ਬੈਂਕ ''ਚੋਂ ਕੈਸ਼ ਨਾ ਮਿਲਣ ਦੇ ਰੋਸ ਵਜੋਂ ਬਠਿੰਡਾ-ਪਟਿਆਲਾ ਰੋਡ ''ਤੇ ਕਿਸਾਨਾਂ ਨੇ ਧਰਨਾ ਦੇ ਕੇ ਕੀਤੀ ਆਵਾਜਾਈ ਠੱਪ

11/16/2017 6:27:00 PM

ਮਾਨਸਾ (ਸੰਦੀਪ ਮਿੱਤਲ)— ਮਾਨਸਾ ਜ਼ਿਲੇ ਦੇ ਪਿੰਡ ਭੈਣੀਬਾਘਾ ਵਿੱਚ ਬਣੀ ਐੱਸ. ਬੀ. ਆਈ. ਬੈਂਕ 'ਚੋਂ ਕੈਸ਼ ਨਾ ਮਿਲਣ ਦੇ ਰੋਸ 'ਚ ਵੀਰਵਾਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਭੈਣੀਬਾਘਾ ਕੋਲ ਬਠਿੰਡਾ-ਪਟਿਆਲਾ ਰੋਡ 'ਤੇ ਧਰਨਾ ਮਾਰ ਕੇ ਆਵਾਜਾਈ ਠੱਪ ਕੀਤੀ ਅਤੇ ਪੰਜਾਬ ਸਰਕਾਰ ਬੈਂਕ ਅਧਿਕਾਰੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਜ਼ਿਲਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਐੱਸ. ਬੀ. ਆਈ. ਬੈਂਕ ਬਰਾਂਚ ਭੈਣੀਬਾਘਾ ਵਿਚੋਂ ਪਿੰਡ ਤਾਮਕੋਟ, ਬੁਰਜ ਹਰੀ, ਬੁਰਜ ਰਾਠੀ, ਭਾਈ ਦੇਸਾ, ਖੜਕ ਸਿੰਘ ਵਾਲਾ, ਖੋਖਰ ਕਲਾਂ ਦੇ ਲੋਕ ਲੈਣ ਦੇਣ ਕਰਦੇ ਹਨ ਪਰ ਪਿਛਲੇ ਇਕ ਮਹੀਨੇ ਤੋਂ ਕੈਸ਼ ਨਾ ਮਾਤਰ ਆਉਣ ਕਾਰਨ ਹਰ ਰੋਜ਼ ਸੈਂਕੜੇ ਕਿਸਾਨਾਂ ਸਮੇਤ ਆਮ ਲੋਕਾਂ ਨੂੰ ਬੈਂਕ ਅੱਗੇ ਲਾਈਨਾਂ ਵਿੱਚ ਲੱਗ ਕੇ ਖੜ੍ਹਨ ਤੋਂ ਬਾਅਦ ਸ਼ਾਮ ਨੂੰ ਖਾਲੀ ਹੱਥ ਘਰਾਂ ਨੂੰ ਪਰਤਣਾ ਪੈਂਦਾ ਹੈ। 
ਕਿਸਾਨ ਆਗੂ ਨੇ ਦੱਸਿਆ ਕਿ ਪਿਛਲੇ ਸਾਲ ਨੋਟਬੰਦੀ ਦੌਰਾਨ ਕਿਸਾਨਾਂ ਨੂੰ ਵਾਰ-ਵਾਰ ਸੜਕ ਰੋਕਣੀ ਪੈਂਦੀ ਉਸ ਸਮੇਂ ਬੈਂਕ ਅਧਿਕਾਰੀ ਨੋਟਬੰਦੀ ਦੀ ਗੱਲ ਆਖ ਕੇ ਬਚਣ ਦੀ ਕੋਸ਼ਿਸ਼ ਕਰ ਛੱਡਦੇ ਸਨ ਪਰ ਹੁਣ ਇਕ ਸਾਲ ਬਾਅਦ ਵੀ ਇਸ ਬੈਂਕ ਵਿੱਚ ਉਹੀ ਹਾਲ ਹੈ। ਪੈਸੇ ਦੀ ਕਮੀ ਦੇ ਨਾਲ ਨਾਲ ਮੁਲਾਜਮਾਂ ਦੀ ਗਿਣਤੀ ਬਹੁਤ ਘੱਟ ਹੈ। ਸਿਰਫ ਦੋ ਮੁਲਾਜ਼ਮ ਹੀ ਬੈਂਕ 'ਚ ਕੰਮ ਕਰਦੇ ਹਨ ਜਦੋਂ ਕੈਸ਼ ਲੈਣ ਚਲੇ ਜਾਂਦੇ ਹਨ ਤਾਂ ਬੈਂਕ ਦਾ ਕੰਮ ਬਿਲਕੁਲ ਠੱਪ ਹੋ ਜਾਂਦਾ ਹੈ। ਡੇਢ ਘਾਟਾ ਚੱਲੇ ਰੋਡ ਜਾਮ ਦੌਰਾਨ ਅਖੀਰ 'ਤੇ ਪੁਲਸ ਅਧਿਕਾਰੀ ਅਤੇ ਬੈਂਕ ਦਾ ਇਕ ਅਧਿਕਾਰੀ ਮੌਕੇ ਪਰ ਪੁੱਜਾ। ਉਨ੍ਹਾਂ ਨੇ ਆਪਣੇ ਬੈਂਕ ਦੇ ਉÎੱਚ ਅਧਿਕਾਰੀਆਂ ਕੋਲ ਗੱਲ ਕਰਨ ਤੋਂ ਬਾਅਦ ਜਾਮ ਲਈ ਬੈਠੇ ਕਿਸਾਨਾਂ ਵਿੱਚ ਜਾ ਕੇ ਭਰੋਸਾ ਦਿੱਤਾ ਕਿ ਅੱਗੇ ਤੋਂ ਕੈਸ਼ ਦੀ ਕਮੀ ਨਹੀਂ ਹੋਣ ਦਿੱਤੀ ਜਾਵੇਗੀ ਅਤੇ ਦੋ ਮੁਲਾਜਮ ਵੀ ਬੈਂਕ ਵਿੱਚ ਹੋਰ ਤੈਨਾਤ ਕੀਤੇ ਜਾਣਗੇ। 
ਇਸ ਭਰੋਸੇ ਤੋਂ ਬਾਅਦ ਜਥੇਬੰਦੀ ਨੇ ਸੜਕ ਤੋਂ ਜਾਮ ਹਟਾਇਆ ਅਤੇ ਨਾਲ ਹੀ ਚੇਤਾਵਨੀ ਦਿੱਤੀ ਕਿ ਜੇਕਰ ਸਮੱਸਿਆ ਹੱਲ ਨਾ ਕੀਤੀ ਤਾਂ ਮੁੜ ਸੜਕ ਤੇ ਬੈਠਣ ਤੋ ਗੁਰੇਜ਼ ਨਹੀਂ ਕੀਤਾ ਜਾਵੇਗਾ। ਇਸ ਮੌਕੇ ਜਗਦੇਵ ਸਿੰਘ ਭੈਣੀਬਾਘਾ, ਗੋਰਾ ਸਿੰਘ ਰਾਠੀ ਪੱਤੀ, ਮਲਕੀਤ ਸਿੰਘ, ਅੰਤਰ ਸਿੰਘ, ਜੀਤ ਸਿੰਘ ਬੁਰਜ ਰਾਠੀ, ਕਮਲ ਸਿੰਘ ਭੈਣੀਬਾਘਾ ਨੇ ਸੰਬੋਧਨ ਕੀਤਾ।