ਪੰਜਾਬ 'ਚ ਕਿਸਾਨਾਂ ਦੀ ਹੜਤਾਲ ਖਤਮ, ਦੁੱਧ-ਸਬਜ਼ੀਆਂ ਦੀ ਸਪਲਾਈ ਸ਼ੁਰੂ

06/06/2018 3:19:13 PM

ਚੰਡੀਗੜ੍ਹ (ਮਨਮੋਹਨ) : ਪੰਜਾਬ ਦੀਆਂ ਕਿਸਾਨ ਜੱਥੇਬੰਦੀਆਂ ਨੇ ਬੁੱਧਵਾਰ ਨੂੰ ਆਪਣੀ ਹੜਤਾਲ ਵਾਪਸ ਲੈ ਲਈ ਹੈ, ਜਿਸ ਤੋਂ ਬਾਅਦ ਸ਼ਹਿਰਾਂ ਨੂੰ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਸ਼ੁਰੂ ਕਰ ਦਿੱਤੀ ਗਈ ਹੈ। ਕਿਸਾਨਾਂ ਨੇ ਸਭ ਤੋਂ ਪਹਿਲਾਂ ਪਿਛਲੇ ਸਾਲ ਅੱਜ ਦੇ ਦਿਨ ਮੱਧ ਪ੍ਰਦੇਸ਼ 'ਚ ਮਾਰੇ ਗਏ ਕਿਸਾਨਾਂ ਦੀ ਯਾਦ 'ਚ 2 ਮਿੰਟਾਂ ਦਾ ਮੌਨ ਰੱਖਿਆ ਅਤੇ ਫਿਰ ਹੜਤਾਲ ਖਤਮ ਕਰਨ ਦਾ ਐਲਾਨ ਕੀਤਾ, ਹਾਲਾਂਕਿ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਦੇਸ਼ ਭਰ 'ਚ ਇਹ ਹੜਤਾਲ 10 ਜੂਨ ਤੱਕ ਹੀ ਚੱਲੇਗੀ।
ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਪੰਜਾਬ 'ਚ ਬੜੀ ਸ਼ਾਂਤੀ ਨਾਲ ਵਿਰੋਧ ਪ੍ਰਦਰਸ਼ਨ ਹੋ ਰਿਹਾ ਸੀ ਪਰ ਕੁਝ ਸ਼ਰਾਰਤੀ ਲੋਕ ਇੱਥੇ ਦਾਖਲ ਹੋ ਗਏ, ਜਿਨ੍ਹਾਂ ਨੇ ਆ ਕੇ ਸੜਕਾਂ 'ਤੇ ਦੁੱਧ ਅਤੇ ਸਬਜ਼ੀਆਂ ਸੁੱਟ ਦਿੱਤੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਪਣੇ ਹੱਕ ਦੀ ਲੜਾਈ ਲੜਦਿਆਂ ਇੰਨੇ ਸਾਲ ਹੋ ਗਏ ਹਨ ਪਰ ਅਜਿਹਾ ਕਦੇ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਹਾਲਾਤ ਕਾਫੀ ਖਰਾਬ ਹੋ ਗਏ, ਜਿਸ ਕਾਰਨ ਬੈਠ ਕੇ ਉਨ੍ਹਾਂ ਨੇ ਹੜਤਾਲ ਨੂੰ ਅੱਜ ਖਤਮ ਕਰਨ ਦਾ ਫੈਸਲਾ ਲਿਆ। ਇਸ ਮੌਕੇ ਕਿਸਾਨਾਂ ਨੇ ਭਾਜਪਾ 'ਤੇ ਗੰਭੀਰ ਦੋਸ਼ ਲਾਉਂਦੇ ਹੋਏ ਕਿਹਾ ਕਿ ਭਾਜਪਾ ਦੇ ਲੋਕਾਂ ਨੇ ਸਾਡੇ ਅੰਦੋਲਨ 'ਚ ਘੁਸਪੈਠ ਕੀਤੀ ਹੈ।