ਕੈਪਟਨ ਨੂੰ ਲਿਖੀਆਂ ਚਿੱਠੀਆਂ, ਪਰ ਨਾ ਹੋ ਸਕਿਆ ਕਿਸਾਨ ਦਾ 20 ਹਜ਼ਾਰ ਦਾ ਕਰਜ਼ਾ ਮੁਆਫ

03/13/2019 5:08:55 PM

ਤਲਵੰਡੀ ਸਾਬੋ (ਮੁਨੀਸ਼)— ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਭਾਵੇਂ ਕਿਸਾਨਾਂ ਨਾਲ ਕਰਜ਼ਾ ਮੁਆਫੀ ਦਾ ਵਾਅਦਾ ਕੀਤਾ ਗਿਆ ਸੀ ਪਰ ਸਬ ਡਿਵੀਜਨ ਤਲਵੰਡੀ ਸਾਬੋ ਦੇ ਪਿੰਡ ਰਾਮਸਰਾ ਦਾ ਇਕ ਕਿਸਾਨ 20 ਹਜ਼ਾਰ ਦੇ ਕਰਜ਼ੇ ਮੁਆਫੀ ਲਈ ਦਰ-ਦਰ ਦੀਆਂ ਠੋਕਰਾਂ ਖਾਣ ਨੂੰ ਮਜਬੂਰ ਹੋਇਆ ਪਿਆ ਹੈ। ਦੱਸਿਆ ਜਾ ਰਿਹਾ ਹੈ ਕਿ ਕਰਜ਼ਾ ਕਿਸਾਨ ਦੇ ਪਿਤਾ ਦਾ ਸੀ, ਜਿਸ ਦੀ ਹੋ ਚੁੱਕੀ ਹੈ ਪਰ ਕਰਜ਼ਾ ਮੁਆਫ ਨਹੀਂ ਹੋ ਰਿਹਾ। ਪੀੜਤ ਕਿਸਾਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੱਕ ਪਹੁੰਚ ਵੀ ਕੀਤੀ ਪਰ ਮੁੱਖ ਮੰਤਰੀ ਦਫਤਰ ਦੀਆਂ ਚਿੱਠੀਆਂ ਵੀ ਕਿਸਾਨ ਦੀ ਮੁਸ਼ਕਿਲ ਹੱਲ ਨਾ ਕਰ ਪਾਈਆਂ। ਰਾਮਸਰਾ ਪਿੰਡ ਦੇ ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਸਵ. ਕਰਤਾਰ ਸਿੰਘ ਨੇ ਬਠਿੰਡਾ ਕੋਆਪਰੇਟਿਵ ਬੈਂਕ ਲਿਮਟਿਡ ਤੋਂ ਕਰੀਬ 20 ਹਜ਼ਾਰ ਕਰਜ਼ਾ ਲਿਆ ਸੀ ਅਤੇ ਸਾਲ 2009 'ਚ ਉਸ ਦੇ ਪਿਤਾ ਦੀ ਮੌਤ ਹੋ ਗਈ। ਇਸ ਕਰਜ਼ੇ 'ਤੇ ਹੁਣ ਬਿਆਜ ਲੱਗ ਕੇ ਕਰਜ਼ਾ ਕਰੀਬ ਲੱਖ ਤੱਕ ਪਹੁੰਚ ਚੁੱਕਾ ਹੈ। 


ਉਸ ਨੇ ਅੱਗੇ ਦੱਸਦੇ ਹੋਏ ਕਿਹਾ ਕਿ ਉਹ ਤਹਿਸੀਲ ਕੰਪਲੈਕਸ 'ਚ ਕਾਗਜ਼ ਲੈ ਕੇ ਕਈ ਗੇੜੇ ਲਗਾ ਚੁੱਕਾ ਹੈ ਪਰ ਪੰਜਾਬ ਸਰਕਾਰ ਨੇ 8 ਕਨਾਲਾਂ 6 ਮਰਲੇ ਜ਼ਮੀਨ 'ਤੇ ਮਾਲਕ ਗੁਰਮੀਤ ਸਿੰਘ ਦਾ ਇਹ ਕਰਜ਼ਾ ਮੁਆਫ ਨਹੀਂ ਕੀਤਾ। ਗੁਰਮੀਤ ਨੇ ਦੱਸਿਆ ਕਿ ਉਸ ਨੇ ਸੋਚਿਆ ਸੀ ਕਿ ਉਨ੍ਹਾਂ ਦਾ ਨਾਂ ਕਰਜ਼ ਮੁਆਫੀ ਦੀ ਲਿਸਟ 'ਚ ਆ ਜਾਵੇਗਾ ਪਰ ਨਹੀਂ ਆਇਆ। ਇਸ ਦਾ ਪਤਾ ਲਗਦੇ ਹੀ ਕਿਸਾਨ ਨੇ ਕਰਜ਼ਾ ਮੁਆਫੀ ਲਈ ਦਫਤਰਾਂ ਦੇ ਗੇੜੇ ਲਗਾਉਣੇ ਸ਼ੁਰੂ ਕੀਤੇ। ਉਨ੍ਹਾਂ ਨੇ ਐੱਸ. ਡੀ. ਓ. ਨੂੰ ਵੀ ਦਰਖਾਸਤ ਦਿੱਤੀ ਪਰ ਕੋਈ ਸੁਣਵਾਈ ਨਹੀਂ ਹੋਈ। ਜਦੋਂ ਕਿਸੇ ਨੇ ਕੋਈ ਸਾਰ ਨਾ ਲਈ ਤਾਂ ਕਿਸਾਨ ਗੁਰਮੀਤ ਸਿੰਘ ਨੇ ਆਪਣੇ ਸਵ. ਪਿਤਾ ਦਾ ਕਰਜ਼ਾ ਮੁਆਫ ਕਰਨ ਲਈ ਮੁੱਖ ਮੰਤਰੀ ਪੰਜਾਬ ਨੂੰ ਵੀ ਪੱਤਰ ਲਿਖ ਦਿੱਤਾ, ਜਿਸ ਨੂੰ ਅੱਗੇ ਕਾਰਵਾਈ ਲਈ ਮੁੱਖ ਮੰਤਰੀ ਦੇ ਦਫਤਰ 'ਚੋਂ ਭੇਜਣ ਤੋਂ ਬਾਅਦ ਵੀ ਕੋਈ ਹੱਲ ਨਹੀਂ ਹੋਇਆ। ਕਿਸਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦਾ ਕਰਜ਼ਾ ਮੁਆਫੀ ਸਿਰਫ ਡਰਾਮਾ ਸੀ। ਉਸ ਨੇ ਕਿਹਾ ਕਿ ਜਦੋਂ ਵੋਟਾਂ ਆਉਂਦੀਆਂ ਹਨ ਤਾਂ ਉਦੋਂ ਹੀ ਕਰਜ਼ ਮੁਆਫ ਦੀਆਂ ਗੱਲਾਂ ਕਰਦੇ ਹਨ। ਉਹ ਆਪਣਾ 20 ਹਜ਼ਾਰ ਦਾ ਕਰਜ਼ਾ ਮੁਆਫ ਕਰਵਾਉਣ ਲਈ ਦਰ-ਦਰ ਦੀਆਂ ਠੋਕਰਾਂ ਖਾ ਰਿਹਾ ਹੈ।

shivani attri

This news is Content Editor shivani attri