੇ ਪੱਧਰ 'ਤੇ ਪੋਸਟਰਾਂ ਅਤੇ ਹੋਰ ਚੋਣ ਪ੍ਰਚਾਰ ਵਿਚ ਕਮੀ ਹੋਣਾ।

ਬਨਦੀਪ ਸਿੰਘ ਦੂਲੋ
ਲੋਕ ਇਨਸਾਫ ਪਾਰਟੀ

ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਦਾ ਸਪੁੱਤਰ ਹੋਣਾ।
ਨੌਜਵਾਨ ਹੋਣ ਕਾਰਨ ਭੱਜ-ਦੌੜ ਵਿਚ ਸਾਰੇ ਉਮੀਦਵਾਰਾਂ ਤੋਂ ਅੱਗੇ ਰਹਿਣਾ।
ਨੌਜਵਾਨਾਂ ਨੂੰ ਨਾਲ ਤੋਰਨ ਦੀ ਸਮੱਰਥਾ ਹੋਣਾ।

ਕਮਜ਼ੋਰੀਆਂ 
'ਆਪ' ਦੇ ਉਪਰਲੇ ਤੋਂ ਹੇਠਲੇ ਪੱਧਰ ਤੱਕ ਜ਼ਿਆਦਾਤਰ ਆਗੂਆਂ ਦਾ ਦੂਜੀਆਂ ਪਾਰਟੀਆਂ ਵਿਚ ਸ਼ਾਮਲ ਹੋਣਾ।
ਹੇਠਲੇ ਪੱਧਰ ਦੇ 'ਆਪ' ਆਗੂਆਂ ਨਾਲ ਆਪਸੀ ਤਾਲਮੇਲ ਦੀ ਘਾਟ।
ਆਗੂਆਂ ਅਤੇ ਵਰਕਰਾਂ ਵਲੋਂ ਚੱਲ ਰਹੇ ਚੋਣ ਪ੍ਰਚਾਰ ਦੀ ਕਮੀ।

ਮਨਵਿੰਦਰ ਸਿੰਘ ਗਿਆਸਪੁਰਾ
'ਆਪ'

ਇੰਜੀਨੀਅਰਿੰਗ ਕੀਤੀ ਹੋਣ ਕਾਰਨ ਲੋਕਾਂ ਨੂੰ ਆਪਣੀ ਗੱਲ ਸਮਝਾਉਣ ਵਿਚ ਸਫਲ ਹੋਣਾ।
ਹੋਂਦ ਚਿੱਲੜ ਕਾਂਡ ਨੂੰ ਉਜਾਗਰ ਕਰਦੇ ਹੋਏ ਪੀੜਤਾਂ ਨੂੰ ਮੁਆਵਜ਼ਾ ਦਿਵਾਉਣ ਵਿਚ ਰੋਲ ਅਦਾ ਕਰਨ ਕਾਰਨ ਸਿੱਖਾਂ ਵਿਚ ਹਰਮਨਪਿਆਰਾ।
ਕਾਂਗਰਸ ਅਤੇ ਅਕਾਲੀ ਬਾਗੀ ਆਗੂਆਂ ਵਲੋਂ ਗਿਆਸਪੁਰਾ ਦਾ ਸਾਥ ਦੇਣਾ।

ਕਮਜ਼ੋਰੀਆਂ :
ਸਰਗਰਮ ਆਗੂਆਂ ਤੇ ਵਰਕਰਾਂ ਦੀ ਘਾਟ।
ਚੋਣ ਪ੍ਰਚਾਰ 'ਚ ਕਮੀ।
ਚੋਣ ਸਮੱਗਰੀ ਦਾ ਘੱਟ ਦਿਸਣਾ।

Shyna

This news is Content Editor Shyna