ਆਖਰਕਾਰ ਪਹੁੰਚ ਹੀ ਗਈ ਕਿਸਾਨਾਂ ਲਈ ਰਾਹਤ ਦੀ ‘ਗੱਡੀ’, 2 ਮਹੀਨਿਆਂ ਤੋਂ ਅੰਬਾਲੇ ’ਚ ਸੀ ਫਸੀ

11/25/2020 1:52:21 PM

ਗੁਰਦਾਸਪੁਰ (ਹਰਮਨ) - ਕਿਸਾਨ ਅੰਦੋਲਨ ਕਾਰਣ ਪਿਛਲੇ ਕਰੀਬ 2 ਮਹੀਨਿਆਂ ਤੋਂ ਰੇਲ ਆਵਾਜਾਈ ਬੰਦ ਰਹਿਣ ਦੇ ਬਾਅਦ ਆਖਰਕਾਰ ਕਿਸਾਨਾਂ ਨੂੰ ਰਾਹਤ ਦੇਣ ਲਈ ਇਕ ਰੇਲ ਗੱਡੀ ਕਰੀਬ 2200 ਟਨ ਖਾਦ ਲੈ ਕੇ ਗੁਰਦਾਸਪੁਰ ਪਹੁੰਚ ਗਈ ਹੈ। ਇਸ ਖਾਦ ਦੇ ਬਾਅਦ 25 ਨਵੰਬਰ ਨੂੰ ਇਕ ਹੋਰ ਗੱਡੀ ਰਾਹੀਆਂ ਗੁਰਦਾਸਪੁਰ ਜ਼ਿਲ੍ਹੇ ’ਚ 2200 ਟਨ ਯੂਰੀਆ ਖਾਦ ਦੀ ਇਕ ਹੋਰ ਖੇਪ ਜ਼ਿਲ੍ਹੇ ’ਚ ਪਹੁੰਚਣ ਦੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਵੱਲੋਂ ਸ਼ੁਰੂ ਕੀਤੇ ਰੇਲ ਰੋਕੋ ਅੰਦੋਲਨ ਕਾਰਣ ਕਣਕ ਦੇ ਇਸ ਸੀਜ਼ਨ ਵਿਚ ਯੂਰੀਆ ਖਾਦ ਦੀ ਕਿਲਤ ਕਿਸਾਨਾਂ ਲਈ ਗੰਭੀਰ ਸਮੱਸਿਆ ਬਣੀ ਹੋਈ ਸੀ। ਗੁਰਦਾਸਪੁਰ ਜ਼ਿਲ੍ਹੇ ’ਚ ਹਾਲਾਤ ਇਹ ਬਣੇ ਹੋਏ ਸਨ ਕਿ ਕਣਕ ਲਈ ਲੋੜੀਂਦੀ ਯੂਰੀਆ ਦੇ ਮੁਕਾਬਲੇ ਕਰੀਬ 20 ਗੁਣਾਂ ਘੱਟ ਯੂਰੀਆ ਖਾਦ ਪਹੁੰਚੀ ਸੀ, ਜਿਸ ਕਾਰਣ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਹੁਣ ਤੱਕ ਪਹੁੰਚ ਚੁੱਕੀ ਹੈ ਕਰੀਬ 4 ਹਜ਼ਾਰ ਟਨ ਯੂਰੀਆ
ਜ਼ਿਲ੍ਹੇ ’ਚ ਕਣਕ ਹੇਠਲੇ 1 ਲੱਖ 84 ਹਜ਼ਾਰ ਰਕਬੇ ਲਈ ਕਰੀਬ 60 ਹਜ਼ਾਰ ਮੀਟਰਕ ਟਨ ਯੂਰੀਆ ਖਾਦ ਦੀ ਲੋੜ ਹੈ, ਜਿਸ ’ਚੋਂ ਕਰੀਬ 3 ਹਜ਼ਾਰ ਟਨ ਯੂਰੀਆ ਖਾਦ ਹੀ ਪਹੁੰਚੀ ਸੀ। ਇਸ ਦੇ ਬਾਅਦ ਅੱਜ ਪਹੁੰਚੀ ਰੇਲ ਗੱਡੀ ’ਚ ਕਰੀਬ 22 ਟਨ ਖਾਦ ਆਈ, ਜਿਸ ਵਿਚ ਕਰੀਬ 1 ਹਜ਼ਾਰ ਟਨ ਡਾਇਆ ਖਾਦ ਹੈ, ਜਦੋਂਕਿ 750 ਹਜ਼ਾਰ ਟਨ ਦੇ ਕਰੀਬ ਯੂਰੀਆ ਖਾਦ ਪਹੁੰਚੀ ਹੈ।

