4 ਏਕੜ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫ, ਢਾਈ ਵਾਲਿਆਂ ਦਾ ਸੂਚੀ ''ਚ ਨਾਂ ਨਹੀਂ

01/03/2018 6:33:22 PM

ਗੜ੍ਹਸ਼ੰਕਰ (ਬੈਜਨਾਥ)— ਕੋਆਪ੍ਰੇਟਿਵ ਸੁਸਾਇਟੀ ਅਚਲਪੁਰ ਦੇ ਅਧੀਨ ਪੈਂਦੇ ਪਿੰਡ ਅਚਲਪੁਰ ਅਤੇ ਭਵਾਨੀਪੁਰ ਦੇ ਲੋਕਾਂ ਨੇ ਅੱਜ ਕਰਜ਼ਾ ਮਾਫੀ ਨਾ ਹੋਣ ਤੋਂ ਖਫਾ ਹੋ ਸੁਸਾਇਟੀ ਦਫਤਰ 'ਚ ਪਹੁੰਚ ਕੇ ਜਮ ਕੇ ਹੰਗਾਮਾ ਕੀਤਾ ਅਤੇ ਉੱਥੇ ਕਿਸੇ ਵੀ ਸਟਾਫ ਦੇ ਨਾ ਆਉਣ ਤੋਂ ਖਫਾ ਹੋ ਕੇ ਸੁਸਾਇਟੀ ਦੇ ਗੇਟ ਨੂੰ ਤਾਲਾ ਲਾ ਦਿੱਤਾ। ਕੋਆਪ੍ਰੇਟਿਵ ਸੁਸਾਇਟੀ ਸਭਾ ਅਚਲਪੁਰ ਦਫਤਰ ਦੇ ਬਾਹਰ ਜੀਤ ਸਿੰਘ, ਚਰਨਜੀਤ ਸਿੰਘ, ਰਾਮ ਦਾਸ, ਅਵਤਾਰ ਸਿੰਘ, ਗੁਰਚਰਨ ਸਿੰਘ, ਭਾਗ ਸਿੰਘ, ਜਿੰਦਰ ਸਿੰਘ ਸਮੇਤ 150 ਤੋਂ ਜ਼ਿਆਦਾ ਕਿਸਾਨ ਇੱਕਠੇ ਹੋਏ ਅਤੇ ਆਪਣਾ ਕਰਜ਼ਾ ਮੁਆਫ ਨਹੀਂ ਹੋਣ 'ਤੇ ਪਰੇਸ਼ਾਨ ਸਨ। ਉਨ੍ਹਾਂ ਨੇ ਕਿਹਾ ਕਿ ਅਮੀਰਾਂ ਦਾ ਕਰਜ਼ਾ ਮੁਆਫ ਕਰਨ ਦੀਆਂ ਸੂਚੀਆਂ ਲੱਗ ਗਈਆਂ ਹਨ ਪਰ ਗਰੀਬ ਕਿਸਾਨ ਧੱਕੇ ਖਾ ਰਿਹਾ ਹੈ। 


ਉਨ੍ਹਾਂ ਨੇ ਕਿਹਾ ਕਿ ਭਾਰੀ ਸੰਖਿਆ 'ਚ ਕਿਸਾਨ ਹਨ, ਜਿਨ੍ਹਾਂ ਦੀ ਚਾਰ ਤੋਂ ਜ਼ਿਆਦਾ ਏਕੜ ਦੀ ਜ਼ਮੀਨ ਹੈ ਅਤੇ ਉਹ ਕਰਜ਼ਾ ਮਾਫੀ ਦੀ ਸੂਚੀ 'ਚ ਆ ਗਏ ਹਨ। ਪਰ ਭਾਰੀ ਸੰਖਿਆ 'ਚ ਢਾਈ ਏਕੜ ਤੋਂ ਘੱਟ ਭੂਮੀ ਵਾਲੇ ਕਿਸਾਨਾਂ ਦਾ ਕਰਜ਼ਾ ਮੁਆਫੀ ਸੂਚੀ 'ਚ ਨਾਂ ਨਹੀਂ ਹੈ। ਉਨ੍ਹਾਂ ਦੇ ਨਾਂ ਸੂਚੀ 'ਚ ਨਾ ਹੋਣ ਨਾਲ ਸੂਚੀ ਤਿਆਰ ਕਰਨ ਵਾਲਿਆਂ ਦੇ ਕੰਮ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸਰਕਾਰ ਤੇ ਪ੍ਰਸ਼ਾਸਨ ਨੂੰ ਇਸ ਸਬੰਧੀ ਧਿਆਨ 'ਚ ਰੱਖਦੇ ਹੋਏ ਕਿਸਾਨਾਂ ਦਾ ਕਰਜ਼ ਮੁਆਫ ਕਰਨ ਨੂੰ ਪਹਿਲ ਦੇਣੀ ਚਾਹੀਦੀ ਹੈ। ਇਸ ਸਬੰਧੀ ਜਦੋਂ ਸਹਿਕਾਰੀ ਸਭਾਵਾਂ ਗੜ੍ਹਸ਼ੰਕਰ ਦੇ ਸਹਾਇਕ ਰਜਿਸਟਰਾਰ ਨਰਿੰਦਰ ਕੁਮਾਰ ਨਾਲ ਮੋਬਾਇਲ 'ਤੇ ਸੰਪਰਕ ਕੀਤਾ ਗਿਆ ਪਰ ਉਨ੍ਹਾਂ ਨੇ ਮੋਬਾਇਲ ਫੋਨ ਨਹੀਂ ਚੁੱਕਿਆ।