ਭਾਜਪਾ ਮਹਿਲਾ ਵਿੰਗ ਵੱਲੋਂ ਤੀਆਂ ਦਾ ਤਿਉਹਾਰ ਮਨਾਉਣ ’ਤੇ ਭੜਕੇ ਕਿਸਾਨ

08/07/2021 11:52:22 AM

ਖਰੜ (ਅਮਰਦੀਪ) : ਭਾਜਪਾ ਮਹਿਲਾ ਵਿੰਗ ਦੀਆਂ ਔਰਤਾਂ ਵੱਲੋਂ ਭਾਜਪਾ ਮੰਡਲ ਦਫਤਰ ਖਰੜ ਵਿਖੇ ਜਦੋਂ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਸੀ ਤਾਂ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਆਗੂ ਜਸਪਾਲ ਸਿੰਘ ਨਿਆਮੀਆਂ ਅਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਖੂਨੀਮਾਜਰਾ ਦੀ ਅਗਵਾਈ ਵਿਚ ਕਿਸਾਨਾਂ ਨੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਮਾਹੌਲ ਖਰਾਬ ਹੁੰਦਾ ਦੇਖ ਕੇ ਦੇਸੂਮਾਜਰਾ ਪੁਲਸ ਛਾਉਣੀ ਵਿਚ ਤਬਦੀਲ ਹੋ ਗਿਆ। ਕਿਸਾਨਾਂ ਨੇ ਉਨ੍ਹਾਂ ਦਾ ਡੱਟਵਾਂ ਵਿਰੋਧ ਕੀਤਾ ਅਤੇ ਭਾਰਤੀ ਜਨਤਾ ਪਾਰਟੀ ਮੁਰਦਾਬਾਦ ਦੇ ਨਾਅਰੇ ਲਾਏ। ਧਰਨਾਕਾਰੀ ਪੁਲਸ ਤੋਂ ਇਹ ਮੰਗ ਕਰ ਰਹੇ ਸਨ ਕਿ ਅੰਦਰ ਚੱਲ ਰਿਹਾ ਤੀਆਂ ਦਾ ਸਮਾਗਮ ਬੰਦ ਕਰਵਾਇਆ ਜਾਵੇ ਅਤੇ ਦਫਤਰ ਨੂੰ ਤਾਲਾ ਲਾਇਆ ਜਾਵੇ। ਗੁੱਸੇ ਵਿਚ ਆਏ ਕਿਸਾਨਾਂ ਨੇ ਪੁਲਸ ਦੇ ਬੈਰੀਕੇਡ ਤੋੜ ਕੇ ਦਫਤਰ ਵੱਲ ਕੂਚ ਕੀਤਾ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਸਮਾਗਮ ਵਾਲੀ ਥਾਂ ’ਤੇ ਨਾ ਜਾਣ ਦਿੱਤਾ। ਇਸੇ ਰੋਸ ਵਿਚ ਆ ਕੇ ਕੁਝ ਕਿਸਾਨਾਂ ਨੇ ਖਰੜ-ਮੋਹਾਲੀ ਕੌਮੀ ਮਾਰਗ ’ਤੇ ਚੱਕਾ ਜਾਮ ਕਰ ਕੇ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਮੌਕੇ ਜਸਪਾਲ ਸਿੰਘ ਨਿਆਮੀਆਂ ਅਤੇ ਅਮਨਦੀਪ ਅੰਮੂ ਸੈਣੀ ਨੇ ਕਿਹਾ ਕਿ ਇਕ ਪਾਸੇ ਤਾਂ ਦਿੱਲੀ ਕਿਸਾਨੀ ਸੰਘਰਸ਼ ਵਿਚ ਕਿਸਾਨ ਸ਼ਹੀਦੀਆਂ ਪ੍ਰਾਪਤ ਕਰ ਰਹੇ ਹਨ ਅਤੇ ਦੂਜੇ ਪਾਸੇ ਭਾਜਪਾ ਨੂੰ ਤੀਆਂ ਦਾ ਤਿਉਹਾਰ ਦਿਖ ਰਿਹਾ ਹੈ।