ਅੱਜ ਹੋਰ ਰੇਲ ਗੱਡੀ ਆਉਣ ਦੀ ਸੰਭਾਵਨਾ : ਡਾ. ਧੰਜੂ
ਜ਼ਿਲ੍ਹਾ ਗੁਰਦਾਸਪੁਰ ਦੇ ਮੁੱਖ ਖੇਤੀਬਾੜੀ ਅਫਸਰ ਡਾ. ਰਮਿੰਦਰ ਸਿੰਘ ਧੰਜੂ ਨੇ ਦੱਸਿਆ ਕਿ ਰੇਲ ਗੱਡੀ ਰਾਹੀਂ ਯੂਰੀਆ ਖਾਦ ਪਹੁੰਚੀ ਹੈ, ਉਸ ’ਚੋਂ ਕਰੀਬ 80 ਫੀਸਦੀ ਹਿੱਸਾ ਸਹਿਕਾਰੀ ਸੋਸਾਇਟੀਆਂ ਨੂੰ ਭੇਜਿਆ ਗਿਆ ਹੈ, ਜਦੋਂਕਿ ਬਾਕੀ ਦੀ ਖਾਦ ਡੀਲਰਾਂ ਰਾਹੀਂ ਵੰਡੀ ਜਾਵੇਗੀ। ਉਨ੍ਹਾਂ ਕਿਹਾ ਕਿ 25 ਦਸੰਬਰ ਨੂੰ ਮੁੜ ਯੂਰੀਆ ਖਾਦ ਦਾ ਇਕ ਰੈਕ ਲੱਗੇਗਾ, ਜਿਸ ਦੇ ਬਾਅਦ ਬਟਾਲਾ ਵਿਚ ਵੱਖਰਾ ਰੈਂਕ ਲੱਗੇਗਾ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਦੀ ਸਪਲਾਈ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਕਿਸਾਨਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਕੁਝ ਹੀ ਦਿਨਾਂ ਵਿਚ ਖਾਦ ਸਾਰੇ ਜ਼ਿਲ੍ਹੇ ’ਚ ਆਮ ਵਾਂਗ ਖਾਦ ਮਿਲਣੀ ਸ਼ੁਰੂ ਹੋ ਜਾਵੇਗੀ।

ਮੌਸਮ ਦਾ ਧਿਆਨ ਰੱਖ ਕੇ ਹੀ ਖਾਦ ਦੀ ਵਰਤੋਂ ਕਰਨ ਕਿਸਾਨ : ਡਾ. ਠਾਕੁਰ
ਖੇਤੀਬਾੜੀ ਅਧਿਕਾਰੀ ਡਾ.ਰਣਧੀਰ ਠਾਕੁਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਕ ਖਾਦ ਦੀ ਕੋਈ ਕਮੀ ਨਹੀਂ ਆਵੇਗੀ ਅਤੇ ਕਿਸਾਨ ਲੋੜ ਅਨੁਸਾਰ ਖਾਦ ਦੀ ਖ਼ਰੀਦ ਕਰਨ। ਅਜੇ ਕਣਕ ਦੀ ਫ਼ਸਲ ਨੂੰ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਪੈਣੀ ਹੈ ਅਤੇ ਲੋਕ ਜ਼ਰੂਰਤ ਅਨੁਸਾਰ ਖਾਦ ਖ਼ਰੀਦਣ। ਉਨ੍ਹਾਂ ਕਿਹਾ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 1-2 ਦਿਨਾਂ ਵਿਚ ਕੁਝ ਥਾਵਾਂ ’ਤੇ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਲਈ ਕਿਸਾਨ ਮੌਸਮ ਨੂੰ ਧਿਆਨ ਵਿਚ ਰੱਖ ਕੇ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਤੋਂ ਜ਼ਿਆਦਾ ਖਾਦ ਦੀ ਖ਼ਰੀਦ ਨਾ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕੋਈ ਡੀਲਰ ਉਨ੍ਹਾਂ ਕੋਲੋਂ ਕਿਸੇ ਖਾਦ ਦਾ ਮੁੱਲ ਨਿਰਧਾਰਤ ਰੇਟ ਤੋਂ ਜ਼ਿਆਦਾ ਵਸੂਲ ਕਰਦਾ ਹੈ ਤਾਂ ਤੁਰੰਤ ਉਸ ਦੀ ਸ਼ਿਕਾਇਤ ਖੇਤੀਬਾੜੀ ਵਿਭਾਗ ਕੋਲ ਕੀਤੀ ਜਾਵੇ।

rajwinder kaur

This news is Content Editor rajwinder kaur