ਇਕੋ ਪਰਿਵਾਰ ਦੇ 4 ਜੀਆਂ ਨੂੰ ਡੇਂਗੂ, ਸ਼ਹਿਰ ''ਚ ਮਚੀ ਹਾਹਾਕਾਰ

10/18/2019 10:42:10 AM

ਫਤਿਹਗੜ੍ਹ ਚੂੜੀਆਂ (ਸਾਰੰਗਲ, ਬਿਕਰਮਜੀਤ) : ਬੀਤੇ ਕੁਝ ਦਿਨਾਂ ਤੋਂ ਕਸਬਾ ਫਤਿਹਗੜ੍ਹ ਚੂੜੀਆਂ ਵਿਚ ਡੇਂਗੂ ਦੇ ਸ਼ੱਕੀ ਮਰੀਜ਼ ਮਿਲਣ ਨਾਲ ਲੋਕਾਂ ਵਿਚ ਹਾਹਾਕਾਰ ਮਚ ਗਈ ਹੈ। ਇਸ ਸਬੰਧੀ ਡੇਂਗੂ ਨਾਲ ਪੀੜਤ ਗੁਰਮੁੱਖ ਸਿੰਘ ਪੁੱਤਰ ਹਰਭਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਇੱਕੋ ਪਰਿਵਾਰ ਦੇ 4 ਜੀਆਂ ਨੂੰ ਡੇਂਗੂ ਦੀ ਸ਼ਿਕਾਇਤ ਹੋਈ ਹੈ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਬਿਮਾਰ ਸਨ, ਜਿਸ ਕਾਰਨ ਅੱਜ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਨੂੰ ਡੇਂਗੂ ਬੁਖਾਰ ਨੇ ਜਕੜ ਲਿਆ ਹੈ। ਉਸ ਦੱਸਿਆ ਕਿ ਉਹ ਫਤਹਿਗੜ੍ਹ ਚੂੜੀਆਂ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਹੈ। ਜਦਕਿ ਉਸ ਦੇ 3 ਪਰਿਵਾਰਕ ਮੈਂਬਰ ਬਟਾਲਾ ਦੇ ਕਿਸੇ ਹੋਰ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਹੋਏ ਹਨ ਜਿਥੇ ਉਨ੍ਹਾਂ ਦਾ ਡੇਂਗੂ ਦੇ ਬੁਖ਼ਾਰ ਸਬੰਧੀ ਇਲਾਜ ਚੱਲ ਰਿਹਾ ਹੈ।

ਇਸ ਸਬੰਧੀ ਡੇਂਗੂ ਨਾਲ ਪੀੜਤ ਗੁਰਮੁਖ ਸਿੰਘ ਪੁੱਤਰ ਹਰਭਜਨ ਸਿੰਘ ਨੇ ਕਿਹਾ ਕਿ ਫਤਿਹਗੜ੍ਹ ਚੂੜੀਆਂ ਵਿਚ ਨਗਰ ਕੌਂਸਲ ਵੱਲੋਂ ਸਫਾਈ ਸਹੀ ਤਰੀਕੇ ਨਾਲ ਹੋਣ ਕਾਰਨ ਇੱਥੇ ਗਲੀਆਂ ਬਾਜ਼ਾਰਾਂ ਵਿਚ ਆਮ ਹੀ ਕੂੜੇ ਦੇ ਢੇਰ ਲੱਗੇ ਹੋਏ ਹਨ। ਇਨ੍ਹਾਂ ਕੂੜੇ ਦੇ ਢੇਰਾਂ ਉੱਤੋਂ ਇਹ ਜ਼ਹਿਰੀਲਾ ਮੱਛਰ ਪੈਦਾ ਹੋ ਕੇ ਬੀਮਾਰੀਆਂ ਬਣ ਕੇ ਲੋਕਾਂ ਨੂੰ ਜਕੜ ਰਿਹਾ ਹੈ। ਉਨ੍ਹਾਂ ਨਗਰ ਕੌਂਸਲ ਤੋਂ ਮੰਗ ਕੀਤੀ ਕਿ ਸ਼ਹਿਰ ਵਿਚ ਲੱਗੇ ਗੰਦਗੀ ਦੇ ਢੇਰ ਤੁਰੰਤ ਚੁਕਾਏ ਜਾਣ ਅਤੇ ਕਸਬੇ ਅੰਦਰ ਮੱਛਰ ਮਾਰਨ ਵਾਲੀ ਦਵਾਈ ਵੀ ਛਿੜਕੀ ਜਾਵੇ ਤਾਂ ਜੋ ਲੋਕ ਇਸ ਭਿਆਨਕ ਬਿਮਾਰੀ ਬਚ ਸਕਣ।

