ਭੋਗਪੁਰ 'ਚ ਕਿਸਾਨਾਂ ਦੇ ਚੱਕਾ ਜਾਮ 'ਚ ਫਸੀ ਰਹੀ 'ਡੋਲੀ' ਵਾਲੀ ਕਾਰ, ਲਾੜੇ ਨੂੰ ਕਰਨੀ ਪਈ ਉਡੀਕ

02/16/2024 3:26:20 PM

ਭੋਗਪੁਰ (ਰਾਣਾ ਭੋਗਪੁਰੀਆ)- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤ ਬੰਦ ਦੌਰਾਨ ਅੱਜ ਭੋਗਪੁਰ ਦੇ ਬਾਜ਼ਾਰ ਪੂਰਨ ਤੌਰ 'ਤੇ ਬੰਦ ਰਹੇ। ਨੈਸ਼ਨਲ ਹਾਈਵੇਅ ਭੋਗਪੁਰ 'ਤੇ ਆਦਮਪੁਰ ਟੀ-ਪੁਆਇੰਟ 'ਤੇ ਕਿਸਾਨ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਲਗਭਗ 11 ਵਜੇ ਕਿਸਾਨ ਜਥੇਬੰਦੀਆਂ ਨੇ ਨੈਸ਼ਨਲ ਹਾਈਵੇਅ 'ਤੇ ਚੱਕਾ ਜਾਮ ਕਰ ਦਿੱਤਾ ਗਿਆ ਸੀ, ਜਿਸ ਕਾਰਨ ਨੈਸ਼ਨਲ ਹਾਈਵੇਅ 'ਤੇ ਦੋਵੇਂ ਪਾਸੇ ਵਾਹਨਾਂ ਦੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਇਸ ਦੌਰਾਨ ਇਸ ਜਾਮ 'ਚ ਭਾਰੀ ਵਾਹਨ ਅਤੇ ਕਾਰਾਂ ਫਸ ਗਈਆਂ। ਇਸ ਜਾਮ ਵਿੱਚ ਡੋਲੀ ਵਾਲੀ ਕਾਰ ਫਸਣ ਕਾਰਨ ਵਿਆਹ ਪ੍ਰੋਗਰਾਮ 'ਤੇ ਜਾਣ ਵਾਲੇ ਲੋਕ ਪਰੇਸ਼ਾਨ ਹੁੰਦੇ ਵੇਖੇ ਗਏ।

ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਇਹ ਚੱਕਾ ਜਾਮ 4 ਵਜੇ ਤੱਕ ਜਾਰੀ ਰਹੇਗਾ ਅਤੇ ਕਿਸੇ ਵੀ ਵਾਹਨ ਨੂੰ ਲੰਘਣ ਨਹੀਂ ਦਿੱਤਾ ਜਾਵੇਗਾ। ਸਿਰਫ਼ ਐਬੂਲੈਂਸਾਂ ਜਾਂ ਵਿਆਹਾਂ ਸਮੇਤ ਹੋਰ ਜ਼ਰੂਰੀ ਕੰਮਾਂ 'ਤੇ ਜਾਣ ਵਾਲੇ ਵਾਹਨਾਂ ਨੂੰ ਹੀ ਲੰਘਣ ਦਿੱਤਾ ਜਾ ਰਿਹਾ ਹੈ। ਕਿਸਾਨ ਜਥੇਬੰਦੀਆਂ ਨੇ ਭੋਗਪੁਰ ਸ਼ਹਿਰ ਦੇ ਸਾਰੇ ਦੁਕਾਨਦਾਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤ ਬੰਦ ਦੇ ਸੱਦੇ ਦੌਰਾਨ ਉਨ੍ਹਾਂ ਨੇ ਭਰਪੂਰ ਹੁੰਗਾਰਾ ਦੇ ਕੇ ਕਿਸਾਨ ਜਥੇਬੰਦੀਆਂ ਦੇ ਨਾਲ ਖੜ੍ਹੇ ਹੋਣ ਦਾ ਸਬੂਤ ਦਿੱਤਾ ਹੈ। ਉਨ੍ਹਾਂ ਪੂਰੇ ਪੰਜਾਬ ਵਾਸੀਆਂ ਨੂੰ ਕਿਸਾਨ ਅੰਦੋਲਨ ਵਿੱਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਇਸ ਰੋਸ ਪ੍ਰਦਰਸ਼ਨ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਕਾਰਕੁੰਨ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ ਹੋਰ ਮੁਲਾਜ਼ਮ ਜਥੇਬੰਦੀਆਂ ਅਤੇ ਕਿਸਾਨ ਇਸ ਰੋਸ ਪ੍ਰਦਰਸ਼ਨ ਵਿੱਚ ਭਾਰੀ ਗਿਣਤੀ ਵਿੱਚ ਸ਼ਾਮਲ ਹੋਏ ਹਨ। ਪੂਰੇ ਸ਼ਹਿਰ ਵਿੱਚ ਵਪਾਰਕ ਅਦਾਰੇ ਅਤੇ ਦੁਕਾਨਾਂ ਪੂਰਨ ਤੌਰ 'ਤੇ ਬੰਦ ਹਨ।

ਇਹ ਵੀ ਪੜ੍ਹੋ: ਗੋਰਾਇਆ 'ਚ ਨਹੀਂ ਦਿਸਿਆ ਭਾਰਤ ਬੰਦ ਦਾ ਅਸਰ, ਖੁੱਲ੍ਹੀਆਂ ਦੁਕਾਨਾਂ ਬੰਦ ਕਰਨ ਨੂੰ ਲੈ ਕੇ ਹੋਈ ਬਹਿਸਬਾਜ਼ੀ

