ਖੇਤੀ ਮੋਟਰਾਂ ਲਈ ਪੂਰੀ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਕਿਸਾਨਾਂ ਨੇ ਕੀਤਾ ਬਿਜਲੀ ਗਰਿੱਡ ਗੁੱਜਰਾਂ ਦਾ ਘਿਰਾਓ

10/09/2021 4:04:25 PM

ਦਿੜ੍ਹਬਾ ਮੰਡੀ (ਅਜੈ) : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਪਿੰਡ ਇਕਾਈ ਗੁੱਜਰਾਂ, ਮੌੜਾ ਅਤੇ ਖਾਨਪੁਰ ਵਲੋਂ ਬਿਜਲੀ ਗਰਿੱਡ ਗੁੱਜਰਾਂ (ਦਿੜ੍ਹਬਾ) ਦਾ ਬਲਾਕ ਆਗੂ ਨੈਬ ਸਿੰਘ ਗੁੱਜਰਾਂ ਦੀ ਅਗਵਾਈ ਹੇਠ ਧਰਨਾ ਦੇ ਕੇ ਘਿਰਾਓ ਕੀਤਾ ਗਿਆ ਤੇ ਸਰਕਾਰ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਧਰਨੇ ਵਿਚ ਵੱਡੀ ਗਿਣਤੀ ਕਿਸਾਨ, ਮਜ਼ਦੂਰ, ਔਰਤਾਂ ਅਤੇ ਨੌਜਵਾਨ ਸ਼ਾਮਲ ਹੋਏ। ਇਸ ਧਰਨੇ ਨੂੰ ਸੰਬੋਧਨ ਕਰਦੇ ਹੋਏ ਕਿਸਾਨ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਚੋਣਾਂ ਮੌਕੇ ਸੂਬੇ ਦੇ ਲੋਕਾਂ ਨਾਲ ਕੀਤੇ ਗਏ ਵੱਡੇ-ਵੱਡੇ ਵਾਅਦੇ ਜੋ ਹੁਣ ਤੱਕ ਵਫਾ ਨਹੀਂ ਹੋਏ, ਕਾਂਗਰਸ ਵੱਲੋਂ ਮੁੱਖ ਮੰਤਰੀ ਬਦਲ ਕੇ ਸੂਬੇ ਦੇ ਕਿਰਤੀਆਂ ਨੂੰ ਭੰਬਲ ਭੂਸੇ ਵਿਚ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਲੋਕ ਇੰਨ੍ਹੇ ਵੀ ਮੂਰਖ ਨਹੀਂ ਕਿ ਇਨ੍ਹਾਂ ਦੀਆਂ ਚਾਲਾ ਤੋਂ ਜਾਣੂ ਨਹੀਂ।

ਉਨ੍ਹਾਂ ਕਿਹਾ ਕਿ ਨਵਾਂ ਮੁੱਖ ਮੰਤਰੀ ਕੰਧਾਂ ’ਤੇ ਬੈਠ ਕੇ ਫੋਟੋਆਂ ਖਿਚਵਾ ਕੇ ਪਾਖੰਡ ਕਰ ਰਿਹਾ ਹੈ ਪਰ ਜ਼ਮੀਨੀ ਪੱਧਰ ’ਤੇ ਕੋਈ ਕੰਮ ਨਹੀਂ ਹੋ ਰਿਹਾ । ਕਿਸਾਨਾਂ ਨੂੰ ਸਿਰਫ 15-20 ਦਿਨ ਜੀਰੀ ਲਈ ਖੇਤੀ ਮੋਟਰਾਂ ਲਈ ਬਿਜਲੀ ਚਾਹੀਦੀ ਹੈ ਪਰ ਹੁਣ ਸਿਰਫ਼ 3 ਤੋਂ 4 ਘੰਟੇ ਹੀ ਖੇਤੀ ਮੋਟਰਾਂ ਲਈ ਬਿਜਲੀ ਮਿਲ ਰਹੀ ਹੈ। ਕਿਸਾਨ ਗਰਿੱਡ ਘੇਰ ਕੇ ਬੈਠੇ ਹਨ ਪਰ ਸਰਕਾਰ ਇਸ ਮਾਮਲੇ ’ਤੇ ਚੁੱਪ ਹੈ ਕੋਈ ਗੱਲ ਕਰਨ ਲਈ ਤਿਆਰ ਨਹੀਂ, ਧਰਨੇ ਨੂੰ ਸੰਬੋਧਨ ਕਰਦੇ ਹੋਏ ਬਲਾਕ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ ਨੇ ਕਿਹਾ ਕਿ ਜੇ ਸਰਕਾਰ ਨੇ ਕਿਸਾਨਾਂ ਦੀ ਬਿਜਲੀ ਦੀ ਮੰਗ ਨੂੰ ਪੂਰਾ ਨਾ ਕੀਤਾ ਤਾਂ ਕਿਸਾਨ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।

ਝੋਨੇ ਦੀ ਖਰੀਦ ਨੂੰ ਲੈਕੇ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਤੇ ਮੰਡੀਆਂ ਵਿਚ ਠੁੱਡੇ ਮਾਰੇ ਜਾਂਦੇ ਹਨ ਜਦੋਂ ਦੇਸ਼ ਭੁੱਖਾ ਮਰਦਾ ਸੀ ਤਾਂ ਦੇਸ਼ ਦੇ ਹਾਕਮ, ਲੋਕਾਂ ਦਾ ਢਿੱਡ ਭਰਨ ਲਈ ਅਮਰੀਕਾ ਵਰਗੇ ਦੇਸ਼ਾਂ ਦੇ ਤਰਲੇ ਕਰਦੇ ਸੀ ਪਰ ਜਦੋਂ ਦੇਸ਼ ਦੇ ਕਿਰਤੀ ਲੋਕਾਂ ਨੇ ਮਿਹਨਤ ਨਾਲ ਅਨਾਜ ਦੇ ਗੁਦਾਮ ਭਰ ਦਿੱਤੇ ਸਨ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰੂਪ ਸਿੰਘ, ਭਰਪੂਰ ਸਿੰਘ ਮੌੜਾ, ਦਰਸ਼ਨ ਸਿੰਘ, ਲਾਲ ਸਿੰਘ ਖਾਨਪੁਰ, ਲਛਮਣ ਸਿੰਘ, ਬਲਵੀਰ ਸਿੰਘ, ਮਿੱਠੂ ਸਿੰਘ ਗੁੱਜਰਾ ਬਲਜਿੰਦਰ ਕੌਰ, ਮਹਿੰਦਰ ਕੋਰ ਅਤੇ ਪਰਮਜੀਤ ਕੌਰ ਗੁੱਜਰਾਂ ਵੀ ਸ਼ਾਮਲ ਸਨ।

Gurminder Singh

This news is Content Editor Gurminder Singh