ਇਸ ਸਬੰਧੀ ਜਦ ਸਰਕਾਰੀ ਹਸਪਤਾਲ ਫਤਿਹਗੜ੍ਹ ਚੂੜੀਆਂ ਦੇ ਡਾ. ਲਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਹਸਪਤਾਲ ਫਤਿਹਗੜ੍ਹ ਚੂੜੀਆਂ ਵਿਚ ਕਿਸੇ ਵੀ ਤਰ੍ਹਾਂ ਦਾ ਡੇਂਗੂ ਨਾਲ ਸਬੰਧਤ ਕੋਈ ਮਰੀਜ਼ ਇੱਥੇ ਨਹੀਂ ਆਇਆ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਡੇਂਗੂ ਦੀ ਸ਼ਿਕਾਇਤ ਕਿਸੇ ਮਰੀਜ਼ ਨੂੰ ਹੁੰਦੀ ਵੀ ਹੈ ਤਾਂ ਉਹ ਅਸੀਂ ਮਰੀਜ਼ ਦਾ ਟੈਸਟ ਸਿਵਲ ਹਸਪਤਾਲ ਬਟਾਲਾ ਜਾਂ ਸਿਵਲ ਹਸਪਤਾਲ ਗੁਰਦਾਸਪੁਰ ਤੋਂ ਕਰਵਾਉਂਦੇ ਹਾਂ ਅਤੇ ਉਸ ਤੋਂ ਬਾਅਦ ਇਸ ਡੇਂਗੂ ਨਾਲ ਪੀੜਤ ਮਰੀਜ਼ਾਂ ਦਾ ਇਲਾਜ ਫ਼ਤਹਿਗੜ੍ਹ ਚੂੜੀਆਂ ਸਰਕਾਰੀ ਹਸਪਤਾਲ ਵਿਚ ਬਿਲਕੁਲ ਫਰੀ ਕੀਤਾ ਜਾਂਦਾ ਹੈ, ਜਿਸ ਵਿਚ ਮਰੀਜ਼ਾਂ ਨੂੰ ਫਰੀ ਦਵਾਈ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਡੇਂਗੂ ਨਾਲ ਪੀੜਤ ਮਰੀਜ਼ਾਂ ਲਈ ਵੱਖਰੇ ਕਮਰੇ ਤਿਆਰ ਕੀਤੇ ਗਏ ਹਨ ਜਿੱਥੇ ਮਰੀਜ਼ਾਂ ਨੂੰ ਮੱਛਰਦਾਨੀਆਂ ਵੀ ਦਿੱਤੀਆਂ ਜਾਂਦੀਆਂ ਹਨ। ਐੱਸ. ਐੱਮ. ਓ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਗਰ ਕੌਂਸਲ ਵੱਲੋਂ ਮੱਛਰਾਂ ਨੂੰ ਮਾਰਨ ਵਾਲੀ ਦਵਾਈ ਵੀ ਛਿੜਕੀ ਗਈ ਸੀ। ਡਾ. ਲਖਵਿੰਦਰ ਸਿੰਘ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਜਦ ਵੀ ਕਿਸੇ ਨੂੰ ਇਸ ਵਾਰ ਬਿਮਾਰੀ ਨਾਲ ਸਬੰਧਤ ਕੋਈ ਸ਼ੱਕ ਹੋਵੇ ਤਾਂ ਉਹ ਤੁਰੰਤ ਸਰਕਾਰੀ ਹਸਪਤਾਲ ਫਤਿਹਗੜ੍ਹ ਚੂੜੀਆਂ ਨਾਲ ਸੰਪਰਕ ਕਰੇ।

Baljeet Kaur

This news is Content Editor Baljeet Kaur