ਇਹ ਵੀ ਪੜ੍ਹੋ : ਤਿੰਨ ਥਰਮਲਾਂ ਨਾਲ ਬਿਜਲੀ ਸਮਝੌਤੇ ਰੱਦ ਹੋਏ ਤਾਂ ਪੰਜਾਬ ਨੂੰ ਦੇਣੇ ਪੈਣਗੇ 10,590 ਕਰੋੜ ਰੁਪਏ

ਉਨ੍ਹਾਂ ਮੰਗ ਕੀਤੀ ਕਿ ਜਦੋਂ ਤਕ ਤਿੰਨ ਕਾਲੇ ਕਾਨੂੰਨ ਕੇਂਦਰ ਸਰਕਾਰ ਰੱਦ ਨਹੀਂ ਕਰਦੀ, ਭਾਜਪਾ ਨੂੰ ਕੋਈ ਵੀ ਸਮਾਗਮ ਕਰਨ ਦੀ ਕਿਸਾਨ ਇਜਾਜ਼ਤ ਨਹੀਂ ਦੇਣਗੇ। ਇਸ ਮੌਕੇ ਗੁਰੇਸ਼ਰ ਸਿੰਘ ਸੰਧੂ, ਮੁਖਤਿਆਰ ਰਾਏ (ਦੋਵੇਂ ਐੱਸ. ਪੀ.), ਦੀਪਕ ਰਾਏ, ਰੁਪਿੰਦਰਦੀਪ ਕੌਰ ਸੋਹੀ, ਸੰਜੀਵ ਭੱਟ (ਤਿੰਨੇ ਡੀ. ਐੱਸ. ਪੀ.), ਐੱਸ. ਐੱਚ. ਓ. ਸਦਰ ਅਜੀਤਪਾਲ ਸਿੰਘ, ਬਲੌਂਗੀ ਤੋਂ ਇੰਸਪੈਕਟਰ ਰਾਜਪਾਲ ਸਿੰਘ, ਘੜੂੰਆਂ ਤੋਂ ਹਿੰਮਤ ਸਿੰਘ ਅਤੇ ਚੌਕੀ ਇੰਚਾਰਜ ਸੰਨੀ ਐਨਕਲੇਵ ਹਰਸ਼ ਮੋਹਣ ਗੌਤਮ ਵੀ ਹਾਜ਼ਰ ਸਨ।

ਕਿਸਾਨਾਂ ਨੇ ਔਰਤਾਂ ਖ਼ਿਲਾਫ਼ ਕੀਤੀ ਗਲਤ ਸ਼ਬਦਾਵਲੀ ਦੀ ਵਰਤੋਂ
ਜਦੋਂ ਭਾਜਪਾ ਦੀਆਂ ਮਹਿਲਾ ਵਰਕਰਾਂ ਤੀਆਂ ਦਾ ਤਿਉਹਾਰ ਮਨਾਉਣ ਜਾ ਰਹੀਆਂ ਸਨ ਤਾਂ ਕਿਸਾਨਾਂ ਨੇ ਉਨ੍ਹਾਂ ਪ੍ਰਤੀ ਗਲਤ ਸ਼ਬਦਵਲੀ ਵਰਤੀ ਪਰ ਪੁਲਸ ਨੇ ਉਨ੍ਹਾਂ ਨੂੰ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਤੋਂ ਨਾ ਰੋਕਿਆ, ਜਿਸ ਕਾਰਨ ਔਰਤਾਂ ਵਿਚ ਭਾਰੀ ਰੋਸ ਪਾਇਆ ਗਿਆ।

ਇਹ ਵੀ ਪੜ੍ਹੋ : ਸਿਰਸਾ ਨੇ ਸਰਨਾ ਨੂੰ ਸੰਗਤਾਂ ਲਈ ਬਣਾਏ 125 ਬੈੱਡਾਂ ਦੇ ਹਸਪਤਾਲ ਵਿਰੁੱਧ ਕੇਸ ਵਾਪਸ ਲੈਣ ਦੀ ਕੀਤੀ ਅਪੀਲ    

ਨੋਟ : ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
 

Anuradha

This news is Content Editor Anuradha