ਸਮਰਾਲਾ ’ਚ ਭੜਕੇ ਕਿਸਾਨਾਂ, ਲੁਧਿਆਣਾ-ਚੰਡੀਗੜ੍ਹ ਟੋਲ ਪਲਾਜ਼ਾ ਘੇਰਿਆ

10/06/2020 3:11:06 PM

ਸਮਰਾਲਾ (ਸੰਜੇ ਗਰਗ) : ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਨੇ ਪੰਜਾਬ ’ਚ ਰੇਲਾਂ ਰੋਕਣ ਤੋਂ ਇਲਾਵਾ ਨੈਸ਼ਨਲ ਹਾਈਵੇਅ ਦੇ ਟੋਲ ਪਲਾਜ਼ੇ ਘੇਰਦੇ ਹੋਏ ਆਪਣੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਸੈਂਕੜੇ ਹੀ ਕਿਸਾਨਾਂ ਨੇ ਲੁਧਿਆਣਾ-ਚੰਡੀਗੜ੍ਹ ਟੋਲ ਪਲਾਜ਼ਾ ਪੂਰੀ ਤਰ੍ਹਾਂ ਘੇਰਦੇ ਹੋਏ ਟੋਲ ਮੁਲਾਜ਼ਮਾਂ ਵੱਲੋਂ ਵਾਹਨਾਂ ਤੋਂ ਕੀਤੀ ਜਾ ਰਹੀ ਉਗਰਾਹੀ ਨੂੰ ਬੰਦ ਕਰਵਾ ਦਿੱਤਾ।

ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੇ ਜ਼ਿਲ੍ਹਾ ਪ੍ਰਧਾਨ ਬਲਬੀਰ ਸਿੰਘ ਖੀਰਨੀਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨਾਂ ਦਾ ਸੰਘਰਸ਼ ਆਉਣ ਵਾਲੇ ਦਿਨਾਂ 'ਚ ਹੋਰ ਵੀ ਤਿੱਖਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਖੇਤੀ ਬਿੱਲ ਵਾਪਸ ਲਏ ਜਾਣ ਦਾ ਫ਼ੈਸਲਾ ਨਹੀਂ ਲੈਂਦੀ, ਉਦੋਂ ਤੱਕ ਕਿਸਾਨ ਸੰਘਰਸ਼ ਦਾ ਰਾਹ ਨਹੀਂ ਛੱਡਣਗੇ।

ਸ. ਖੀਰਨੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਲਗਾਤਾਰ ਅੰਦੋਲਨ ਨੂੰ ਜਾਰੀ ਰੱਖਦੇ ਹੋਏ ਮੋਦੀ ਸਰਕਾਰ ਕੋਲੋਂ ਖੇਤੀ ਬਿੱਲ ਰੱਦ ਕਰਨ ਦੀ ਮੰਗ ਕੀਤੀ ਜਾ ਰਹੀ ਹੈ, ਪਰ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਨੇ ਕਿਸਾਨਾਂ ਨੂੰ ਮੋਰਚੇ ਲਗਾਉਣ ਲਈ ਮਜਬੂਰ ਕੀਤਾ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਭਰ 'ਚ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਛੇਵੇ ਦਿਨ 'ਚ ਸ਼ਾਮਲ ਹੋ ਚੁੱਕਾ ਹੈ ਅਤੇ ਕਿਸਾਨਾਂ ਵੱਲੋਂ ਹੁਣ ਟੋਲ ਪਲਾਜ਼ਾ ਸਮੇਤ ਅੰਡਾਨੀ ਤੇ ਅੰਬਾਨੀ ਗਰੁੱਪ ਦੇ ਅਦਾਰੇ ਘੇਰਨ ਦਾ ਫ਼ੈਸਲਾ ਵੀ ਲਿਆ ਗਿਆ। 

ਇਸ ਤੋਂ ਪਹਿਲਾ ਅਨੇਕਾ ਹੀ ਹੋਰ ਕਿਸਾਨ ਆਗੂਆਂ ਦੀ ਅਗਵਾਈ ’ਚ ਭੜਕੇ ਹੋਏ ਕਿਸਾਨਾਂ ਵੱਲੋਂ ਟੋਲ ਪਲਾਜ਼ਾ ਦੇ ਤਿੰਨ ਲਾਂਘਿਆਂ ’ਤੇ ਧਰਨਾ ਦਿੰਦੇ ਹੋਏ ਬੰਦ ਕਰ ਦਿੱਤੇ ਗਏ ਅਤੇ ਚੌਥੇ ਲਾਂਘੇ ਰਾਹੀ ਸਾਰੇ ਵਾਹਨ ਮੁਫ਼ਤ 'ਚ ਲੰਘਾਏ ਜਾਣ ਲੱਗੇ। ਇਸ ਦੌਰਾਨ ਵੱਖ-ਵੱਖ ਬੁਲਾਰਿਆਂ ਨੇ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨ ਦਾ ਐਲਾਨ ਕਰਦੇ ਹੋਏ ਕਿਹਾ ਕਿ ਹਾਲੇ ਤਾਂ ਕਿਸਾਨਾਂ ਨੇ ਚਿਤਾਵਨੀ ਵਜੋਂ ਪੰਜਾਬ 'ਚ ਸਿਰਫ ਰੇਲਾਂ ਦੀ ਐਂਟਰੀ ਰੋਕੀ ਹੈ, ਜੇਕਰ ਕੇਂਦਰ ਸਰਕਾਰ ਨੂੰ ਝੁਕਾਉਣ ਲਈ ਹੋਰ ਵੀ ਵੱਡੇ ਫ਼ੈਸਲੇ ਲੈਣੇ ਪਏ ਤਾਂ ਕਿਸਾਨ ਇਸ ਲਈ ਤਿਆਰ ਬੈਠੇ ਹਨ।
 

Babita

This news is Content Editor Babita