ਤੀਜੇ ਗੇੜ ਦੀ ਮੀਟਿੰਗ ਵੀ ਰਹੀ ਬੇਸਿੱਟੇ, MSP ਦੀ ਗਾਰੰਟੀ ਨੂੰ ਲੈ ਕੇ ਨਹੀਂ ਬਣੀ ਸਹਿਮਤੀ 
ਇਥੇ ਇਹ ਵੀ ਦੱਸ ਦੇਈਏ ਕਿ ਚੰਡੀਗੜ੍ਹ ਦੇ ਸੈਕਟਰ 26 ਸਥਿਤ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ਼ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਕਰੀਬ 6 ਘੰਟੇ ਤੱਕ ਚੱਲੀ ਕੱਲ੍ਹ ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਦੀ ਮੀਟਿੰਗ ਕੀਤੀ ਗਈ ਸੀ। ਮੰਤਰੀਆਂ ਨਾਲ ਤੀਜੇ ਗੇੜ ਦੀ ਹੋਈ ਮੀਟਿੰਗ ਵੀ ਬੇਸਿੱਟਾ ਰਹੀ ਹੈ। ਜਾਣਕਾਰੀ ਮੁਤਾਬਕ ਕਿਸਾਨਾਂ ਅਤੇ ਕੇਂਦਰ ਵਿਚਾਲੇ ਐੱਮ. ਐੱਸ. ਪੀ. ਗਾਰੰਟੀ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ।

ਕਿਸਾਨ ਆਗੂਆਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਉਂਝ ਮੀਟਿੰਗ ਵਧੀਆ ਮਾਹੌਲ 'ਚ ਹੋਈ ਹੈ। ਇਸ ਦੌਰਾਨ ਕਿਸਾਨ ਲਗਾਤਾਰ ਐੱਮ. ਐੱਸ. ਪੀ. ਦੀ ਗਾਰੰਟੀ ਦੀ ਮੰਗ 'ਤੇ ਅੜੇ ਹੋਏ ਸਨ ਪਰ ਕਿਸਾਨ ਸੰਗਠਨਾਂ ਅਤੇ ਕੇਂਦਰੀ ਮੰਤਰੀਆਂ ਵਿਚਾਲੇ ਇਸ ਗੱਲ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ। ਹਾਲਾਂਕਿ ਕਿਸਾਨ ਆਗੂਆਂ ਮੁਤਾਬਕ ਇਹ ਮੀਟਿੰਗ ਵਧੀਆ ਮਾਹੌਲ 'ਚ ਹੋਈ ਹੈ ਅਤੇ ਕੇਂਦਰੀ ਮੰਤਰੀਆਂ ਨੇ ਐਤਵਾਰ ਨੂੰ ਇਸ ਬਾਰੇ ਵਧੀਆ ਅਤੇ ਵਿਸਥਾਰਪੂਰਵਕ ਚਰਚਾ ਕਰਨ ਦਾ ਵੀ ਭਰੋਸਾ ਦਿਵਾਇਆ ਹੈ। ਹੁਣ ਕਿਸਾਨਾਂ ਅਤੇ ਕੇਂਦਰ ਵਿਚਾਲੇ ਚੌਥੇ ਗੇੜ ਦੀ ਬੈਠਕ ਐਤਵਾਰ 18 ਜਨਵਰੀ ਨੂੰ ਸੱਦੀ ਗਈ ਹੈ। 

ਇਹ ਵੀ ਪੜ੍ਹੋ: ਜਲੰਧਰ 'ਚ ਭਾਰਤ ਬੰਦ ਦਾ ਅਸਰ, ਬੱਸ ਸਟੈਂਡ 'ਤੇ ਛਾਇਆ ਸੰਨਾਟਾ, ਰੇਲਵੇ ਸਟੇਸ਼ਨ ’ਤੇ ਹਾਲਾਤ ਆਮ, ਵੇਖੋ ਤਸਵੀਰਾਂ

ਜ਼ਿਕਰਯੋਗ ਹੈ ਕਿ ਇਸ ਮੀਟਿੰਗ 'ਚ 17 ਕਿਸਾਨ ਆਗੂਆਂ ਤੋਂ ਇਲਾਵਾ ਦਿੱਲੀ ਤੋਂ ਕੇਂਦਰੀ ਮੰਤਰੀ ਪੀਯੁਸ਼ ਗੋਇਲ, ਅਰਜੁਨ ਮੁੰਡਾ ਅਤੇ ਨਿਤਿਆਨੰਦ ਰਾਏ ਸ਼ਾਮਲ ਹੋਣ ਲਈ ਚੰਡੀਗੜ੍ਹ ਆਏ ਸਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਵਿੱਤ ਮੰਤਰੀ ਹਰਪਾਲ ਚੀਮਾ ਵੀ ਕਿਸਾਨਾਂ ਦਾ ਪੱਖ ਰੱਖਣ ਲਈ ਮੀਟਿੰਗ 'ਚ ਮੌਜੂਦ ਸਨ।

ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ: ਤੇਜ਼ਧਾਰ ਹਥਿਆਰ ਵਿਖਾ ਲੁਟੇਰਿਆਂ ਨੇ ਕਾਰੋਬਾਰੀ ਤੋਂ ਲੁੱਟੀ ਲੱਖਾਂ ਦੀ ਨਕਦੀ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

shivani attri

This news is Content Editor shivani attri