ਬਿਜਲੀ ਦੀ ਮਾੜੀ ਸਪਲਾਈ ਤੋਂ ਪ੍ਰੇਸ਼ਾਨ ਕਿਸਾਨਾਂ ਕੀਤਾ ਰੋਸ-ਪ੍ਰਦਰਸ਼ਨ

09/23/2017 2:06:47 AM

ਟਾਂਡਾ ਉੜਮੁੜ, (ਕੁਲਦੀਸ਼, ਗੁਪਤਾ)- ਬੇਟ ਇਲਾਕੇ ਦੇ ਪਿੰਡ ਜਲਾਲਪੁਰ, ਸਲੇਮਪੁਰ, ਨੰਗਲੀ ਆਦਿ ਨਾਲ ਸੰਬੰਧਿਤ ਕਿਸਾਨਾਂ ਨੇ ਲਖਵੀਰ ਸਿੰਘ ਲੱਖੀ ਜਲਾਲਪੁਰ, ਨੰਬਰਦਾਰ ਕੁਲਵੰਤ ਸਿੰਘ ਜਲਾਲਪੁਰ, ਨੰਬਰਦਾਰ ਪਰਜੀਤ ਸਿੰਘ, ਸਤਪਾਲ ਸਿੰਘ ਸੱਤੀ, ਪ੍ਰੀਤਮ ਸਿੰਘ ਨੰਗਲੀ ਆਦਿ ਦੀ ਅਗਵਾਈ 'ਚ ਬਿਜਲੀ ਦੀ ਮਾੜੀ ਸਪਲਾਈ ਵਿਰੁੱਧ ਰੋਸ-ਪ੍ਰਦਰਸ਼ਨ ਕਰਦਿਆਂ ਪਾਵਰਕਾਮ ਦਾ ਪਿੱਟ-ਸਿਆਪਾ ਕੀਤਾ। ਉਪਰੰਤ ਉਨ੍ਹਾਂ ਐੱਸ. ਡੀ. ਓ. ਉਪ ਮੰਡਲ ਮਿਆਣੀ ਅਸ਼ੀਸ਼ ਸ਼ਰਮਾ ਨੂੰ ਆਪਣੀਆਂ ਮੰਗਾਂ ਸਬੰਧੀ ਜਾਣੂ ਕਰਵਾਇਆ। 
ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਫਸਲ ਨਿੱਸਰ ਰਹੀ ਹੈ ਤੇ ਹੁਣ ਟਿਊਬਵੈੱਲ ਚਲਾਉਣ ਦੀ ਜ਼ਰੂਰਤ ਹੈ ਪਰ ਪਿਛਲੇ 5 ਦਿਨਾਂ ਤੋਂ ਬਿਜਲੀ ਸਪਲਾਈ ਨਾ ਮਿਲਣ ਕਾਰਨ ਉਹ ਪ੍ਰਭਾਵਿਤ ਹੋ ਰਹੇ ਹਨ। 11 ਕੇ. ਵੀ. ਜਲਾਲਪੁਰ ਫੀਡਰ ਦੀਆਂ ਲਾਈਨਾਂ ਦੀ ਹਾਲਤ ਮਾੜੀ ਹੈ ਤੇ ਟਰਾਂਸਫਾਰਮਰ 'ਤੇ ਲੱਗੇ ਸਵਿੱਚ ਖਸਤਾਹਾਲ ਹਨ, ਜਿਨ੍ਹਾਂ ਤੋਂ ਉਨ੍ਹਾਂ ਨੂੰ ਕਰੰਟ ਵੀ ਲੱਗ ਸਕਦਾ ਹੈ ਅਤੇ ਹਰ ਵੇਲੇ ਅਣਸੁਖਾਵੀਂ ਘਟਨਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ। 
ਉਨ੍ਹਾਂ ਕਿਹਾ ਕਿ ਵਾਰ-ਵਾਰ ਸ਼ਿਕਾਇਤਾਂ ਦੇਣ 'ਤੇ ਵੀ ਵਿਭਾਗ ਦੇ ਅਧਿਕਾਰੀ ਤੇ ਮੁਲਾਜ਼ਮ ਸਮੇਂ-ਸਿਰ ਨਹੀਂ ਪਹੁੰਚਦੇ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀ ਹੁੰਦੀ ਹੈ। ਕਿਸਾਨਾਂ ਦੀਆਂ ਸਮੱਸਿਆਵਾਂ ਸੁਣਨ ਉਪਰੰਤ ਐੱਸ.ਡੀ.ਓ. ਆਸ਼ੀਸ਼ ਸ਼ਰਮਾ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਬਿਜਲੀ ਸਪਲਾਈ ਦੀ ਆ ਰਹੀ ਸਮੱਸਿਆ ਨੂੰ ਜਲਦ ਦੂਰ ਕਰਵਾ ਦੇਣਗੇ। 
ਪਿਛਲੇ 5 ਦਿਨਾਂ 'ਚ ਮੋਟਰਾਂ ਦੀ ਬਿਜਲੀ ਸਪਲਾਈ ਬੰਦ ਹੋਣ ਲਈ ਵਿਭਾਗ ਵੱਲੋਂ ਲਾਏ ਪਾਵਰਕੱਟ ਨੂੰ ਕਾਰਨ ਦੱਸਿਆ। ਉਨ੍ਹਾਂ ਕਿਹਾ ਕਿ ਲਾਈਨਾਂ ਦੀ ਮਾੜੀ ਹਾਲਤ ਤੇ ਟਰਾਂਸਫਾਰਮਰਾਂ ਦੇ ਸਵਿੱਚਾਂ ਨੂੰ ਪਹਿਲ ਦੇ ਆਧਾਰ 'ਤੇ ਠੀਕ ਕਰਵਾ ਦੇਣਗੇ ਤਾਂ ਜੋ ਬਿਜਲੀ ਸਪਲਾਈ 'ਚ ਵਿਘਨ ਨਾ ਪਵੇ।
ਇਸ ਮੌਕੇ ਜੇ. ਈ. ਲਖਵੀਰ ਸਿੰਘ, ਜਸਪਾਲ ਸਿੰਘ, ਪ੍ਰੀਤਮ ਸਿੰਘ, ਅਮਰੀਕ ਸਿੰਘ, ਬਲਵੀਰ ਸਿੰਘ, ਦਲੀਪ ਸਿੰਘ, ਜਰਨੈਲ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ, ਕਰਨੈਲ ਸਿੰਘ, ਸੁਰਿੰਦਰ ਸਿੰਘ, ਬੀਰਾ, ਘੁੱਗੀ, ਪੱਪੂ, ਮਨਜੀਤ ਸਿੰਘ, ਹਰਜਿੰਦਰ ਸਿੰਘ, ਪਰਮਜੀਤ ਸਿੰਘ 
ਆਦਿ ਹਾਜ਼ਰ ਸਨ।